(ਸਮਾਜ ਵੀਕਲੀ)
ਦਰਾਂ ‘ਤੇ ਆਣ ਜੋ ਬਾਰਸ਼ ਖੜ੍ਹੀ ਏ,
ਇਹ ਪੀਂਘਾਂ ਨਾਲ਼ ਤਾਂ ਧੋਖਾਧੜੀ ਏ।
ਅਜੇ ਤਾਂ ਸਾਉਣ ਦੇ ਦਿਨ ਸੌਂਣ ਦੇ ਨੇ
ਥਕੇਵਾਂ ਭਾਦਰੋਂ ਦਾ ਲਾਹੁਣ ਦੇ ਨੇ।
ਇਹ ਪੌਣਾਂ ਜੋ ਕਵੇਲ਼ੇ ਲਾਉਣ ਛਾਲ਼ਾਂ,
ਇਹਨਾਂ ਨੇ ਖਾਣੀਆਂ ਨੇ ਮਾਂ ਤੋਂ ਗਾਲ਼ਾਂ।
ਸਫ਼ੈਦੇ ਨੇ ਕਲ਼ੇਜਾ ਫੜ੍ਹ ਲਿਆ ਏ,
ਨਹਾ ਕੇ ਸੂਟ ਗਿੱਲਾ ਕਰ ਲਿਆ ਏ।
ਬੇਰੀਆਂ ਨਿੱਖਰ ਆਈਆਂ ਸਿਰ ਨਹਾ ਕੇ,
ਲਟਾਂ ਉੱਤੇ ਕਚੂਰੀ ਰੰਗ ਲਾ ਕੇ।
ਕਿ ਛੱਲੀ ਵੀ ਪੁਸ਼ਾਕਾਂ ਪਾਉਣ ਲੱਗੀ,
ਸੁਨਹਿਰੀ ਰੰਗ ਕੇਸੀਂ ਲਾਉਣ ਲੱਗੀ।
ਹੈ ਬੱਦਲ਼ ਲੰਘਦਾ ਖੁਸ਼ਬੋ ਲਗਾ ਕੇ,
ਘਟਾਵਾਂ ਨੂੰ ਮਿਲ਼ਨ ਦੇ ਖ਼ਤ ਫੜਾ ਕੇ।
ਇਹ ਜਿਹੜਾ ਅੰਬਰਾਂ ਤੋਂ ਵਰ੍ਹ ਰਿਹਾ ਏ,
ਸਾਡੇ ਦਾਣੇ ਸ਼ਰਾਬੀ ਕਰ ਰਿਹਾ ਏ।
ਇਹ ਜੋ ਸਰਘੀ ਦੇ ਵੇਲ਼ੇ ਗਾ ਰਹੇ ਨੇ,
ਰੁਹਾਨੀ ਸਿਲਸਿਲਾ ਸਮਝਾ ਰਹੇ ਨੇ।
ਤੇ ਰਮਜ਼ ਮਹੀਨ ਹੁੰਦੀ ਜਾ ਰਹੀ ਏ,
ਰੁੱਤ ਨਮਕੀਨ ਹੁੰਦੀ ਜਾ ਰਹੀ ਏ।
ਉਹ ਕਿੰਨਾ ਕੁ ਸਮਰਪਣ ਲੈ ਗਏ ਨੇ?
ਜੋ ਕਾਂਵੜ ਸ਼ਿਵਪੁਰੀ ਦੇ ਰਾਹ ਪਏ ਨੇ।
ਆਪਣੀ ਚਾਲੇ ਲੁਕਾਈ ਚੱਲ ਰਹੀ ਏ,
ਮੁਹੱਬਤ ਬੰਦਗੀ ਵਿੱਚ ਢਲ਼ ਰਹੀ ਏ।
ਜੋ ਮੇਰੀ ਰੂਹ ਦੇ ਅੰਦਰ ਫੁੱਟਿਆ ਏ,
ਇਹਨੇ ਗਲ਼ ਬੇਦਿਲੀ ਦਾ ਘੁੱਟਿਆ ਏ।
ਮੈਂ ਰਹਿਬਰ ਦੇ ਇਸ਼ਕ ਨੂੰ ਮਾਣਿਆ ਏ,
ਅਜੇ ਅੱਧੇ ਤੋਂ ਅੱਧਾ ਜਾਣਿਆ ਏ।
~ ਰਿਤੂ ਵਾਸੂਦੇਵ


