(ਸਮਾਜ ਵੀਕਲੀ)
ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਤਾਂ ਦੇਖਿਆ ਕਿ ਗੁਰਦੁਆਰਾ ਸਾਹਿਬ ਦੇ ਹਾਲ ਵਿੱਚੋਂ ਕਿਸੇ ਬਜ਼ੁਰਗ ਦੀਆਂ ਹਲਕੀਆਂ -ਹਲਕੀਆਂ ਕਰਾਹੁਣ ਦੀਆਂ ਆਵਾਜ਼ਾਂ ਆ ਰਹੀਆਂ ਸਨ । ਬਦੋਬਦੀ ਮੇਰੇ ਪੈਰ ਉੱਧਰ ਨੂੰ ਹੋ ਤੁਰੇ । ਜਾ ਕੇ ਦੇਖਿਆ ਤਾਂ ਇਹ ਉਹੀ ਬਜ਼ੁਰਗ ਸਨ ਜਿਹੜੇ ਹਰ ਰੋਜ਼ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਤੇ ਬੈਠੇ ਰਹਿੰਦੇ ਸਨ। ਉਨ੍ਹਾਂ ਦੇ ਪੈਰ ਤੇ ਪੱਟੀ ਬੰਨ੍ਹੀ ਹੋਈ ਦੇਖ ਮੈਂ ਪੁੱਛਿਆ,” ਕੀ ਹੋ ਗਿਆ ਬਜ਼ੁਰਗੋ ? ਇੰਨੇ ਦਿਨ ਤੋਂ ਤੁਸੀਂ ਨਜ਼ਰ ਵੀ ਨਹੀਂ ਸੀ ਆ ਰਹੇ ?”
“ਬਸ ਪੁੱਤਰਾ , ਅੰਦਰੋਂ ਹੀ ਕੋਈ ਬਿਮਾਰੀ ਨਿਕਲ ਆਈ ਤੇ ਪੈਰ ਦੀ ਚਮੜੀ ਬੁਰੀ ਤਰ੍ਹਾਂ ਖਰਾਬ ਹੋ ਗਈ । ਮੈਂ ਤਾਂ ਦਸ ਦਿਨ ਹਸਪਤਾਲ ਦਾਖ਼ਲ ਰਿਹਾ । ਹੁਣ ਤਾਂ ਕਾਫੀ ਬਿਹਤਰ ਪਹਿਲਾਂ ਤੋਂ …….।
“…..ਤੇ ਤੁਹਾਡਾ ਪਰਿਵਾਰ ਬਾਬਾ ਜੀ …..?” ਨਾ ਚਾਹੁੰਦੇ ਹੋਏ ਵੀ ਮੇਰੇ ਮੂੰਹੋਂ ਨਿਕਲ ਹੀ ਗਿਆ।
” ਕਾਹਦਾ ਪਰਿਵਾਰ ਪੁੱਤ….. ਚਾਰ ਮੁੰਡੇ ਇਹਦੇ….. ਸਭ ਦੀਆਂ ਆਲੀਸ਼ਾਨ ਕੋਠੀਆਂ…. ਪਰ ਏਸ ਵਿਚਾਰੇ ਲਈ ਦੋ ਫੁਲਕੇ ਨਹੀਂ ਕਿਸੇ ਕੋਲ….।” ਉਸ ਬਜ਼ੁਰਗ ਦੇ ਕੋਲ ਹੀ ਬੈਠੇ ਇੱਕ ਹੋਰ ਬਜ਼ੁਰਗ ਨੇ ਤਲਖ਼ੀ ਜਿਹੀ ‘ਚ ਕਿਹਾ।
” ਪਰ ਦੇਖ ਲੈ ਪੁੱਤ …..ਪਰਿਵਾਰ ਨੇ ਤਾਂ ਮੈਨੂੰ ਏਸ ਉਮਰ ‘ਚ ਪੁੱਛਿਆ ਨਹੀਂ ਪਰ ਗੁਰੂਘਰ ਜਿਸ ਦਿਨ ਦਾ ਆਇਆ… ਇੱਕ ਦਿਨ ਵੀ ਭੁੱਖਾ ਨਹੀਂ ਸੁੱਤਾ । ਤਿੰਨੋਂ ਟਾਈਮ ਰੱਜ ਕੇ ਰੋਟੀ ਖਾਂਦਾ ਮੈਂ। “ਅੱਛਾ ਜੀ !” ਮੈਂ ਮੁਸਕਰਾਉਂਦਿਆਂ ਹੋਇਆਂ ਕਿਹਾ।
“ਪਰ ਬਾਬਾ ਜੀ ਤੁਹਾਡੀ ਦੇਖਭਾਲ ਕੌਣ…..?”
” ਆਹ ਦੇਖ ਪੁੱਤ …..ਮੇਰੇ ਵਰਗੇ ਈ ਮੇਰੇ ਬਜ਼ੁਰਗ ਸਾਥੀਆਂ ਨੇ ਮੇਰਾ ਇੰਨਾ ਧਿਆਨ ਰੱਖਿਆ ਕਿ ਹੁਣ ਤਾਂ ਮੈਂ ਉੱਠਣ -ਬੈਠਣ ਜੋਗਾ ਵੀ ਹੋ ਗਿਆ। ਬਸ ਉਸ ਵਾਹਿਗੁਰੂ ਨੇ ਮੇਰੀ ਬਾਂਹ ਫੜ ਲਈ । ਨਹੀਂ ਤਾਂ ਪਤਾ ਨਹੀਂ ਕਿੱਥੇ ਰੁਲਦਾ …..” ਕਹਿੰਦਿਆਂ ਉਸ ਦੀਆਂ ਅੱਖਾਂ ਸਿੰਮ ਪਈਆਂ ।
ਕੋਲ ਬੈਠੇ ਬਜ਼ੁਰਗ ਨੇ ਉਸ ਨੂੰ ਕਲਾਵੇ ਵਿੱਚ ਲੈ ਲਿਆ “ਓ ਹੁਣ ਤਾਂ ਤੇਰਾ ਗੁਰੂਘਰ ਨਾਲ ਰਿਸ਼ਤਾ ਜੁੜ ਗਿਆ ਤੈਨੂੰ ਫੇਰ ਹੋਰ ਭਲਾ ਕਿਹੜੇ ਰਿਸ਼ਤਿਆਂ ਦੀ ਲੋੜ …?” ਦੂਜੇ ਬਜ਼ੁਰਗ ਦੀ ਗੱਲ ਸੁਣਦਿਆਂ ਹੀ ਉਸ ਬਜ਼ੁਰਗ ਦੇ ਤੇ ਮੇਰੇ ਵੀ ਉਦਾਸ ਚਿਹਰੇ ਤੇ ਮੁਸਕੁਰਾਹਟ ਫੈਲ ਗਈ ਤੇ ਮੈਂ ਉਨ੍ਹਾਂ ਤੋਂ ਇਜਾਜ਼ਤ ਲੈ ਮੱਥਾ ਟੇਕਣ ਗਈ ਪ੍ਰਮਾਤਮਾ ਦਾ ਧੰਨਵਾਦ ਕਰਨ ਲੱਗੀ।
ਲੇਖਿਕਾ ਮਨਪ੍ਰੀਤ ਕੌਰ ਭਾਟੀਆ
ਐਮ.ਏ, ਬੀ.ਐਡ ।
ਫਿਰੋਜ਼ਪੁਰ ਸ਼ਹਿਰ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly