ਅੰਮ੍ਰਿਤਸਰ, (ਸਮਾਜ ਵੀਕਲੀ) : ਇੱਥੋਂ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ 11 ਨਵੰਬਰ ਤੋਂ 6 ਹੋਰ ਘਰੇਲੂ ਉਡਾਣਾਂ ਸ਼ੁਰੂ ਹੋ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦਿੱਤੀ, ਜੋ ਕਿ ਹਵਾਈ ਅੱਡਾ ਕਮੇਟੀ ਦੇ ਮੈਂਬਰ ਵੀ ਹਨ। ਉਨ੍ਹਾਂ ਅੱਜ ਹਵਾਈ ਅੱਡੇ ਦਾ ਦੌਰਾ ਕੀਤਾ ਤੇ ਏਅਰਪੋਰਟ ਡਾਇਰੈਕਟਰ ਸਣੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਇੱਥੇ ਸ੍ਰੀ ਔਜਲਾ ਨੇ ਦੱਸਿਆ ਕਿ ਹਵਾਈ ਕੰਪਨੀ ਗੋ-ਏਅਰ ਵੱਲੋਂ ਅੰਮ੍ਰਿਤਸਰ ਤੋਂ ਛੇ ਹੋਰ ਨਵੀਆਂ ਘਰੇਲੂ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਜੋ 11 ਨਵੰਬਰ ਤੋਂ ਆਰੰਭ ਹੋਣਗੀਆਂ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਤੋਂ ਦਿੱਲੀ ਲਈ ਰੋਜ਼ਾਨਾ ਤਿੰਨ ਨਵੀਆਂ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਜੋ ਸਵੇਰੇ 7 ਵਜੇ, ਬਾਅਦ ਦੁਪਹਿਰ 3 ਵਜੇ ਅਤੇ ਸ਼ਾਮ 8.15 ਵਜੇ ਇੱਥੋਂ ਦਿੱਲੀ ਲਈ ਰਵਾਨਾ ਹੋਣਗੀਆਂ। ਇਸ ਤੋਂ ਇਲਾਵਾ ਦੋ ਉਡਾਣਾਂ ਅੰਮ੍ਰਿਤਸਰ ਤੋਂ ਮੁੰਬਈ ਲਈ ਸ਼ੁਰੂ ਹੋ ਰਹੀਆਂ ਹਨ, ਜਿਨ੍ਹਾਂ ਦਾ ਸਮਾਂ ਸਵੇਰੇ 11.30 ਵਜੇ ਅਤੇ ਸ਼ਾਮ 8.45 ਵਜੇ ਹੋਵੇਗਾ। ਅੰਮ੍ਰਿਤਸਰ ਤੋਂ ਸ੍ਰੀਨਗਰ ਲਈ ਇਕ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ, ਜੋ ਰੋਜ਼ਾਨਾ 12.10 ਵਜੇ ਇਥੋਂ ਸ੍ਰੀਨਗਰ ਲਈ ਉਡਾਣ ਭਰੇਗੀ।
ਕੇਂਦਰੀ ਮੰਤਰੀ ਨੇ ਨਾਂਦੇੜ ਲਈ ਉਡਾਣ ਮੁੜ ਸ਼ੁਰੂ ਕਰਨ ਦੀ ਹਾਮੀ ਭਰੀ: ਔਜਲਾ
ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਕੇਂਦਰੀ ਹਵਾਬਾਜ਼ੀ ਮੰਤਰੀ ਨੂੰ ਉਨ੍ਹਾਂ ਨੇ ਇਕ ਪੱਤਰ ਭੇਜ ਕੇ ਨਾਂਦੇੜ ਅਤੇ ਪਟਨਾ ਸਾਹਿਬ ਲਈ ਬੰਦ ਕੀਤੀਆਂ ਉਡਾਣਾਂ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਸੀ। ਪੱਤਰ ਦੇ ਜਵਾਬ ਵਿੱਚ ਕੇਂਦਰੀ ਮੰਤਰੀ ਨੇ ਨਾਂਦੇੜ ਲਈ ਹਫ਼ਤੇ ਵਿੱਚ ਇਕ ਉਡਾਣ ਸ਼ੁਰੂ ਕਰਨ ਦੀ ਹਾਮੀ ਭਰੀ ਹੈ, ਪਰ ਪਟਨਾ ਸਾਹਿਬ ਲਈ ਉਡਾਣ ਸ਼ੁਰੂ ਕਰਨ ਤੋਂ ਅਜੇ ਟਾਲਾ ਵੱਟਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly