ਤਲਾਸ਼ੀ ਮੁਹਿੰਮ ਜੰਮੂ ਦੇ ਖਾਬਲਾ ਵਣ ਖੇਤਰ ਤੱਕ ਵਧੀ

ਜੰਮੂ (ਸਮਾਜ ਵੀਕਲੀ): ਖਾਬਲਾ ਵਣ ਖੇਤਰ ਵਿੱਚ ਅਤਿਵਾਦੀਆਂ ਦੀ ਸੂਹ ਲੱਗਣ ’ਤੇ ਸੁਰੱਖਿਆ ਬਲਾਂ ਵੱਲੋਂ ਅੱਜ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੇ ਮੱਦੇਨਜ਼ਰ ਜੰਮੂ ਤੇ ਕਸ਼ਮੀਰ ਦੇ ਰਾਜੌਰੀ ਤੋਂ ਥਾਣਾਮੰਡੀ ਸੰਪਰਕ ਸੜਕ ’ਤੇ ਥੋੜ੍ਹੇ ਸਮੇਂ ਲਈ ਆਵਾਜਾਈ ਰੋਕ ਦਿੱਤੀ ਗਈ। ਇਹ ਜਾਣਕਾਰੀ ਅਧਿਕਾਰੀਆਂ ਨੇ ਸਾਂਝੀ ਕੀਤੀ। ਜ਼ਿਕਰਯੋਗ ਹੈ ਕਿ ਰਾਜੌਰੀ ਜ਼ਿਲ੍ਹੇ ਵਿੱਚ ਥਾਨਾਮੰਡੀ ਅਤੇ ਪੁਣਛ ਜ਼ਿਲ੍ਹੇ ਵਿੱਚ ਸੂਰਨਕੋਟ ਤੇ ਮੇਂਧੜ ਵਿੱਚ ਸੁਰੱਖਿਆ ਬਲਾਂ ਦਾ ਅਪਰੇਸ਼ਨ ਅੱਜ 27ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਪੁਣਛ-ਰਾਜੌਰੀ ਵਣ ਖਿੱਤੇ ਵਿੱਚ ਜਦੋਂ ਅਤਿਵਾਦੀਆਂ ਨੂੰ ਕਾਬੂ ਕਰਨ ਲਈ ਅਪਰੇਸ਼ਨ ਚਲਾਇਆ ਜਾ ਰਿਹਾ ਸੀ ਤਾਂ ਸੁਰੱਖਿਆ ਬਲਾਂ ਨੂੰ ਅੱਜ ਮੁਗਲ ਰੋਡ ਨਾਲ ਲੱਗਦੇ ਖਾਬਲਾ ਜੰਗਲੀ ਇਲਾਕੇ ਵਿੱਚ ਤੜਕੇ ਅਤਿਵਾਦੀਆਂ ਦੀ ਹਲਚਲ ਦੀ ਸੂਹ ਮਿਲੀ। ਉਨ੍ਹਾਂ ਦੱਸਿਆ ਕਿ ਇਹ ਅਪਰੇਸ਼ਨ ਫ਼ੌਜ ਤੇ ਪੁਲੀਸ ਵੱਲੋਂ ਸਾਂਝੇ ਤੌਰ ’ਤੇ ਆਰੰਭਿਆ ਗਿਆ ਪਰ ਇਸ ਦੌਰਾਨ ਅਤਿਵਾਦੀਆਂ ਦਾ ਕੋਈ ਸੁਰਾਗ ਨਹੀਂ ਲੱਗਿਆ। ਉਨ੍ਹਾਂ ਦੱਸਿਆ ਕਿ ਅਪਰੇਸ਼ਨ ਦੇ ਮੱਦੇਨਜ਼ਰ ਰਾਜੌਰੀ-ਥਾਣਾਮੰਡੀ ਸੜਕ ’ਤੇ ਸੁਰੱਖਿਆ ਕਾਰਨਾਂ ਕਰਕੇ ਥੋੜ੍ਹੇ ਸਮੇਂ ਲਈ ਆਵਾਜਾਈ ਰੋਕੀ ਗਈ।

ਗ਼ੌਰਤਲਬ ਹੈ ਕਿ ਸੂਰਨਕੋਟ ਵਣ ਵਿੱਚ 11 ਅਕਤੂਬਰ ਨੂੰ ਤਲਾਸ਼ੀ ਮੁਹਿੰਮ ਦੇ ਪਹਿਲੇ ਦਿਨ ਅਤੇ ਤੇ ਮੇਂਧੜ ਵਣ ਖੇਤਰ ਵਿੱਚ 14 ਅਕਤੂਬਰ ਨੂੰ ਅਤਿਵਾਦੀਆਂ ਨਾਲ ਵੱਖੋ ਵੱਖਰੇ ਮੁਕਾਬਲਿਆਂ ’ਚ ਨੌਂ ਜਵਾਨ ਸ਼ਹੀਦ ਹੋ ਗਏ ਸਨ। ਇਨ੍ਹਾਂ ਵਿੱਚ ਦੋ ਜੂਨੀਅਰ ਕਮਿਸ਼ਨਡ ਅਫਸਰ ਸ਼ਾਮਲ ਸਨ। ਇਸ ਤਰ੍ਹਾਂ 24 ਅਕਤੂਬਰ ਨੂੰ ਪਾਕਿਸਤਾਨੀ ਦਹਿਸ਼ਤਗਰਦ ਜ਼ਿਆ ਮੁਸਤਫ਼ਾ, ਜਿਸ ਨੂੰ ਜੰਮੂ ਦੀ ਕੋਟ ਭਲਵਾਲ ਕੇਂਦਰੀ ਜੇਲ੍ਹ ਤੋਂ ਮੇਂਧੜ ਪੁੱਛਗਿੱਛ ਲਈ ਤਬਦੀਲ ਕੀਤਾ ਗਿਆ ਸੀ, ਨੂੰ ਉਦੋਂ ਅਤਿਵਾਦੀਆਂ ਨੇ ਮਾਰ ਮੁਕਾਇਆ ਜਦੋਂ ਸੁਰੱਖਿਆ ਜਵਾਨ ਉਸ ਨੂੰ ਆਪਣੇ ਨਾਲ ਭੱਟੀ ਦੂਰੀਆਂ ਜੰਗਲ ਵਿੱਚ ਛੁਪਣਗਾਹ ਦੀ ਪਛਾਣ ਲਈ ਲੈ ਕੇ ਗਏ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਛੇ ਘਰੇਲੂ ਉਡਾਣਾਂ 11 ਤੋਂ
Next articleਜਿਨਪਿੰਗ ਦੇ ਰਾਸ਼ਟਰਪਤੀ ਬਣੇ ਰਹਿਣ ’ਤੇ ਅਗਲੇ ਹਫ਼ਤੇ ਲੱਗ ਸਕਦੀ ਹੈ ਮੋਹਰ