ਕੁਲਦੀਪ ਸਿੰਘ ਸਾਹਿਲ
(ਸਮਾਜ ਵੀਕਲੀ) ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੂੰ ਸਾਰੀ ਦੁਨੀਆਂ ਦੇ ਗੁਰੂ ਕਿਹਾ ਜਾਂਦਾ ਹੈ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ।
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
ਜਿਸ ਸਮੇਂ ਗੁਰੂ ਨਾਨਕ ਦੇਵ ਜੀ ਨੇ 15 ਅਪ੍ਰੈਲ 1469 ਨੂੰ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਮਹਿਤਾ ਕਾਲੂ ਜੀ ਦੇ ਘਰ ਜਨਮ ਲਿਆ ਉਸ ਸਮੇਂ ਨੂੰ ਕਲਯੁਗ ਕਰਕੇ ਵੀ ਪੁਕਾਰਿਆ ਜਾਂਦਾ ਸੀ ਕਿਉਂਕਿ ਉਸ ਵੇਲੇ ਲੋਕਾਂ ਵਿਚ ਗਿਆਨ ਦਾ ਇਨਾਂ ਵਿਕਾਸ ਨਹੀਂ ਸੀ ਹੋਇਆ ਇਹ ਉਹ ਸਮਾਂ ਸੀ ਜਦ ਵਹਿਮਾਂ, ਭਰਮਾਂ, ਊਚ ਨੀਚ, ਵਰਨ ਅਨੇਕਤਾ, ਕਰਮ ਕਾਂਡ, ਵਿਖਾਵਾ ਅਤੇ ਮਨੁੱਖੀ ਜਾਮੇ ਵਿੱਚ ਵਿਚਰ ਰਹੇ ਅਧਰਮੀ ਰਾਜਿਆਂ ਤੇ ਲਾਲਚੀ ਧਾਰਮਿਕ ਆਗੂਆਂ ਦਾ ਬੋਲ ਬਾਲਾ ਸੀ। ਸਿੱਟੇ ਵਜੋਂ ਲੋਕੀਂ ਕਿਸੇ ਤਰ੍ਹਾਂ ਦਾ ਗਿਆਨ ਨਾ ਹੋਣ ਕਰਕੇ ਵਕਤੀ ਹਾਕਮ ਦੀ “ਚੜ੍ਹਦੇ ਸੂਰਜ ਨੂੰ ਸਲਾਮ” ਵਾਲੀ ਕਹਾਵਤ ਅਨੁਸਾਰ ਪੂਜਾ ਕਰਦੇ ਸਨ ਅਤੇ ਉਸਦਾ ਸੁਭਾਅ, ਆਚਰਨ, ਤੌਰ ਤਰੀਕੇ ਆਦਿ ਵੀ, ਉਸ ਨੂੰ ਖੁਸ਼ ਕਰਨ ਲਈ ਅਪਨਾ ਲੈਂਦੇ ਸਨ। ਗਿਆਨ ਨਾ ਹੋਣ ਕਰਕੇ ਮਨੁੱਖੀ ਜੀਵਨ ਦੇ ਹਰ ਖੇਤਰ ਵਿੱਚ ਭਟਕਣਾ ਅਤੇ ਅੰਧਵਿਸ਼ਵਾਸ ਸੀ। ਅਖੌਤੀ ਧਰਮ ਦੇ ਠੇਕੇਦਾਰਾਂ, ਹੁਕਮਰਾਨਾਂ ਦੇ ਹੰਕਾਰ, ਪਾਖੰਡ ਅਤੇ ਜਬਰ ਜ਼ੁਲਮ ਦੇ ਮਾਹੌਲ ਕਰਕੇ ਸਮਾਜਿਕ ਜੀਵਨ ਦੇ ਹਰ ਖੇਤਰ ਵਿੱਚ ਅਰਾਜਕਤਾ ਸੀ। ਸ੍ਰੀ ਗੁਰੂ ਨਾਨਕ ਗਿਆਨਵਾਨ ਸਨ, ਉਹ ਵਿਗਿਆਨਕ ਅਤੇ ਤਰਕਵਾਦੀ ਸੋਚ ਰੱਖਦੇ ਸਨ ਜਿਸ ਦੀ ਉਦਾਹਰਨ ਉਨ੍ਹਾਂ ਵੱਲੋਂ ਕੀਤੀਆਂ ਉਦਾਸੀਆਂ ਅਤੇ ਬਾਣੀ ਤੋਂ ਵੀ ਮਿਲਦੀ ਹੈ।
ਪਾਤਾਲਾਂ ਪਾਤਾਲ ਲਖ ਆਗਾਸਾ ਆਗਾਸ।।
ਓੜਕ ਓੜਕ ਭਾਲਿ ਥਕੇ
ਵੇਦ ਕਹਨਿ ਇੱਕ ਵਾਤ।।
ਕੁਦਰਤ ਦੀ ਉਹ ਵਿਗਿਆਨਕ ਵਿਸਾਲਤਾ ਜਿਸ ਲਈ ਪੂਰੀ ਦੁਨੀਆਂ ਦੀ ਸਾਇੰਸ ਵੱਖ-ਵੱਖ ਕਿਆਸਅਰਾਈਆਂ ਲਗਾ ਕੇ ਗਿਣਤੀਆਂ ਕਰ ਰਹੀ ਹੈ, ਜਦਕਿ ਗੁਰੂ ਸਾਹਿਬ ਨੇ 500 ਸਾਲ ਪਹਿਲਾਂ ਹੀ ਬਾਣੀ ਰਾਹੀਂ ਬੇਅੰਤ ਅਕਾਸ਼ਾਂ ਅਤੇ ਅਨੰਤ ਪਾਤਾਲਾਂ ਦੀ ਹੋਂਦ ਦਾ ਵਿਗਿਆਨਕ ਤੱਥ ਪੇਸ਼ ਕਰ ਦਿੱਤਾ ਸੀ। ਉਹਨਾਂ ਅਨੁਸਾਰ ਕੁਦਰਤ ਦੀ ਬਣਤਰ ਤੇ ਰਚਨਾ ਦਾ ਲੇਖਾ ਜੋਖਾ ਕੀਤਾ ਨਹੀਂ ਜਾ ਸਕਦਾ ਇਹ ਅਸੀਮਿਤ ਹੈ।
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥ ਧੂਪੁ ਮਲਆਨਲੋ ਪਵਣੁ ਚਵਰੋ ਕਰੈ ਸਗਲ ਬਨਰਾਇ ਫੂਲੰਤ ਜੋਤੀ॥ ੧॥
ਇਸ ਰਾਹੀਂ ਗੁਰੂ ਸਾਹਿਬ ਨੇ ਸਾਰੇ ਬ੍ਰਹਿਮੰਡ ਦੇ ਅਲੌਕਿਕ ਅਤੇ ਰਹੱਸਮਈ ਵਰਤਾਰੇ ਨੂੰ ਵਿਗਿਆਨਕ ਅਤੇ ਤਰਕਪੂਰਨ ਢੰਗ ਨਾਲ ਪ੍ਰਗਟਾਇਆ ਹੈ। ਸ੍ਰਿਸ਼ਟੀ ਦੀ ਬਣਤਰ, ਪ੍ਰਕਿਰਿਆ ਅਤੇ ਕਾਰਜ ਦਾ ਬਖੂਬੀ ਉਲੇਖ ਕਰਦਿਆਂ ਉਹਨਾਂ ਸਾਰੇ ਅਕਾਸ਼ ਨੂੰ ਇੱਕ ਥਾਲੀ ਕਿਆਸਿਆ ਹੈ ਜਿਸ ਵਿੱਚ ਕਿ ਚੰਨ, ਸੂਰਜ ਅਤੇ ਤਾਰੇ ਮੋਤੀਆਂ ਅਤੇ ਦੀਪਕ ਵਾਂਗ ਚਮਕਦੇ ਦਿਖਾਈ ਦੇ ਰਹੇ ਹਨ। ਸਮੇਂ ਦੇ ਹਾਲਾਤ ਵੇਖਕੇ ਉਨ੍ਹਾਂ ਨੇ ਸਮਾਜ ਦੀਆਂ ਬੁਰਾਈਆਂ, ਅੰਧਵਿਸ਼ਵਾਸ, ਅਤੇ ਹੋਰ ਮਾੜੀ ਕੁਰੀਤੀਆਂ ਖ਼ਿਲਾਫ਼ ਲੜਾਈ ਲੜੀ ਜਿਸਦੇ ਤਹਿਤ ਉਨ੍ਹਾਂ ਨੇ ਦੇਸ਼ ਅਤੇ ਵਿਦੇਸ਼ ਵਿਚ ਬਹੁਤ ਸਾਰੀਆਂ ਉਦਾਸੀਆਂ ਕੀਤੀਆਂ ਅਤੇ ਲੋਕਾਂ ਨੂੰ ਤਰਕ ਦੇ ਆਧਾਰ ਤੇ ਜਾਗਰੂਕ ਕੀਤਾ ਜਿਸ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ ਜਿਵੇਂ ਕਿ ਸੂਰਜ ਨੂੰ ਪਾਣੀ ਦੇ ਰਹੇ ਲੋਕਾਂ ਨੂੰ ਤਰਕ ਦੇ ਕੇ ਸਮਝਾਇਆ ਕਿ ਸੂਰਜ ਤੱਕ ਪਾਣੀ ਪੂਜਣਾ ਅਸੰਭਵ ਹੈ ਅਤੇ ਇਹ ਨਿਰਾ ਇਕ ਪਖੰਡ ਹੈ ਇਸੇ ਤਰ੍ਹਾਂ ਸ਼ਰਾਧ ਰਾਹੀਂ ਪਿਤਰਾਂ ਨੂੰ ਖਾਣਾ ਖੁਆਉਣਾ ਵੀ ਤਰਕ ਦੇ ਆਧਾਰ ਤੇ ਗੁਰੂ ਜੀ ਨੇ ਪਖੰਡ ਸਿਧ ਕੀਤਾ ਸੀ। ਗੁਰੂ ਜੀ ਨੇ ਇਨਸਾਨ ਨੂੰ ਤਿੰਨ ਗੁਰ ਦੱਸੇ ਸਨ, ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖ ਨੂੰ ਗ੍ਰਹਿਸਥੀ ਜੀਵਨ ਵਿੱਚ ਰਹਿ ਕੇ ਜੀਵਨ ਜਿਊਣ ਦਾ ਉਪਦੇਸ਼ ਦਿੱਤਾ। ਗੁਰੂ ਜੀ ਨੇ ਰੱਬ ਨੂੰ ਜੰਗਲਾਂ, ਸਮਾਧੀਆਂ, ਧਾਰਮਿਕ ਸਥਾਨਾਂ, ਸਰੋਵਰਾਂ ਅਤੇ ਮਾਲਾ ਫੇਰ ਕੇ ਲੱਭਣ ਨੂੰ ਵੀ ਪਖੰਡ ਦੱਸਿਆ। ਗੁਰੂ ਜੀ ਨੇ ਖੁਦ ਵਿਆਹ ਕਰਵਾਇਆ, ਖੇਤਾ ਵਿੱਚ ਹਲ ਵੀ ਵਾਹਿਆ ਅਤੇ ਇੱਕ ਆਮ ਇਨਸਾਨ ਦੀ ਤਰ੍ਹਾਂ ਗ੍ਰਹਿਸਥੀ ਜੀਵਨ ਬਤੀਤ ਕੀਤਾ। ਉਨ੍ਹਾਂ ਨੇ ਮੂਰਤੀ ਪੂਜਾ ਅਤੇ ਰੱਬੀ ਸ਼ਕਤੀ ਦਾ ਖੰਡਨ ਕੀਤਾ। ਪਰ ਅੱਜ ਵੀ ਉਸ ਤਰ੍ਹਾਂ ਦੇ ਸਮੇਂ ਦੀ ਵੰਨਗੀ ਦੇਖਣੀ ਹੋਵੇ ਤਾਂ ਅੱਜਕਲ ਦੇ ਧਾਰਮਿਕ ਠੇਕੇਦਾਰਾਂ ਅਤੇ ਹੁਕਮਰਾਨਾਂ ਵਲੋਂ ਬਣਾਈ ਗਈ ਦੇਸ਼ ਦੀ ਹਾਲਤ ਦੇਖੀ ਜਾ ਸਕਦੀ ਹੈ। ਜ਼ਾਤ ਪਾਤ ਆਦਿ ਦੇ ਵਿਤਕਰੇ ਕਾਰਨ ਮਨੁੱਖ ਮਨੁੱਖ ਤੋਂ ਨਫਰਤ ਕਰ ਰਿਹਾ ਹੈ। ਗਰੁੱਪ, ਧੜੇ, ਪਾਰਟੀਆਂ, ਝਗੜੇ, ਲੜਾਈਆਂ, ਕਤਲ, ਬਲਾਤਕਾਰ ਅਤੇ ਖੂਨ ਖਰਾਬਾ ਹੋ ਰਿਹਾ ਹੈ ਕਿਉਂਕਿ ਦੇਸ਼ ਜਾਤਾਂ ਅਤੇ ਧਰਮਾ ਦੇ ਨਾਂ ਤੇ ਵੰਡਿਆ ਗਿਆ ਹੈ ਜ਼ਾਤ ਅਤੇ ਧਰਮ ਦੇ ਨਾਂ ਤੇ ਦੰਗੇ ਕਰਵਾਏ ਜਾਂਦੇ ਹਨ, ਨਫ਼ਰਤ ਵੰਡੀ ਜਾਂਦੀ ਹੈ। ਧਰਮ ਅਤੇ ਰੱਬ ਦੇ ਨਾਂ ਤੇ ਦੁਕਾਨਾਂ ਬਣ ਚੁਕੀਆਂ ਹਨ ਅਤੇ ਭੋਲਾ ਭਾਲਾ ਇਨਸਾਨ ਲੁਟਿਆ ਜਾ ਰਿਹਾ ਹੈ। ਜਿਨ੍ਹਾਂ ਕੁਰੀਤੀਆਂ ਤੋਂ ਗੁਰੂ ਸਾਹਿਬ ਨੇ ਵਰਜਿਆ ਸੀ ਅੱਜ ਗੁਰੂ ਸਾਹਿਬ ਦੇ ਨਾਂ ਤੇ ਹੀ ਸ਼ੁਰੂ ਕਰ ਦਿਤੀਆਂ ਗਈਆਂ ਹਨ। ਉਨ੍ਹਾਂ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ ਪਰ ਕੁਝ ਲੋਕਾ ਨੇ ਉਨ੍ਹਾਂ ਦੀ ਹੀ ਮੂਰਤੀ ਪੂਜਾ ਸ਼ੁਰੂ ਕਰ ਦਿੱਤੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਵਾਰ ਵਾਰ ਸਾਨੂੰ ਸਮਝਾਉਂਦੇ ਹਨ ਕਿ
।। ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ।।
ਆਪਣੀ ਬਾਣੀ ਚ ਵੀ ਗੁਰੂ ਜੀ ਨੇ ਇਹ ਵੀ ਲਿਖਿਆ ਹੈ ਕਿ
।।ਮਨਿ ਜੀਤੈ ਜਗੁ ਜੀਤੁ ।। ਜਿਸ ਇਨਸਾਨ ਨੇ ਆਪਣੇ ਆਪ ਨੂੰ ਸਮਝ ਲਿਆ, ਆਪਣੇ ਮਨ ਨੂੰ ਕਾਬੂ ਕਰ ਲਿਆ ਹੈ ਅਤੇ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਕੇ ਗ੍ਰਹਿਸਥੀ ਜੀਵਨ ਵਿੱਚ ਵਿਚਰਦਿਆਂ ਕੀਰਤ ਕਰਕੇ ਆਪਣਾ ਜੀਵਨ ਖੁਸ਼ਹਾਲ ਅਤੇ ਸਫਲਾ ਬਣਾ ਲਿਆ ਹੈ ਉਸ ਨੂੰ ਰੱਬ ਲੱਭਣ ਲਈ ਪਖੰਡ ਕਰਨ ਦੀ ਲੋੜ ਨਹੀ ਸੱਚੀ ਨੀਅਤ ਵਾਲਿਆਂ ਨੂੰ ਮਾਂ ਦੇ ਰੂਪ ਵਿੱਚ ਰੱਬ ਮਿਲ ਜਾਂਦਾ ਹੈ। ਪਰ ਅੱਜ ਅਸੀਂ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੋਂ ਦੂਰ ਹੁੰਦੇ ਜਾ ਰਹੇ ਅੱਜ ਵੀ ਅਸੀਂ ਸੂਰਜ ਨੂੰ ਪਾਣੀ ਦੇ ਰਹੇ ਹਾਂ, ਅੱਜ ਵੀ ਅਸੀਂ ਮੂਰਤੀ ਪੂਜਾ ਕਰ ਰਹੇ ਹਾਂ ਅਤੇ ਅੱਜ ਵੀ ਅਸੀਂ ਅੰਧਵਿਸ਼ਵਾਸ ਦੀ ਦਲਦਲ ਵਿੱਚ ਫਸੇ ਹੋਏ ਹਾਂ। ਕਿਸੇ ਸ਼ੈਕਸਪੀਅਰ ਨੇ ਸੱਚ ਕਿਹਾ ਹੈ ਕਿ ਲੋਕੀ ਰੱਬ ਨੂੰ ਪਿਆਰ ਕਰਦੇ ਹਨ ਪਰ ਰੱਬ ਉਨ੍ਹਾਂ ਨੂੰ ਪਿਆਰ ਕਰਦਾ ਹੈ ਜੋ ਲੋਕਾਂ ਨੂੰ ਪਿਆਰ ਕਰਦੇ ਹਨ। ਸੋ ਆਓ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੇ ਚਲਦਿਆਂ ਆਪਣਾ ਅਤੇ ਦੂਜਿਆਂ ਦਾ ਜਨਮ ਸਫਲ ਕਰਨ ਦੀ ਕੋਸ਼ਿਸ਼ ਕਰੀਏ।
ਕੁਲਦੀਪ ਸਿੰਘ ਸਾਹਿਲ
9417990040
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly