(ਸਮਾਜ ਵੀਕਲੀ)
(7 ਸਤੰਬਰ ਪਹਿਲਾ ਪ੍ਰਕਾਸ਼ ਦਿਵਸ)
ਉਂਝ ਤਾਂ ਦੁਨੀਆਂ ਵਿਚ ਧਰਮ ਦੇ ਗ੍ਰੰਥ ਬਥੇਰੇ ਨੇ,
ਜਿਨ੍ਹਾਂ ਦੇ ਵਿਚ ਲਿਖੇ ਹੋਏ ਕਈ ਬਚਨ ਚੰਗੇਰੇ ਨੇ,
ਜੋ ਕਹਿ ਗਏ ਬਾਣੀਕਾਰ ਨਹੀਂ ਗੱਲ ਹੋਰ ਉਹ ਕਹਿ ਸਕਦਾ।
ਗੁਰੂ ਗ੍ਰੰਥ ਸਾਹਿਬ ਦੀ ਥਾਂ ਕੋਈ ਹੋਰ ਗ੍ਰੰਥ ਨਹੀਂ ਲੈ ਸਕਦਾ।
ਨੀਚਾਂ ਦੇ ਨਾਲ ਖੜ੍ਹਨ ਵਾਲੀ ਗੱਲ ਵਿਰਲੇ ਕੀਤੀ ਹੈ,
ਇਹਨਾਂ ਪ੍ਰਤੀ ਦਿਖਾਈ ਕਿਸੇ ਨੇ ਨਹੀਂ ਪ੍ਰੀਤੀ ਹੈ,
ਧੰਨ ਧੰਨ ਗੁਰੂ ਨਾਨਕ ਜੋ ਇਹਨਾਂ ਸੰਗ ਬਹਿ ਸਕਦਾ।
ਗੁਰੂ ਗ੍ਰੰਥ ਸਾਹਿਬ………………………………….।
ਨਾ ਕੋਈ ਵੈਰੀ ਨਹੀਂ ਬਿਗਾਨਾ ਬਣਦੀ ਨਾਲ ਸਾਰਿਆਂ ਦੇ,
ਗੁਰੂਆਂ ਦੇ ਨਾਲ ਦਰਜ ਬੋਲ ਕਈ ਭਗਤ ਪਿਆਰਿਆਂ ਦੇ,
ਭੱਟ ਸਾਹਿਬਾਨ ਦਾ ਜ਼ਜਬਾ ਇਸ ਦੇ ਵਿਚ ਦੀ ਵਹਿ ਸਕਦਾ।
ਗੁਰੂ ਗ੍ਰੰਥ ਸਾਹਿਬ …………………………………।
ਨਿਕਟਵਰਤੀ ਗੁਰੂ ਘਰ ਦਿਆਂ ਜੋ ਅੱਖਾਂ ਨਾਲ ਡਿੱਠਾ ਹੈ,
ਅਹਿਸਾਸ ਉਨ੍ਹਾਂ ਦੀ ਬਾਣੀ ਦੇ ਵਿਚ ਬਹੁਤ ਹੀ ਮਿੱਠਾ ਹੈ,
ਜੇ ਪੜ੍ਹੀਏ ਨਾਲ ਪਿਆਰ ਅਸਰ ਨਹੀਂ ਹੋਣੋਂ ਰਹਿ ਸਕਦਾ।
ਗੁਰੂ ਗ੍ਰੰਥ ਸਾਹਿਬ………………………………….।
ਖੱਤਰੀ,ਬ੍ਰਹਾਮਣ,ਵੈਸ਼,ਸ਼ੂਦ ਉਪਦੇਸ਼ ਸਾਰਿਆਂ ਲਈ,
ਇਸ ਦੇ ਵਿਚ ਸਹਾਰਾ ਹੈ ਕਈ ਬੇਸਹਾਰਿਆਂ ਲਈ,
ਉੱਚਾ ਬੁਰਜ ਹਉਮੈਂ ਦਾ ਇਸ ਨੂੰ ਪੜ੍ਹਕੇ ਢਹਿ ਸਕਦਾ।
ਗੁਰੂ ਗ੍ਰੰਥ ਸਾਹਿਬ ………………………………..।
ਮਹਾਂਪੁਰਖਾਂ ਦੇ ਮਹਾਂਵਾਕ ਰੁਸ਼ਨਾਉਂਦੇ ਜ਼ਿੰਦਗੀ ਨੂੰ,
ਹਰੇਕ ਪੱਖ ਤੋਂ ਜੀਵਣਯੋਗ ਬਣਾਉਂਦੇ ਜ਼ਿੰਦਗੀ ਨੂੰ,
ਰੋਸ਼ਨ ਹੋਇਆ ਦਿਮਾਗ ਕਦੇ ਨਾ ਲੀਹੋਂ ਲਹਿ ਸਕਦਾ।
ਗੁਰੂ ਗ੍ਰੰੰਥ ਸਾਹਿਬ……………………………….।
ਸ਼ਬਦ ਗੁਰੂ ਸਮਰੱਥ ਇਹ ਕਾਜ ਸੰਵਾਰਨਹਾਰਾ ਹੈ,
ਭਵਸਾਗਰ ਦੇ ਵਿਚੋਂ ਇਹ ਪਾਰ ਉਤਾਰਨਹਾਰਾ ਹੈ,
ਨਜ਼ਰ ਮੇਹਰ ਦੀ ਕਰਕੇ ਝਟਪੱਟ ਬਦਲ ਗ੍ਰਹਿ ਸਕਦਾ।
ਗੁਰੂ ਗ੍ਰੰਥ ਸਾਹਿਬ…………………………………।
ਪੰਜਵੇਂ ਗੁਰ ਨੇ ਗੁਰਮਤਿ ਦਾ ਇਹ ਥਾਲ ਸਜਾਇਆ ਹੈ,
ਸਤਿ,ਸੰਤੋਖ,ਵਿਚਾਰ ਨਾਲ ਵਿਚ ਨਾਮ ਟਿਕਾਇਆ ਹੈ,
ਜਿਸ ਨੂੰ ਜਪ ਕੇ ਬੰਦਾ ਸੱਚ ਦੇ ਮਾਰਗ ਪੈ ਸਕਦਾ।
ਗੁਰੂ ਗ੍ਰੰਥ ਸਾਹਿਬ ……………………………।
ਹਾਜ਼ਰ ਨਾਜ਼ਰ ਹਰਦਮ ਜੁਗੋ ਜੁੱਗ ਹੈ ਅਟੱਲ ਗੁਰੂ,
‘ਚੋਹਲੇ’ ਵਾਲਿਆ ਕਰਦਾ ਸੱਚੀ ਸੁੱਚੀ ਗੱਲ ਗੁਰੂ,
ਜਿਸ ਨੇ ਬੰਨ੍ਹ ਲਈ ਪੱਲੇ ਉਹ ਕਰ ਪੜਚੋਲ ਸਵੈ ਸਕਦਾ।
ਗੁਰੂ ਗ੍ਰੰਥ ਸਾਹਿਬ ਦੀ ਥਾਂ ਕੋਈ ਹੋਰ ਗ੍ਰੰਥ ਨਹੀਂ ਲੈ ਸਕਦਾ।
ਰਮੇਸ਼ ਬੱਗਾ ਚੋਹਲਾ
ਗਲੀ ਨੰ:8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly