ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ

ਭਾਈ ਭਾਗ ਸਿੰਘ ਭਿੱਖੀਵਿੰਡ ਪਤਨੀ ਹਰਨਾਮ ਕੌਰ ਤੇ ਪੁੱਤਰ ਜੁਗਿੰਦਰ ਸਿੰਘ ਨਾਲ ਵੈਨਕ¨ਅਰ,੧੯੧੨

(ਸਮਾਜ ਵੀਕਲੀ)

ਸ਼ਹੀਦੀ ਦਿਨ ‘ਤੇ ਵਿਸ਼ੇਸ਼

ਭਾਈ ਭਾਗ ਸਿੰਘ ਦਾ ਜਨਮ ੧੮੭੨ ਈ. ਵਿੱਚ ਪਿੰਡ ਭਿੱਖੀਵਿੰਡ ਜੋ ਕਿ ਹੁਣ ਤਰਨਤਾਰਨ ਜ਼ਿਲ੍ਹੇ ਵਿੱਚ ਹੈ ਤੇ ਉਸ ਸਮੇਂ ਲਾਹੌਰ ਜ਼ਿਲ੍ਹੇ ਵਿੱਚ ਹੁੰਦਾ ਸੀ, ਵਿਖੇ ਹੋਇਆ। ਆਪ ਦੇ ਪਿਤਾ ਦਾ ਨਾਂ ਸ. ਨਰਾਇਣ ਸਿੰਘ ਸੰਧੂ ਤੇ ਮਾਤਾ ਦਾ ਨਾਂ ਬੀਬੀ ਮਾਨ ਕੌਰ ਸੀ।

੨੦ ਸਾਲ ਦੀ ਉਮਰ ਵਿੱਚ ਆਪ ਦਸਵੀਂ ਬੰਗਾਲ ਲੈਂਸਰ ਰਜਮੈਂਟ ਵਿੱਚ ਭਰਤੀ ਹੋ ਗਏ ਪਰ ਪੰਜ ਸਾਲ ਪਿੱਛੋਂ ਅਸਤੀਫਾ ਦੇ ਦਿੱਤਾ। ਕੁਝ ਸਮੇਂ ਪਿੱਛੋਂ ਹਾਂਗਕਾਂਗ ਚਲੇ ਗਏ ਤੇ ਉੱਥੇ ਪੁਲੀਸ ਵਿੱਚ ਭਰਤੀ ਹੋ ਗਏ। ਡੇਢ ਸਾਲ ਨੌਕਰੀ ਕਰਨ ਪਿੱਛੋਂ ਆਪ ਹਾਂਗਕਾਂਗ ਤੋਂ ਚੀਨ ਦੇ ਸ਼ਹਿਰ ਸ਼ੰਘਾਈ ਜਾ ਕੇ ਉੱਥੋਂ ਦੀ ਮਿਉਂਸਿਪਲ ਪੁਲੀਸ ਵਿੱਚ ਭਰਤੀ ਹੋ ਗਏ। ੧੯੦੬ ਈ. ਵਿੱਚ ਨੌਕਰੀ ਛੱਡ ਕੇ ਕਨੇਡਾ ਰਵਾਨਾ ਹੋ ਗਏ।

ਵੈਨਕੂਅਰ ਆ ਕੇ ਆਪ ਨੂੰ ਨਸਲੀ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ। ਗੋਰੇ ਬੱਚੇ ਭਾਰਤੀਆਂ ਨੂੰ “ਹੈਲੋ ਇੰਡੀਅਨ ਸਾਲੇਵ” ਭਾਵ ਕਿ ਹੈਲੋ ਭਾਰਤੀ ਗੁਲਾਮੋਂ ਕਹਿ ਕੇ ਬੁਲਾਉਂਦੇ ਸਨ। ਵੋਟਾਂ ਦੇ ਲਾਲਚ ਵਿੱਚ ਗੋਰੇ ਹਿੰਦੁਸਤਾਨੀਆਂ ਵਿਰੁੱਧ ਜ਼ਹਿਰ ਉਗਲ ਰਹੇ ਸਨ। ਵੈਨਕੂਅਰ ਵਿੱਚ ਆਪ ਦੀ ਨੇੜਤਾ ਬੰਗਾਲੀ ਇਨਕਲਾਬੀ ਬਾਬੂ ਤਾਰਕਨਾਥ ਨਾਲ ਹੋਈ ਤੇ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਸ ਵਿਤਕਰੇ ਭਰੇ ਮਾਹੌਲ ਲਈ ਗੁਲਾਮੀ ਜ਼ੁੰਮੇਵਾਰ ਹੈ ਤੇ ਉਨ੍ਹਾਂ ਨੇ ਹਿੰਦੁਸਤਾਨੀਆਂ ਨੂੰ ਦੇਸ਼ ਨੂੰ ਗੁਲਾਮੀ ਤੋਂ ਮੁਕਤ ਕਰਨ ਦਾ ਹੋਕਾ ਦੇਣਾ ਸ਼ੁਰੂ ਕਰ ਦਿੱਤਾ।

ਭਾਈ ਭਾਗ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੈਨਕੁਅਰ ਵਿਚ ਉੱਤਰੀ ਅਮਰੀਕਾ ਦਾ ਸਭ ਤੋਂ ਪਹਿਲਾ ਗੁਰਦੁਆਰਾ ਬਣਾਇਆ। ਇਹ ਗੁਰਦੁਆਰਾ ੧੯ ਜਨਵਰੀ ੧੯੦੮ ਈ. ਨੂੰ ਖੁੱਲ੍ਹਾ ਜੋ ਕਿ ਧਾਰਮਿਕ ਸਰਗਰਮੀਆਂ ਦੇ ਨਾਲ ਸਮਾਜਿਕ ਤੇ ਰਾਜਨੀਤਕ ਗਤੀਵਿਧੀਆਂ ਦਾ ਕੇਂਦਰ ਵੀ ਬਣ ਗਿਆ।

ਆਪ ਕਨੇਡਾ ਵਿੱਚ ਬਣੀਆਂ ਸੋਸ਼ਿਲਿਟ ਜਥੇਬੰਦੀਆਂ ਦੇ ਵੀ ਆਹੁਦੇਦਾਰ ਰਹੇ। ਆਪ ਨੇ ਭਾਈ ਬਲਵੰਤ ਸਿੰਘ, ਖਾਲਸਾ ਦੀਵਾਨ ਸੁਸਾਇਟੀ ਦੇ ਕਾਰਜਕਾਰਨੀ ਦੇ ਆਹੁਦੇਦਾਰਾਂ ਨੇ ਹੁਸੈਨ ਰਹੀਮ ਨਾਲ ਰਲ ਕੇ ਵੈਨਕੂਅਰ ਵਿੱਚ ਸੋਸ਼ਲਿਸਟ ਪਾਰਟੀ ਆਫ਼ ਕੈਨੇਡਾ ਦੀ ਇੱਕ ਵਿਸ਼ੇਸ਼ ਸ਼ਾਖਾ ਕਾਇਮ ਕੀਤੀ।

ਰਾਜਨੀਤਕ ਚੇਤਨਾ ਨੂੰ ਵੱਧਦਾ ਹੋਇਆ ਵੇਖਕੇ ਕਨੇਡੀਅਨ ਸਰਕਾਰ ਨੇ ਹਿੰਦੁਸਤਾਨੀਆਂ ਦੇ ਕਨੇਡਾ ਵਿੱਚ ਦਾਖਲੇ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਯਤਨ ਕਰਨੇ ਸ਼ੁਰੂ ਕਰ ਦਿੱਤੇ। ੧੯੦੮ ਵਿੱਚ ਇਹ ਕਾਨੂੰਨ ਬਣਾਇਆ ਗਿਆ ਕਿ ਕਨੇਡਾ ਉਹੋ ਹੀ ਆ ਸਕਦਾ ਹੈ ਜਿਸ ਪਾਸ ੨੦੦ ਡਾਲਰ ਨਕਦ ਹੋਣ ਤੇ ਉਹ ਹਿੰਦੁਸਤਾਨ ਤੋਂ ਸਿੱਧਾ ਕਨੇਡਾ ਆਵੇ। ਉਸ ਸਮੇਂ ਕੋਈ ਵੀ ਜਹਾਜ਼ ਸਿੱਧਾ ਨਹੀਂ ਸੀ ਆਉਂਦਾ। ਇਸ ਤਰ੍ਹਾਂ ਹਿੰਦੁਸਤਾਨੀਆਂ ਦਾ ਇਕ ਤਰ੍ਹਾਂ ਨਾਲ ਦਾਖਲਾ ਬੰਦ ਹੋ ਗਿਆ।

ਅਪ੍ਰੈਲ ੧੯੧੩ ਵਿੱਚ ਜਦ ਅਮਰੀਕਾ ਵਿੱਚ ਗਦਰ ਪਾਰਟੀ ਬਣੀ ਤਾਂ ਭਾਈ ਭਾਗ ਸਿੰਘ ਇਸ ਦੇ ਮੈਂਬਰ ਬਣ ਗਏ। ਜਦ ਗ਼ਦਰ ਪਾਰਟੀ ਨੇ ੧ ਨਵੰਬਰ ੧੯੧੩ ਨੂੰ ਸਾਂਨਫਰਾਂਸਿਸਕੋ ਤੋਂ ਉਰਦੂ ਵਿੱਚ ਹਫਤਾਵਾਰੀ ਗ਼ਦਰ ਅਖ਼ਬਾਰ ਕੱਢਿਆ ਤਾਂ ਭਾਈ ਭਾਗ ਸਿੰਘ ਨੇ ਅਖਬਾਰ ਮੰਗਵਾਉਣਾ ਸ਼ੁਰੂ ਕਰ ਦਿੱਤਾ। ਇਹ ਅਖ਼ਬਾਰ ਗੁਰਦੁਆਰੇ ਦੀਆਂ ਮੀਟਿੰਗਾਂ ਵਿੱਚ ਪੜ੍ਹਿਆ ਜਾਂਦਾ। ਆਪ ਦੀ ਪ੍ਰੇਰਨਾ ਸਦਕਾ ਸੈਂਕੜੇ ਹਿੰਦੁਸਤਾਨੀ ਗ਼ਦਰ ਪਾਰਟੀ ਦੇ ਮੈਂਬਰ ਬਣ ਗਏ ਤੇ ਹਜ਼ਾਰਾਂ ਡਾਲਰ ਚੰਦਾ ਇਕੱਠਾ ਕਰਕੇ ਗ਼ਦਰ ਪਾਰਟੀ ਦੇ ਮੁੱਖ-ਦਫ਼ਤਰ ਸਾਂਨਫਰਾਂਸਿਸਕੋ ਭੇਜਿਆ।

ਆਪ ਦੀ ਪਤਨੀ ਬੀਬੀ ਹਰਨਾਮ ਕੌਰ ਨੇ ੨੧ ਜਨਵਰੀ ੧੯੧੪ ਨੂੰ ਧੀ ਨੂੰ ਜਨਮ ਦਿੱਤਾ। ਜਣੇਪੇ ਸਮੇਂ ਪਈਆਂ ਕਈ ਗੁੰਝਲਾਂ ਕਾਰਨ ੩੦ ਜਨਵਰੀ ੧੯੧੪ ਨੂੰ ੨੮ ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਤੇ ਬੱਚਿਆਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਆਪ ਸਿਰ ਆ ਪਈ।

ਕਾਮਾਗਾਟਾਮਾਰੂ ਦਾ ਜਹਾਜ਼ ੨੩ ਮਈ ੧੯੧੪ ਨੂੰ ੩੭੬ ਮੁਸਾਫਰਾਂ ਸਮੇਤ ਵੈਨਕੂਅਰ ਆਣ ਪੁੱਜਾ। ਇਮੀਗਰੇਸ਼ਨ ਅਧਿਕਾਰੀਆਂ ਨੇ ਮੁਸਾਫਰਾਂ ਨੂੰ ਉਤਰਨ ਨਾ ਦਿੱਤਾ। ਭਾਈ ਭਾਗ ਸਿੰਘ ਨੇ ਯੂਨਾਈਟਿਡ ਇੰਡੀਆ ਲੀਗ ਦੇ ਪ੍ਰਧਾਨ ਹੁਸੈਨ ਰਹੀਮ ਨੂੰ ਨਾਲ ਲੈ ਕੇ ਮੁਸਾਫਰਾਂ ਦੀ ਸਹਾਇਤਾ ਲਈ ੧੫ ਮੈਂਬਰੀ ਕਮੇਟੀ ਬਣਾਈ। ਕਮੇਟੀ ਨੇ ਚੰਦਾ ਇਕੱਠਾ ਕਰਕੇ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਪਰ ਕਨੇਡਾ ਸਰਕਾਰ ਆਪਣੇ ਹੀ ਕਾਨੂੰਨਾਂ ਦੀ ਉਲੰਘਣਾਂ ਕਰਕੇ ਕਾਮਾਗਾਟਾਮਾਰੂ ਜਹਾਜ਼ ਨੂੰ ਵਾਪਸ ਭੇਜ ਦਿੱਤਾ।

ਭਾਈ ਭਾਗ ਸਿੰਘ ਤੇ ਉਨ੍ਹਾਂ ਦੇ ਸਾਰੇ ਸਾਥੀ ਚਾਹੁੰਦੇ ਸਨ ਕਿ ਕਾਮਾਗਾਟਾਮਾਰੂ ਦੇ ਜਹਾਜ਼ ਰਾਹੀਂ ਅਸੀਂ ਹਥਿਆਰ ਭੇਜੀਏ ਤਾਂ ਜੋ ਅਮਰੀਕਾ ਵਾਂਗ ਹਥਿਆਰਬੰਦ ਲੜਾਈ ਹੋ ਸਕੇ ਪਰ ਉਹ ਸਫ਼ਲ ਨਾ ਹੋ ਸਕੇ ।

ਪਹਿਲਾ ਵਿਸ਼ਵ ਯੁੱਧ ੪ ਅਗਸਤ ੧੯੧੪ ਨੂੰ ਸ਼ੁਰੂ ਹੋ ਗਿਆ। ਵੱਡੀ ਗਿਣਤੀ ਵਿੱਚ ਦੇਸ਼ ਭਗਤ ਗਦਰੀ ਯੋਧੇ ਕਨੇਡਾ ਅਤੇ ਅਮਰੀਕਾ ਤੋਂ ਹਿੰਦੁਸਤਾਨ ਵੱਲ ਨੂੰ ਕੂਚ ਕਰ ਗਏ। ਭਾਈ ਭਾਗ ਸਿੰਘ ਵੀ ਜਾਣਾ ਚਾਹੁੰਦੇ ਸਨ ਪਰ ਪੌਣੇ ਤਿੰਨ ਸਾਲ ਦੇ ਪੁੱਤਰ ਜੁਗਿੰਦਰ ਸਿੰਘ ਅਤੇ ਛੇ ਮਹੀਨੇ ਦੀ ਧੀ ਕਰਮ ਕੌਰ ਦੀ ਸੰਭਾਲ ਵਿੱਚ ਦੇਰ ਹੋਣ ਕਰਕੇ ਉਹ ਜਾ ਨਾ ਸਕੇ।

ਉਧਰ ਵੈਨਕੂਅਰ ਵਿੱਚ ਗ਼ਦਰ ਟੋਲਾ ਪੂਰਾ ਜੋਰ ਲਾ ਰਿਹਾ ਸੀ ਕਿ ਕੋਈ ਵੀ ਹਿੰਦੁਸਤਾਨ ਨਾ ਜਾਵੇ। ਬੇਲਾ ਸਿੰਘ ਜਿਆਣ ਨੇ ੨੨ ਅਤੇ ੨੫ ਅਗਸਤ ੧੯੧੪ ਨੂੰ ਵੈਨਕੂਅਰ ਅਤੇ ਵਿਕਟੋਰੀਆ ਦੇ ਘਾਟਾਂ ਤੋਂ ਜਹਾਜ਼ਾਂ ‘ਤੇ ਚੜ੍ਹਨ ਵਾਲੇ ਹਿੰਦੁਸਤਾਨੀਆਂ ਨੂੰ ਡਰਾਇਆ ਧਮਕਾਇਆ ਪਰ ਹਿੰਦੁਸਤਾਨੀਆਂ ਨੇ ਉਸ ਦੀ ਕੋਈ ਪ੍ਰਵਾਹ ਨਾ ਕੀਤੀ।

ਬੇਲਾ ਸਿੰਘ ਜਿਆਣ ਧੜੇ ਦੇ ਅਰਜਨ ਸਿੰਘ ਦੀ ਤਿੰਨ ਸਤੰਬਰ ਨੂੰ ਗੋਲੀ ਲੱਗਣ ਨਾਲ ਮੌਤ ਹੋ ਗਈ। ਬਹੁਤੇ ਲੋਕ ਇਸ ਨੂੰ ਦੁਰਘਟਨਾ ਸਮਝਦੇ ਸਨ ਪਰ ਬੇਲਾ ਸਿੰਘ ਦਾ ਖਿਆਲ ਸੀ ਕਿ ਅਰਜਨ ਸਿੰਘ ਦਾ ਕਤਲ ਹੋਇਆ ਹੈ। ਅਰਜਨ ਸਿੰਘ ਦੇ ਸਸਕਾਰ ਤੋਂ ਬਾਅਦ ੫ ਸਤੰਬਰ ੧੯੧੪ ਨੂੰ ਸ਼ਾਮ ਨੂੰ ਵੈਨਕੂਅਰ ਦੇ ਗੁਰਦੁਆਰੇ ਵਿੱਚ ਸੰਗਤ ਜੁੜੀ ਹੋਈ ਸੀ। ਭਾਈ ਬਲਵੰਤ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਹੋਏ ਸਨ। ਭਾਈ ਭਾਗ ਸਿੰਘ ਵੀ ਗੁਰੂ ਗ੍ਰੰਥ ਸਾਹਿਬ ਵਾਲੇ ਤਖ਼ਤ ਪੋਸ਼ ਦੇ ਕੋਲ ਹੀ ਬੈਠੇ ਸਨ। ਬੇਲਾ ਸਿੰਘ ਸੱਤ ਵੱਜਣ ਵਿੱਚ ਕੁਝ ਮਿੰਟ ਰਹਿੰਦਿਆਂ ਗੁਰਦੁਆਰੇ ਅੰਦਰ ਆਇਆ ਤੇ ਮੱਥਾ ਟੇਕ ਕੇ ਭਾਈ ਭਾਗ ਸਿੰਘ ਦੇ ਪਿੱਛੇ ਚਾਰ-ਪੰਜ ਫੁੱਟ ਦੀ ਦੂਰੀ ‘ਤੇ ਬੈਠ ਗਿਆ। ੨੦-੨੫ ਮਿੰਟ ਬਾਅਦ ਜਦੋਂ ਅਰਦਾਸ ਹੋਣ ਲੱਗੀ ਤਾਂ ਬੇਲਾ ਸਿੰਘ ਨੇ ਕਾਹਲੀ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਭ ਤੋਂ ਪਹਿਲਾਂ ਉਸ ਨੇ ਭਾਈ ਭਾਗ ਸਿੰਘ ਦੇ ਪਿੱਛਿਉਂ ਗੋਲੀਆਂ ਚਲਾਈਆਂ।

ਬੇਲਾ ਸਿੰਘ ਨੇ ਜਦੋਂ ਭਾਈ ਭਾਗ ਸਿੰਘ ਦੇ ਗੋਲੀਆਂ ਮਾਰੀਆਂ ਤਾਂ ਭਾਈ ਬਦਨ ਸਿੰਘ ਜੋ ਕਿ ਭੱਜ ਕੇ ਉਸ ਵੱਲ ਆਏ ਤੇ ਉਚੀ ਦੇ ਕੇ ਬੋਲੇ ‘ਓਏ ਦੁਸ਼ਟਾ ਕੀ ਕਰਦਾ ਏਂ, ਓਏ ਹਨੇਰ ਨਾ ਕਰ’। ਬੇਲਾ ਸਿੰਘ ਨੇ ਦੋਨੋਂ ਪਿਸਤੌਲ ਉਨ੍ਹਾਂ ਵੱਲ ਸੇਧ ਦਿੱਤੇ। ਭਾਈ ਬਦਨ ਸਿੰਘ ਦੇ ਸਰੀਰ ਦੇ ਉਪਰਲੇ ਹਿੱਸੇ ਵਿਚ ਚਾਰ ਗੋਲੀਆਂ ਲੱਗੀਆਂ।ਗੋਲੀਆਂ ਲੱਗੀਆਂ ਹੋਣ ਦੇ ਬਾਵਜੂਦ ਉਨ੍ਹਾਂ ਬੇਲਾ ਸਿੰਘ ਨੂੰ ਗਲੋਂ ਜਾ ਫੜਿਆ ਪਰ ਗੋਲੀਆਂ ਆਪਣਾ ਕੰਮ ਕਰ ਗਈਆਂ ਸਨ।

ਬੇਲਾ ਸਿੰਘ ਨੇ ਦੋਹਾਂ ਪਿਸਤੌਲਾਂ ਨਾਲ ਧੱਕਾ ਦੇ ਕੇ ਭਾਈ ਬਦਨ ਸਿੰਘ ਨੂੰ ਭੁੰਜੇ ਸੁੱਟ ਦਿੱਤਾ ਤੇ ਆਪ ਅੰਨ੍ਹੇਵਾਹ ਗੋਲੀਆਂ ਚਲਾਉਂਦਾ ਰਿਹਾ, ਜਿਸ ਨਾਲ ਬਹੁਤ ਸਾਰੇ ਹੋਰ ਬੰਦੇ ਜ਼ਖਮੀ ਹੋ ਗਏ ।ਸਾਰਾ ਹਾਲ ਧੂੰਏ ਨਾਲ ਭਰ ਗਿਆ। ਗੁਰਦੁਆਰੇ ਵਿਚ ਹਫੜਾ-ਦਫੜੀ ਮੱਚ ਗਈ ਜਿਸ ਦਾ ਫਾਇਦਾ ਉਠਾਉਂਦਿਆਂ ਹੋਇਆਂ ਬੇਲਾ ਸਿੰਘ ਉਥੋਂ ਨਿਕਲਣ ਵਿਚ ਕਾਮਯਾਬ ਹੋ ਗਿਆ। ਕੁਝ ਵੀ ਵਿਖਾਈ ਨਹੀਂ ਸੀ ਦੇ ਰਿਹਾ। ਬੇਲਾ ਸਿੰਘ ਧੂੰਏ ਦਾ ਲਾਭ ਉਠਾ ਕੇ ਗੁਰਦੁਆਰੇ ਵਿੱਚੋਂ ਭੱਜ ਗਿਆ। ਅੱਠ ਬੰਦੇ ਜ਼ਖਮੀ ਹੋ ਗਏ ਜਿਨ੍ਹਾਂ ਨੁੰ ਪੁਲਿਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ।

ਭਾਈ ਭਾਗ ਸਿੰਘ ਦੇ ਕਮਰ ਤੋਂ ਉਪਰ ਅਤੇ ਮੌਰਾਂ ਵਿਚਕਾਰ ਕਈ ਗੋਲੀਆਂ ਲੱਗੀਆਂ ਹੋਈਆਂ ਸਨ। ਇੱਕ ਗੋਲੀ ਪਿੱਠ ਵਿੱਚੋਂ ਦੀ ਹੋ ਕੇ ਫੇਫੜਿਆਂ ਵਿੱਚ ਜਾ ਫਸੀ। ਡਾਕਟਰਾਂ ਨੇ ਰਾਤ ਨੂੰ ਸਰਜਰੀ ਕੀਤੀ। ਅਗਲੇ ਦਿਨ ਪੁਲੀਸ ਬੇਲਾ ਸਿੰਘ ਨੂੰ ਲੈ ਕੇ ਦੁਪਹਿਰ ਇੱਕ ਵਜ੍ਹੇ ਹਸਪਤਾਲ ਪੁੱਜੀ। ਭਾਈ ਭਾਗ ਸਿੰਘ ਨੇ ਬੇਲਾ ਸਿੰਘ ਵੱਲ ਵੇਖਦਿਆਂ ਕਿਹਾ ਕਿ ਉਨ੍ਹਾਂ ਦੇ ਗੋਲੀਆਂ ਮਾਰਨ ਵਾਲਾ ਬੇਲਾ ਸਿੰਘ ਹੀ ਹੈ।

ਭਾਈ ਭਾਗ ਸਿੰਘ ਦੇ ਮਿੱਤਰ ਉਨ੍ਹਾਂ ਨੂੰ ਹਸਪਤਾਲ ਮਿਲੇ। ਭਾਈ ਭਾਗ ਸਿੰਘ ਦਾ ਕਹਿਣਾ ਸੀ “ਮਨ ਦੀ ਚਾਹ ਸੀ ਕਿ ਆਜ਼ਾਦੀ ਦੇ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹੀਦ ਹੁੰਦਾ ਪਰ ਭਾਣਾ ਅਮਿੱਟ ਹੈ, ਅੱਜ ਇਸ ਬਿਸਤਰ ਪਰ ਸਰੀਰ ਛੱਡਣਾ ਪੈ ਰਿਹਾ ਹੈ”।

੬ ਸਤੰਬਰ ੧੯੧੪ ਨੂੰ ਸ਼ਾਮ ਵੇਲੇ ਵੈਨਕੂਅਰ ਦੇ ਹਸਪਤਾਲ ਵਿੱਚ ਉਨ੍ਹਾਂ ਅਕਾਲ ਚਲਾਣਾ ਹੋ ਗਿਆ।ਕੁਝ ਦੇਰ ਪਿੱਛੋਂ ਭਾਈ ਬਦਨ ਸਿੰਘ ਵੀ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਨਾਲ ਹੀ ਭਾਈ ਬਦਨ ਸਿੰਘ ਦਾ ਸਸਕਾਰ ਕੀਤਾ ਗਿਆ।ਇਸ ਤਰ੍ਹਾਂ ਇਨ੍ਹਾਂ ਦੋਵਾਂ ਦਾ ਸ਼ਹੀਦੀ ਦਿਹਾੜਾ ਇਕੱਠਾ ਮਨਾਇਆ ਜਾਂਦਾ ਹੈ।

ਸ਼ਹੀਦੀ ਸਮੇਂ ਭਾਈ ਬਦਨ ਸਿੰਘ ਦੀ ਉਮਰ ਪੰਜਾਹ ਸਾਲ ਦੇ ਲਗਭਗ ਸੀ।ਉਹ ਇਕ ਕਿਸਾਨ ਪਰਿਵਾਰ ਵਿਚ ਸੰਨ ੧੮੬੪ ਈਸਵੀ ਵਿਚ ਜ਼ਿਲਾ ਮਾਨਸਾ ਦੇ ਪਿੰਡ ਦਲੇਲ ਸਿੰਘ ਵਾਲਾ ਵਿਚ ਪੈਦਾ ਹੋਏ। ਭਾਈ ਸਾਹਿਬ ਨੇ ਬਹੁਤ ਹੀ ਦਲੇਰਾਨਾ ਢੰਗ ਨਾਲ ਸ਼ਹੀਦੀ ਪ੍ਰਾਪਤ ਕੀਤੀ ਅਤੇ ਚਾਰ ਗੋਲੀਆਂ ਖਾ ਕੇ ਵੀ ਬੇਲਾ ਸਿੰਘ ਨੂੰ ਧੌਣ ਤੋਂ ਜਾ ਫੜਿਆ। ਜੇ ਭਾਈ ਬਦਨ ਸਿੰਘ ਉਸ ਨੂੰ ਨਾ ਫੜਦੇ ਤਾਂ ਉਸ ਨੇ ਗੁਰ¨ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਭਾਈ ਬਲਵੰਤ ਸਿੰਘ ਨੂੰ ਵੀ ਜ਼ਰ¨ਰ ਗੋਲੀ ਮਾਰ ਦੇਣੀ ਸੀ।

ਬੇਲਾ ਸਿੰਘ ੧ਜੂਨ ੧੯੧੬ ਮੌਂਟੀਗਲ ਜ਼ਹਾਜ ਲੈ ਕੇ ਹਿੰਦੁਸਤਾਨ ਚਲਾ ਗਿਆ, ਜਿੱਥੇ ਜਾ ਕੇ ਉਸ ਨੇ ਵੀ ਦੇਸ਼ ਭਗਤਾਂ ਨੂੰ ਫੜ੍ਹਾਉਣਾ ਤੇ ਉਨ੍ਹਾਂ ਖ਼ਿਲਾਫ਼ ਗਵਾਈਆਂ ਦੇਣੀਆਂ ਸ਼ੁਰੂ ਕਰ ਲਈਆਂ। ਭਾਈ ਹਰੀ ਸਿੰਘ ਸੁੰਢ ਨੇ ਆਪਣੇ ਸਾਥੀ ਇੰਦਰ ਸਿੰਘ ਮੁਰਾਰੀ ਤੇ ਕਨੇਡਾ- ਅਮਰੀਕਾ ਤੋਂ ਗਏ ਭਾਈ ਈਸ਼ਰ ਸਿੰਘ ਜੰਡੋਲੀ ਸਮੇਤ ਇਸ ਗਦਾਰ ਦਾ ਸੋਧਾ ਲਾ ਕੇ ਇਸ ਨੂੰ ਮਿਸਾਲੀ ਸਜ਼ਾ ਦਿੱਤੀ।

 

ਡਾ. ਚਰਨਜੀਤ ਸਿੰਘ ਗੁਮਟਾਲਾ

 

੦੦੧੯੩੭੫੭੩੯੮੧੨ (ਅਮਰੀਕਾ)

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleरेल कोच फैक्ट्री ने किया अगस्त में वर्ष 2021-22 का रिकॉर्ड मासिक कोच उत्पादन
Next articleਗੁਰੂ ਗ੍ਰੰਥ ਸਾਹਿਬ .