ਲੁਧਿਆਣਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦਾਦ, ਲੁਧਿਆਣਾ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਦੇ ਸਾਰੇ ਵਿਦਿਆਰਥੀ ਰੰਗ-ਬਿਰੰਗੇ ਪੰਜਾਬੀ ਪਹਿਰਾਵੇ ਵਿੱਚ ਆਏ ਹੋਏ ਸਨ। ਸਕੂਲ ਦੇ ਵਿਹੜੇ ਵਿੱਚ ਲੜਕੀਆਂ ਲਈ ਮਹਿੰਦੀ ਦੇ ਸਟਾਲਾਂ, ਝੂਲਿਆਂ ਅਤੇ ਪੀਂਘਾਂ ਦਾ ਪ੍ਰਬੰਧ ਕੀਤਾ ਗਿਆ ਸੀ। ਵਿਦਿਆਰਥੀਆਂ ਦੀ ਪੇਸ਼ਕਾਰੀ ਜਿਵੇਂ ਭੰਗੜਾ, ਗਿੱਧਾ ਮਾਡਲਿੰਗ, ਲੋਕ ਗੀਤ, ਲੋਕ ਗੀਤਾਂ ‘ਤੇ ਡਾਂਸ ਆਦਿ ਸ਼ਾਨਦਾਰ ਸਨ। 10+1 ਅਤੇ 10+2 ਜਮਾਤ ਦੀਆਂ ਵਿਦਿਆਰਥਣਾਂ ਦਾ ਗਿੱਧਾ ਸਭ ਤੋਂ ਮਜ਼ੇਦਾਰ ਸੀ। ਮਾਡਲਿੰਗ ਵਿੱਚ ਹਰਲੀਨ ਕੌਰ (+1) ਨੂੰ ‘ਤੀਆਂ ਦੀ ਰੌਣਕ’, ਪਵਨਦੀਪ ਕੌਰ (+2) ਨੂੰ ‘ਤੌਰ ਪੰਜਾਬਣ ਦੀ’, ਨਵਦੀਪ ਕੌਰ (+1) ਨੂੰ ‘ਸੁਚੱਜੀ ਪੰਜਾਬਣ’ , ਮਨਪ੍ਰੀਤ ਕੌਰ (+1) ਨੂੰ ਰੂਹ ਸੱਭਿਆਚਾਰ ਦੀ ਅਤੇ ਹਰਮਿੰਦਰ ਕੌਰ(+2) ਨੂੰ ‘ਤੀਆਂ ਦੀ ਰਾਣੀ’ ਦਾ ਖਿਤਾਬ ਦਿੱਤਾ ਗਿਆ। ਫਤਿਹ ਟੀਵੀ ਚੈਨਲ ਦੁਆਰਾ ਆਰੰਭ ਤੋਂ ਲੈ ਕੇ ਅੰਤ ਤੱਕ ਸਾਰੇ ਪ੍ਰੋਗਰਾਮ ਦੀ ਕਵਰੇਜ ਕੀਤੀ ਗਈ। ਵਿਦਿਆਰਥੀਆਂ ਅਤੇ ਸਾਰੇ ਸਟਾਫ ਲਈ ਸਕੂਲ ਵਿੱਚ ਖੀਰ ਅਤੇ ਪੂੜਿਆਂ ਦਾ ਲੰਗਰ ਵੀ ਲਗਾਇਆ ਗਿਆ। ਸਕੂਲ ਦੀ ਪ੍ਰਿੰਸੀਪਲ ਰੁਪਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਆਪਣੇ ਪੰਜਾਬੀ ਸੱਭਿਆਚਾਰ ਦਾ ਸਤਿਕਾਰ ਕਰਨ ਅਤੇ ਇਸ ਨਾਲ ਹਮੇਸ਼ਾ ਜੁੜੇ ਰਹਿਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਵਿਦਿਆਰਥੀਆਂ, ਅਧਿਆਪਕਾਂ, ਸਹਿਯੋਗੀ ਸਟਾਫ਼ ਅਤੇ ਗੈਰ-ਅਧਿਆਪਕ ਸਟਾਫ਼ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਲਈ ਉਤਸ਼ਾਹਿਤ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly