ਗੁਰਦਾਸਪੁਰ: ਨਿੱਜੀ ਸਕੂਲ ’ਚ ਚਾਰ ਸਾਲ ਦੀ ਬੱਚੀ ਨਾਲ ਜਬਰ-ਜਨਾਹ ਦਾ ਇਲਜ਼ਾਮ; ਪਰਿਵਾਰ ਨੇ ਸਮਰਥਕਾਂ ਸਣੇ ਜੀਟੀ ਰੋਡ ’ਤੇ ਧਰਨਾ ਦਿੱਤਾ

ਗੁਰਦਾਸਪੁਰ  (ਸਮਾਜ ਵੀਕਲੀ):  ਸ਼ਹਿਰ ਦੇ ਬਾਹਰਵਾਰ ਬਟਾਲਾ ਰੋਡ ’ਤੇ ਨਿੱਜੀ ਸਕੂਲ ਵਿੱਚ ਪੜ੍ਹਦੀ ਚਾਰ ਸਾਲ ਦੀ ਬਾਲੜੀ ਨਾਲ ਕਥਿਤ ਜਬਰ-ਜਨਾਹ ਹੋਣ ਮਗਰੋਂ ਇਸ ਬੱਚੀ ਦੇ ਮਾਤਾ-ਪਿਤਾ ਅਤੇ ਸ਼ਹਿਰ ਦੇ ਸਮਾਜਿਕ ਸੰਗਠਨਾਂ ਵੱਲੋਂ ਧਰਨਾ ਲਗਾ ਕੇ ਅੰਮ੍ਰਿਤਸਰ-ਪਠਾਨਕੋਟ ਹਾਈਵੇਅ ਨੂੰ ਜਾਮ ਕਰ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਹੈ ਕਿ ਬੱਚੀ ਨਾਲ ਸਕੂਲ ਅੰਦਰ ਜਬਰ ਜਨਾਹ ਹੋਇਆ ਹੈ। ਪੁਲੀਸ ਵੱਲੋਂ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰਨ ਬਾਅਦ ਵੀ ਪ੍ਰਦਰਸ਼ਨਕਾਰੀ ਸਕੂਲ ਪ੍ਰਬੰਧਕਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਸਕੂਲ ਬੰਦ ਕਰਨ ਦੀ ਮੰਗ ਕਰਦੇ ਰਹੇ। ਪੀੜਤ ਬੱਚੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਲੜਕੀ ਇਸ ਸਕੂਲ ਵਿੱਚ ਐੱਲਕੇਜੀ ਵਿੱਚ ਪੜ੍ਹਦੀ ਹੈ। ਵੀਰਵਾਰ ਬਾਅਦ ਦੁਪਹਿਰ ਕਰੀਬ ਢਾਈ ਵਜੇ ਉਹ ਆਪਣੀ ਬੇਟੀ ਨੂੰ ਸਕੂਲ ਤੋਂ ਘਰ ਲੈ ਕੇ ਆਈ ਸੀ। ਰਾਤ ਨੂੰ ਸੌਣ ਸਮੇਂ ਉਸ ਦੀ ਬੇਟੀ ਨੇ ਦੱਸਿਆ ਕਿ ਉਸ ਦੇ ਪੇਟ ਵਿੱਚ ਦਰਦ ਹੋ ਰਿਹਾ ਹੈ। ਬੇਟੀ ਦੀ ਖ਼ਰਾਬ ਹਾਲਤ ਨੂੰ ਵੇਖਦਿਆਂ ਉਹ ਉਸ ਨੂੰ ਸਿਵਲ ਹਸਪਤਾਲ ਲੈ ਗਈ, ਜਿੱਥੇ ਜਾਂਚ ਮਗਰੋਂ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਬੇਟੀ ਨਾਲ ਜਬਰ ਜਨਾਹ ਹੋਇਆ ਹੈ।

ਮਾਂ ਨੇ ਇਲਜ਼ਾਮ ਲਗਾਇਆ ਕਿ ਉਸ ਦੀ ਬੇਟੀ ਨਾਲ ਸਕੂਲ ਦੇ ਹੀ ਕਿਸੇ ਕਰਮਚਾਰੀ ਨੇ ਹਰਕਤ ਕੀਤੀ ਹੈ ਅਤੇ ਇਸ ਲਈ ਸਕੂਲ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹੈ। ਮੌਕੇ ’ਤੇ ਪਹੁੰਚੇ ਡੀਐੱਸਪੀ ਸਿਟੀ ਸੁਖਪਾਲ ਸਿੰਘ ਨੇ ਕਿਹਾ ਕਿ ਦੋਵੇਂ ਧਿਰਾਂ ਦੀ ਗੱਲ ਸੁਣੀ ਗਈ ਹੈ। ਪੀੜਤ ਬੱਚੀ ਦੀ ਮਾਂ ਦੇ ਬਿਆਨਾਂ ਮਗਰੋਂ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮੁੱਢਲੀ ਜਾਂਚ ਦੌਰਾਨ ਸਕੂਲ ਵਿੱਚ ਲੱਗੇ ਕਿਸੇ ਵੀ ਸੀਸੀ ਟੀਵੀ ਕੈਮਰੇ ਵਿੱਚ ਐਸੀ ਕੋਈ ਹਰਕਤ ਨਜ਼ਰ ਨਹੀਂ ਆਈ। ਸ਼ਾਮ ਤੱਕ ਪ੍ਰਦਰਸ਼ਨਕਾਰੀਆਂ ਦਾ ਧਰਨਾ ਜਾਰੀ ਸੀ ਅਤੇ ਪੁਲੀਸ ਬੱਚੀ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਲੈ ਕੇ ਗਈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਿਮਾਚਲ ਪ੍ਰਦੇਸ਼ ਸਰਕਾਰ ਨੇ ਕੋਵਿਡ ਪਾਬੰਦੀਆਂ ਹਟਾਈਆਂ
Next articleਨਹਿਰੂ ਯੁਵਾ ਕੇਂਦਰ ਦੁਆਰਾ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਪੜੋਸ ਯੁਵਾ ਸੰਸਦ ਕਰਵਾਈ ਗਈ