ਗੁਜਰਾਤ ਚੋਣਾਂ: ‘ਆਪ’ ਨੇ ਗਡਵੀ ਨੂੰ ਮੁੱਖ ਮੰਤਰੀ ਉਮੀਦਵਾਰ ਬਣਾਇਆ

 

  • ਅਰਵਿੰਦ ਕੇਜਰੀਵਾਲ ਨੇ ਕੀਤਾ ਐਲਾਨ
  • ਪਾਰਟੀ ਵੱਲੋਂ ਕਰਵਾਏ ਸਰਵੇਖਣ ’ਚ ਗਡਵੀ ਨੂੰ 73 ਫ਼ੀਸਦ ਵੋਟਾਂ ਮਿਲਣ ਦਾ ਦਾਅਵਾ

ਅਹਿਮਦਾਬਾਦ (ਸਮਾਜ ਵੀਕਲੀ): ਆਮ ਆਦਮੀ ਪਾਰਟੀ ਨੇ ਸਾਬਕਾ ਟੀਵੀ ਮੇਜ਼ਬਾਨ ਅਤੇ ਪੱਤਰਕਾਰ ਇਸੂਦਾਨ ਗਡਵੀ ਨੂੰ ਆਗਾਮੀ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਆਪਣਾ ਮੁੱਖ ਮੰਤਰੀ ਉਮੀਦਵਾਰ ਬਣਾਇਆ ਹੈ। ਇਹ ਐਲਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਅਤੇ ਕਿਹਾ ਕਿ ਗਡਵੀ (40) ਨੂੰ ਪਾਰਟੀ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਵਿੱਚ 73 ਫ਼ੀਸਦੀ ਵੋਟਾਂ ਮਿਲੀਆਂ ਹਨ। ਗਡਵੀ ਦਾ ਮੁਕਾਬਲਾ ਪਾਰਟੀ ਦੀ ਸੂਬਾ ਇਕਾਈ ਦੇ ਮੁਖੀ ਗੋਪਾਲ ਇਟਾਲੀਆ ਸਨ, ਜਿਨ੍ਹਾਂ ਨੇ ਪਾਟੀਦਾਰ ਭਾਈਚਾਰੇ ਦੇ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

ਇਸੂਦਾਨ ਗਡਵੀ ਦਵਾਰਕਾ ਜ਼ਿਲ੍ਹੇ ਅਧੀਨ ਪਿੰਡ ਪਿਪਲੀਆ ਦੇ ਇੱਕ ਕਿਸਾਨ ਪਰਿਵਾਰ ਵਿਚੋਂ ਅਤੇ ਪੱਛੜੀਆਂ ਜਾਤੀਆਂ ਨਾਲ ਸਬੰਧਤ ਹਨ, ਜਿਹੜੀਆਂ ਸੂਬੇ ਦੀ ਆਬਾਦੀ ਦਾ 48 ਫ਼ੀਸਦੀ ਹਿੱਸਾ ਹਨ। ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਾਰਟੀ ਨੇ ਲੋਕਾਂ ਨੂੰ ਆਪਣਾ ਮੁੱਖ ਮੰਤਰੀ ਉਮੀਦਵਾਰ ਚੁਣਨ ਆਖਦਿਆਂ ਚੋਣ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਇਸ ਲਈ 16 ਲੱਖ ਤੋਂ ਵੱਧ ਲੋਕਾਂ ਨੇ ਵੋਟਿੰਗ ਕੀਤੀ ਅਤੇ ਉਨ੍ਹਾਂ ਵਿੱਚੋਂ 73 ਫ਼ੀਸਦੀ ਨੇ ਗਡਵੀ ਨੂੰ ਪਹਿਲ ਦਿੱਤੀ। ਪਿਛਲੇ ਹਫ਼ਤੇ ਕੇਜਰੀਵਾਲ ਨੇ ਲੋਕਾਂ ਨੂੰ ਐੱਸਐੱਮਐੱਸ, ਵੱਟਸਐਪ, ਵੁਆਇਸ ਮੇਲ ਅਤੇ ਈਮੇਲ ਕਰਨ ਦੀ ਅਪੀਲ ਕੀਤੀ ਸੀ ਤਾਂ ਕਿ ਉਹ ਇਸ ਬਾਰੇ ਆਪਣੀ ਰਾਇ ਦੇ ਸਕਣ ਕਿ ਸੂਬੇ ਵਿੱਚ ਪਾਰਟੀ ਵੱਲੋਂ ਮੁੱਖ ਮੰਤਰੀ ਉਮੀਦਵਾਰ ਕੌਣ ਹੋਣਾ ਚਾਹੀਦਾ ਹੈ, ਜਿੱਥੇ ਇਸ ਸਮੇਂ ਭਾਜਪਾ ਦੀ ਸਰਕਾਰ ਹੈ। ਲੋਕਾਂ ਤੋਂ 3 ਨਵੰਬਰ ਤੱਕ ਰਾਇ ਮੰਗੀ ਗਈ ਸੀ। ਆਮ ਆਦਮੀ ਪਾਰਟੀ ਸੂਬੇ ਵਿੱਚ ਹੁਣ ਤੱਕ ਆਪਣੇ 118 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਦੱਸਣਯੋਗ ਹੈ ਕਿ 182 ਮੈਂਬਰੀ ਗੁਜਰਾਤ ਵਿਧਾਨ ਸਭਾ ਲਈ ਦੋ ਗੇੜਾਂ ਵਿੱਚ 1 ਅਤੇ 5 ਦਸੰਬਰ ਨੂੰ ਵੋਟਾਂ ਪੈਣੀਆਂ ਹਨ ਜਦਕਿ ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਨਪੁਰੀ ਲੋਕ ਸਭਾ ਤੇ ਵਿਧਾਨ ਸਭਾ ਦੇ 5 ਹਲਕਿਆਂ ਲਈ ਜ਼ਿਮਨੀ ਚੋਣ 5 ਦਸੰਬਰ ਨੂੰ: ਚੋਣ ਕਮਿਸ਼ਨ
Next articleਮੱਧ ਪ੍ਰਦੇਸ਼: ਬੱਸ ਅਤੇ ਐੱਸਯੂਵੀ ਦੀ ਟੱਕਰ ਕਾਰਨ 11 ਹਲਾਕ