(ਸਮਾਜ ਵੀਕਲੀ)
ਹੈ ਇੱਕ ਫ਼ਜ਼ੂਲਖਰਚੀ ਦਾ ਕਾਰਨ
ਖੁੱਲੀ ਥਾਂ ਤੇ ਟੈਂਟ ਲਗਾ ਕੇ ਵਿਆਹ ਸਮਾਗਮ ਕਰਨ ਨਾਲ ਹੁੰਦੀ ਹੈ ਸ਼ਰਮ ਮਹਿਸੂਸ
ਜਿੰਦਗੀ ਬਹੁਤ ਖੂਬਸੂਰਤ ਹੈ। ਅਸੀਂ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਣਦੇ ਹਾਂ। ਇਹ ਦੁਨੀਆਂ ਹੀ ਬਹੁਤ ਰੰਗ-ਬਰੰਗੀ ਹੈ। ਹਰ ਇਨਸਾਨ ਆਪਣੀ ਜ਼ਿੰਮੇਵਾਰੀ ਨਿਭਾ ਕੇ ਇਸ ਸੰਸਾਰ ਤੋਂ ਰੁਖ਼ਸਤ ਕਰਦਾ ਹੈ। ਕੋਈ ਇਸ ਸੰਸਾਰ ਵਿਚ ਸਥਾਈ ਰਹਿਣ ਵਾਲਾ ਨਹੀਂ ਹੈ। ਜਿੰਨੇ ਵੀ ਸਾਹ ਸਾਨੂੰ ਪਰਮਾਤਮਾ ਨੇ ਦਿੱਤੇ ਹਨ ,ਉਨ੍ਹਾਂ ਨੂੰ ਭੋਗ ਕੇ ਇਨਸਾਨ ਇਸ ਸੰਸਾਰ ਤੋਂ ਚਲਿਆ ਜਾਂਦਾ ਹੈ। ਜੇ ਪੁਰਾਣੇ ਸਮਿਆਂ ਦੀ ਗੱਲ ਕਰੀਏ ਤਾਂ ਦੇਖਿਆ ਜਾਂਦਾ ਸੀ ਕਿ ਜੇ ਪਿੰਡ ਵਿਚ ਕਿਸੇ ਦਾ ਵਿਆਹ ਕਾਰਜ ਹੁੰਦਾ ਸੀ, ਤਾਂ ਸਾਰੇ ਪਿੰਡ ਨੂੰ ਹੀ ਬਹੁਤ ਚਾਅ ਚੜ੍ਹ ਜਾਂਦਾ ਸੀ, ਕਿ ਫਲਾਣੇ ਦੇ ਮੁੰਡੇ ਜਾਂ ਕੁੜੀ ਦਾ ਵਿਆਹ ਹੈ ।ਤਕਰੀਬਨ ਵਿਆਹ ਤੋਂ ਇੱਕ ਮਹੀਨਾ ਪਹਿਲਾਂ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਸਨ। ਪਿੰਡ ਦੀਆਂ ਬਜ਼ੁਰਗ ਜ਼ਨਾਨੀਆਂ, ਵਿਆਹ ਵਾਲੇ ਘਰ ਆ ਕੇ ਸਾਫ ਸਫਾਈ, ਕਣਕ ਦਾ ਪੀਹਣਾ ਕਰਨਾ, ਦਾਲਾਂ ਸਾਫ਼ ਕਰਨੀਆਂ ਸ਼ੁਰੂ ਕਰ ਦਿੰਦੀਆਂ ਸਨ ।
ਕਹਿਣ ਦਾ ਮਤਲਬ ਇਹ ਹੈ ਕਿ ਜਿੰਨਾ ਵੀ ਕਿਸੇ ਕੋਲ ਸਮਾਂ ਹੁੰਦਾ ਸੀ ,ਉਹ ਸਮਾਂ ਵਿਆਹ ਵਾਲੇ ਘਰ ਦੀ ਮਦਦ ਲਈ ਹੁੰਦਾ ਸੀ। ਇਸੇ ਤਰਾਂ ਆਦਮੀ ਵੀ ਮਦਦ ਕਰਦੇ ਸਨ। ਲੋਕਾਂ ਵਿੱਚ ਬਹੁਤ ਪਿਆਰ ਸੀ। ਘਰ ਵਿਚ ਭੱਠੀ ਚੜ੍ਹਾਈ ਜਾਂਦੀ ਸੀ। ਖਾਣ-ਪੀਣ ਵਾਲੀਆਂ ਵਸਤਾਂ, ਮਿਠਾਈਆਂ ਘਰ ਵਿੱਚ ਹੀ ਤਿਆਰ ਕੀਤੀ ਜਾਂਦੀਆਂ ਸਨ ।ਪਿੰਡ ਦੇ ਨੌਜਵਾਨ ਵਿਆਹ ਵਾਲੇ ਘਰ ਵਿੱਚ ਕੰਮ ਕਰਵਾਉਂਦੇ ਸਨ। ਕੋਈ ਖੁੱਲੀ ਥਾਂ ਧਰਮਸ਼ਾਲਾ ਜਾਂ ਸਕੂਲ ਦੇਖ ਕੇ ਉਥੇ ਟੈਂਟ ਲਗਾ ਲਏ ਜਾਂਦੇ ਸਨ ।ਸ਼ਾਮਲਾਤ ਜ਼ਮੀਨਾਂ ਵਿੱਚ ਵੀ ਟੈਂਟ ਲਗਾ ਕੇ ਵਿਆਹ ਵਰਗੇ ਸਮਾਗਮ ਨੂੰ ਨੇਪਰੇ ਚੜ੍ਹਾਇਆ ਜਾਂਦਾ ਸੀ। ਆਪਸ ਵਿੱਚ ਇੰਨਾ ਪਿਆਰ ਹੁੰਦਾ ਸੀ ਕਿ ਪਤਾ ਹੀ ਨਹੀਂ ਚਲਦਾ ਸੀ ਕਿ ਕੋਈ ਕੰਮ ਰਹਿ ਗਿਆ ਹੋਵੇ। ਆਪਣਾ ਕਾਰਜ ਸਮਝ ਕੇ ਹੀ ਪਿੰਡ ਦੇ ਲੋਕ ਇਕ ਦੂਜੇ ਦੀ ਮਦਦ ਕਰਦੇ ਸਨ। ਜੋ ਵਿਆਹ ਸਮਾਗਮਾਂ ਵਿੱਚ ਖੁੱਲੀ ਥਾਂ ਤੇ ਟੈਂਟ ਲਗਾਏ ਜਾਂਦੇ ਸਨ ਉਸ ਦਾ ਵੀ ਕੋਈ ਜ਼ਿਆਦਾ ਖਰਚਾ ਨਹੀਂ ਹੁੰਦਾ ਸੀ। ਫਜ਼ੂਲ-ਖਰਚੀ ਕਰਨਾ ਲੋਕਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ। ਲੋਕ ਸੀਮਿਤ ਸਾਧਨਾਂ ਵਿੱਚ ਹੀ ਜ਼ਿੰਦਗੀ ਬਸਰ ਕਰਦੇ ਸਨ।
ਸਮਾਂ ਬਦਲਿਆ।ਅੱਜ ਪੱਛਮੀ ਸੱਭਿਅਤਾ ਦਾ ਬਹੁਤ ਬੋਲਬਾਲਾ ਹੈ। ਅੱਜ ਟੈਂਟਾਂ ਦੀ ਥਾਂ ਹੁਣ ਮੈਰਿਜ ਪੈਲੇਸਾਂ ਨੇ ਲੈ ਲਈ ਹੈ। ਮੈਰਿਜ ਪੈਲੇਸਾਂ ਵਾਲੇ ਲੱਖਾਂ ਰੁਪਏ ਦਾ ਬਿੱਲ ਬਣਾ ਕੇ ਮਾਲਕ ਦੇ ਹੱਥ ਫੜਾ ਦਿੰਦੇ ਹਨ। ਮੈਰਿਜ ਪੈਲਸਾਂ ਵਿੱਚ ਵਧੀਆ ਫੁੱਲਾਂ ਨਾਲ ਸਜਾਵਟ ਕਰਕੇ ਲੱਖਾਂ ਲੱਖਾਂ ਰੁਪਏ ਦਾ ਖਰਚਾ ਆ ਜਾਂਦਾ ਹੈ। ਜੇ ਕੋਈ ਵਿਆਹ-ਸ਼ਾਦੀ ਰਾਤ ਦੀ ਹੋਵੇ ਤਾਂ ਉੱਥੇ ਲਾਈਟਾਂ ਲਗਾ ਕੇ ਹੋਰ ਵੀ ਬਿੱਲ ਵਿੱਚ ਵਾਧਾ ਕੀਤਾ ਜਾਂਦਾ ਹੈ। ਮਾਲਕ ਨੂੰ ਇਹ ਹੁੰਦਾ ਹੈ ਕਿ ਮੈਂ ਵਿਆਹ ਤੇ ਬਹੁਤ ਪੈਸਾ ਖਰਚਣਾ ਹੈ। ਮੈਂ ਕਿਸੇ ਤੋਂ ਘੱਟ ਨਹੀਂ ਹਾਂ। ਅੱਜ ਕੱਲ੍ਹ ਦੀ ਜਿੰਦਗੀ ਵਿੱਚ ਦਿਖਾਵਾ ਬਹੁਤ ਜ਼ਿਆਦਾ ਹੈ। ਅੱਜ ਦਾ ਇਨਸਾਨ ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਨਹੀਂ ਸਮਝਦਾ। ਚਾਹੇ ਕਰਜ਼ਾ ਚੁੱਕ ਕੇ ਵਿਆਹ ਹੀ ਕਿਉਂ ਨਾ ਕਰਨਾ ਪਵੇ। ਫਿਰ ਸਮੇਂ ਸਿਰ ਕਰਜ਼ਾ ਨਾ ਉਤਰਨ ਕਰਕੇ ਇਨਸਾਨ ਗਲਤ ਰਾਹ ਚੁਣ ਲੈਂਦਾ ਹੈ।
ਕਹਿਣ ਦਾ ਭਾਵ ਹੈ ਕਿ ਇੱਕ ਦੂਜੇ ਨੂੰ ਨੀਚਾ ਦਿਖਾਉਣ ਲਈ ਤਰ੍ਹਾਂ-ਤਰ੍ਹਾਂ ਦੇ ਪਾਪੜ ਵੇਲੇ ਜਾ ਰਹੇ ਹਨ। ਪਤਾ ਨਹੀ ਕਿੰਨੇ ਕੁ ਤਰ੍ਹਾਂ ਦੇ ਬੇਲੋੜੇ ਖਰਚੇ ਵਿਆਹ ਮੈਰਿਜ ਪੈਲੇਸਾਂ ਦੇ ਅੰਦਰ ਹੁੰਦੇ ਹਨ। ਤਰ੍ਹਾਂ-ਤਰ੍ਹਾਂ ਦੇ ਖਾਣੇ ਬਣਾਏ ਜਾਂਦੇ ਹਨ। ਅੱਜ ਕੱਲ ਲੋਕਾਂ ਕੋਲ ਸਮਾਂ ਵੀ ਨਹੀਂ ਹੈ। ਲੋਕ ਵਿਆਹ ਕਾਰਜਾਂ ਲਈ ਠੇਕਾ ਤੱਕ ਦੇ ਰਹੇ ਹਨ। ਮਿਠਾਈ ਬਾਹਰ ਤੋਂ ਹੀ ਮੰਗਵਾ ਲਈ ਜਾਂਦੀ ਹੈ। ਸਾਰਿਆਂ ਨੂੰ ਪਤਾ ਹੀ ਹੈ ਕਿ ਮਿਠਾਈ ਮਿਲਾਵਟੀ ਦਾ ਕਿੰਨਾ ਬੋਲਬਾਲਾ ਹੈ। ਤਿਉਹਾਰਾਂ ਦੇ ਸੀਜਨ ਦੌਰਾਨ ਸਿਹਤ ਮੰਤਰਾਲਾ ਨਕਲੀ ਮਿਠਿਆਈਆਂ ਕਿੰਨੀ ਫੜਦਾ ਹੈ। ਫਿਰ ਵੀ ਲੋਕਾਂ ਨੂੰ ਸਮਝ ਨਹੀਂ ਹੈ।
ਅੱਜ ਕੱਲ ਤਾਂ ਵਿਆਹ ਸਿਰਫ ਇੱਕ ਦਿਨ ਦਾ ਹੀ ਰਹਿ ਗਿਆ ਹੈ। ਇੱਕ ਦਿਨ ਦਾ ਹੀ ਸਾਰੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਸੱਦਾ ਦਿੱਤਾ ਜਾਂਦਾ ਹੈ। ਸਾਰੇ ਰਿਸ਼ਤੇਦਾਰ ਦੋਸਤ ਮੈਰਿਜ ਪੈਲੇਸਾਂ ਵਿੱਚ ਇਕੱਠੇ ਹੁੰਦੇ ਹਨ। ਇੱਥੇ ਤਿੰਨ-ਚਾਰ ਤਰ੍ਹਾਂ-ਤਰ੍ਹਾਂ ਦੇ ਸਮਾਨ ਪਰੋਸਣ ਵਾਲੇ ਠੇਕੇਦਾਰ ਹੁੰਦੇ ਹਨ। ਚਾਹ ਵਾਲਾ ਠੇਕੇਦਾਰ ਵੱਖਰਾ ਹੁੰਦਾ ਹੈ। ਰੋਟੀ ਪਾਣੀ ਵਾਲਾ ਅਲੱਗ ਹੁੰਦਾ ਹੈ। ਜੰਕ ਫਾਸਟ ਫੂਡ ਵਾਲਾ ਵੱਖਰਾ ਹੁੰਦਾ ਹੈ। ਕਹਿਣ ਦਾ ਮਤਲਬ ਇਹ ਹੈ ਕਿ ਮੈਰਿਜ ਪੈਲਸਾਂ ਵਿੱਚ ਮਾਲਕ ਦੀ ਚੰਗੀ ਲੁੱਟ-ਖਸੁੱਟ ਹੁੰਦੀ ਹੈ। ਉਸ ਸਮੇਂ ਤਾਂ ਮਾਲਕ ਨੂੰ ਇਹ ਹੁੰਦਾ ਹੈ ਕਿ ਮੈਰਿਜ ਪੈਲਸਾਂ ਵਿੱਚ ਪ੍ਰੋਗਰਾਮ ਕਰਕੇ ਮੇਰਾ ਸਮਾਂ ਬਚ ਗਿਆ। ਸਾਰਾ ਕੁਝ ਮੈਰਿਜ ਪੈਲੇਸ ਵਾਲਿਆਂ ਨੇ ਹੀ ਬੰਦੋਬਸਤ ਕਰਨਾ ਹੈ ।ਬਾਅਦ ਵਿਚ ਪਤਾ ਚਲਦਾ ਹੈ ਕਿ ਮੈਰਿਜ ਪੈਲੇਸਾਂ ਵਾਲਿਆਂ ਨੇ ਕਿੰਨਾ ਲੱਖਾਂ ਦਾ ਬਿੱਲ ਬਣਾ ਕੇ ਹੱਥ ਫੜਾਇਆ ਹੈ। ਉੱਥੇ ਤਾਂ ਪਤਾ ਨਹੀਂ ਹੁੰਦਾ ਕਿ ਕਿੰਨੀਆਂ ਪਲੇਟਾਂ ਲੱਗੀਆਂ ਹਨ।
ਕਿਹੜਾ ਕੋਈ ਗਿਣਤੀ ਕਰਨ ਵਾਲਾ ਹੁੰਦਾ ਹੈ ਕਿ ਕਿੰਨੇ ਮੈਂਬਰ ਖਾ ਕੇ ਗਏ ਹਨ। ਬਾਅਦ ਵਿਚ ਮੈਰਿਜ ਪੈਲੇਸ ਦਾ ਮਾਲਕ ਵਿਆਹ ਵਾਲ਼ਿਆਂ ਨੂੰ ਕਹਿ ਦਿੰਦਾ ਹੈ ਕਿ ਤੁਹਾਡੇ ਤਾਂ ਇੱਕ ਹਜ਼ਾਰ ਬੰਦਾ ਆਇਆ ਸੀ। ਇੱਕ ਹਜ਼ਾਰ ਪਲੇਟਾਂ ਲੱਗੀਆਂ ਹਨ। ਮਜਬੂਰੀ ਕਾਰਨ ਵਿਆਹ ਮਾਲਕ ਨੂੰ ਫਿਰ ਉਹ ਖਰਚਾ ਸਾਰਾ ਹੀ ਚੁੱਕਣਾ ਪੈਂਦਾ ਹੈ। ਇੰਤਜਾਮ ਮਾਲਕ ਦੇ ਮੁਤਾਬਕ 500 ਬੰਦਿਆਂ ਦਾ ਹੁੰਦਾ ਹੈ।ਕਈ ਵਾਰ ਤਾਂ ਅਜਿਹਾ ਵੀ ਦੇਖਣ ਨੂੰ ਆਉਂਦਾ ਹੈ ਕਿ ਲੋਕ ਇੱਕ ਪਕੌੜਾ ਪਲੇਟ ਵਿੱਚ ਪਾ ਲੈਂਦੇ ਹਨ ।ਉਹ ਸੁਆਦ ਨਹੀਂ ਹੁੰਦਾ। ਫਿਰ ਇਸੇ ਤਰ੍ਹਾਂ ਪਲੇਟ ਨੂੰ ਝੂਠੇ ਭਾਂਡਿਆਂ ਵਿੱਚ ਰੱਖ ਦਿੰਦੇ ਹਨ। ਹੁਣ ਉਹ ਚਾਹੇ ਪਲੇਟ ਦੀ ਕੀਮਤ ਅੱਠ ਸੌ ਰੁਪਏ ਜਾਂ ਪੰਦਰਾਂ ਸੌ ਰੁਪਏ ਹੋਵੇਗੀ। ਖਰਚਾ ਤਾਂ ਮਾਲਕ ਨੂੰ ਹੀ ਦੇਣਾ ਪਵੇਗਾ। ਅਜਿਹੇ ਬੇਲੋੜੇ ਖਰਚੇ ਅੱਜ-ਕੱਲ੍ਹ ਲੋਕਾਂ ਦੀਆਂ ਜੇਬਾਂ ਢਿੱਲੀਆਂ ਕਰ ਰਹੇ ਹਨ। ਅਜੇ ਵੀ ਸੰਭਲਣ ਦਾ ਵੇਲਾ ਹੈ ।ਸਮਝ ਜਾਓ। ਵਿਆਹ ਪ੍ਰੋਗਰਾਮ ਖੁੱਲ੍ਹੀ ਥਾਂ ਤੇ ਕਰੋ ਜਿਥੇ ਤੁਹਾਡੀ ਦੇਖ ਰੇਖ ਹੁੰਦੀ ਰਹੇ।ਪਤਾ ਵੀ ਚੱਲੇ ਕੀ ਕਿੰਨੇ ਸੱਜਣ ਖਾਣਾ ਖਾ ਕੇ ਗਏ।ਅਜੇ ਵੀ ਸੰਭਲਣ ਦਾ ਵੇਲਾ ਹੈ। ਸਮਝ ਜਾਓ।
ਦਿਖਾਵੇ ਦੇ ਚੱਕਰ ਵਿਚ ਕਰਜ਼ਈ ਨਾ ਬਣੋ। ਅੱਜ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਜੰਝ ਘਰ ਪਿੰਡ ਵਿੱਚ ਹੀ ਬਣਾ ਦਿੱਤੇ ਹਨ। ਜੋ ਕਿ ਸ਼ਲਾਘਾਯੋਗ ਪਹਿਲ ਹੈ। ਖੁੱਲੀ ਥਾਂ ਤੇ ਜੰਝ ਘਰ ਬਣਾਏ ਗਏ ਹਨ। ਉੱਥੇ ਵਧੀਆ ਟੈਂਟ ਲਗਾ ਕੇ ਫਜ਼ੂਲ ਖਰਚੀ ਤੋਂ ਬਚਿਆ ਜਾ ਸਕਦਾ ਹੈ।ਕਰੋਨਾ ਕਾਲ ਸਮੇਂ ਜਦੋਂ ਸਾਰਾ ਕੁੱਝ ਬੰਦ ਸੀ। ਅਸੀਂ ਸਾਰਿਆਂ ਨੇ ਹੀ ਦੇਖਿਆ ਹੈ ਕਿ ,5 ਜਾਂ 7 ਬੰਦਿਆਂ ਨੇ ਹੀ ਵਿਆਹ ਕਾਰਜ ਨੇਪੜੇ ਚੜਾਏ ਸਨ। ਬਹੁਤ ਕੁੱਝ ਉਸ ਸਮੇਂ ਤੋਂ ਸਿਖਿਆ ਦਾ ਸਕਦਾ ਹੈ।ਸੋ ਹਮੇਸ਼ਾ ਚਾਦਰ ਦੇਖ ਕੇ ਪੈਰ ਪਸਾਰੋ। ਜਿਨ੍ਹਾਂ ਮਰਜ਼ੀ ਲੋਕਾਂ ਨੂੰ ਤੁਸੀਂ ਵਧੀਆ ਖਾਣੇ ਮੈਰਿਜ ਪੈਲੇਸਾਂ ਵਿੱਚ ਖੁਆਓ, ਮਿੱਟੀ ਜ਼ਰੂਰ ਕੁੱਟਣਗੇ ਕਿ ਵਧੀਆ ਨਹੀਂ ਸੀ। ਇਸ ਕਰਕੇ ਕੁਦਰਤ ਦੇ ਨਿਯਮ ਅਨੁਸਾਰ ਜ਼ਿੰਦਗੀ ਬਸਰ ਕਰੋ।
ਸੰਜੀਵ ਸਿੰਘ ਸੈਣੀ, ਮੋਹਾਲੀ 7888966168
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly