(ਸਮਾਜ ਵੀਕਲੀ)
ਮੈਂ ਉਸ ਮਹਾਨ ਦੇਸ਼ ਦਾ ਵਾਸੀ ਹਾਂ,
ਜਿੱਥੇ ਰੋਜ਼ ਹੀ ਪੱਥਰ ਪੂਜੀ ਜਾਂਦੇ ਨੇ l
ਜਿਉਂਦੇ ਲੋਕੀਂ ਬੇਸ਼ੱਕ ਭੁੱਖੇ ਮਰਦੇ,
ਮੁਰਦਿਆਂ ਨੂੰ ਭੋਗ ਲਵਾਈ ਜਾਂਦੇ ਨੇ l
ਆਸ਼ਰਮਾਂ’ਚ ਕਈ ਮਾਵਾਂ ਰੁਲਦੀਆਂ,
ਗਊਆਂ ਨੂੰ ਮਾਤਾ ਮੰਨੀ ਜਾਂਦੇ ਨੇ l
ਸਾਨ੍ਹ ਸੜਕਾਂ ਉੱਤੇ ਅਵਾਰਾ ਘੁੰਮਣ,
ਲੋਕਾਂ ਨੂੰ ਸਿੰਗਾਂ ਤੇ ਚੁੱਕੀ ਜਾਂਦੇ ਨੇ l
ਰੁਜ਼ਗਾਰ ਦੇਣ ਦਾ ਨਾ ਕੋਈ ਨਾਂ ਲਵੇ,
ਡਾਂਗਾਂ ਨਾਲ ਮੋਢੇ ਭੰਨੀ ਜਾਂਦੇ ਨੇ l
ਜਾਤ ਪਾਤ ਦਾ ਇਥੇ ਫਰਕ ਬੜਾ,
ਐਵੇਂ ਨੀਵਾਂ ਉੱਚਾ ਆਖੀ ਜਾਂਦੇ ਨੇ l
ਸੋਚ ਆਪਣੀ ਨੂੰ ਨਾ ਉੱਤੇ ਚੁੱਕਣ,
ਵੰਡੀਆਂ ਨਿੱਤ ਪਵਾਈ ਜਾਂਦੇ ਨੇ l
ਆਪਣੇ ਪਰਾਏ ਦਾ ਨਾ ਲਿਹਾਜ਼ ਕਰਨ,
ਇੱਕ ਦੂਜੇ ਨੂੰ ਥੱਲੇ ਲਾਈ ਜਾਂਦੇ ਨੇ l
ਮਨ ਅੰਦਰਲੀ ਮੈਲ ਨਾ ਧੋਂਦੇ ਲੋਕੀਂ,
ਨਹਾ ਨਹਾ ਕੇ ਤਨ ਨਿਖਾਰੀ ਜਾਂਦੇ ਨੇ l
ਸੁਖ ਸ਼ਾਂਤੀ ਦੀ ਨਾ ਕੋਈ ਗੱਲ ਕਰੇ,
ਹਿਰਦਿਆਂ’ਚ ਅੱਗਾਂ ਲਾਈ ਜਾਂਦੇ ਨੇ l
ਦੇਵੀਆਂ ਦੀ ਇੱਕ ਪਾਸੇ ਕਰਦੇ ਪੂਜਾ,
ਦੂਜੇ ਪਾਸੇ ਬਲਾਤਕਾਰ ਕਰਾਈ ਜਾਂਦੇ ਨੇ l
ਬਲਾਤਕਾਰਾਂ ਦੀਆਂ ਜੋ ਸਜ਼ਾਵਾਂ ਭੁਗਤਣ,
ਉਨ੍ਹਾਂ ਨੂੰ ਛੁੱਟੀਆਂ ਕਰਵਾਈ ਜਾਂਦੇ ਨੇ l
ਮੀਂਹ ਪਵਾਉਣ ਲਈ ਗੁੱਡੀਆਂ ਫੂਕਣ,
ਕੁੱਝ ਨੂੰ ਦਾਜ ਦੀ ਬਲੀ ਚੜ੍ਹਾਈ ਜਾਂਦੇ ਨੇ l
ਮੁੰਡਾ ਪ੍ਰਾਪਤ ਕਰਨ ਦੀ ਖਾਤਿਰ ਲੋਕੀਂ,
ਭਰੂਣ ਹੱਤਿਆ ਕਰਵਾਈ ਜਾਂਦੇ ਨੇ l
ਅੰਦਰੋਂ ਨਾ ਔਰਤਾਂ ਦਾ ਦੁੱਖ ਮੰਨਣ,
ਮਗਰਮੱਛ ਵਾਲੇ ਹੰਝੂ ਬਹਾਈ ਜਾਂਦੇ ਨੇ l
ਮਜ਼ਬੂਰਾਂ ਦੀ ਨਾ ਕੋਈ ਮੱਦਦ ਕਰੇ,
35 ਲੱਖ ਖਾ ਵਿਦੇਸ਼ ਬੁਲਾਈ ਜਾਂਦੇ ਨੇ l
ਕੰਮ ਤਾਂ ਨਰਕਾਂ ਨੂੰ ਜਾਣ ਵਾਲੇ ਕੀਤੇ,
ਸਵਰਗਾਂ ਲਈ ਦੁਆ ਕਰਾਈ ਜਾਂਦੇ ਨੇ l
ਹਨੇਰਿਆਂ ਦਾ ਇਥੇ ਰਾਜ ਹੋ ਗਿਆ,
ਕੋਸ਼ਿਸ਼ ਕਰ ਪ੍ਰਭਾਤ ਲੁਕਾਈ ਜਾਂਦੇ ਨੇ l
ਤਰਕਸ਼ੀਲਾ ਰੱਬ ਦਾ ਨਾਮ ਲੈਂਦੇ ਨੇ ਪਰ,
ਬਗਲ ਵਿੱਚ ਛੁਰੀ ਲੁਕਾਈ ਜਾਂਦੇ ਨੇ l
ਸੱਚ ਅਵਤਾਰ ਦਾ ਨਾ ਬਰਦਾਸ਼ਤ ਹੋਵੇ,
ਖੁਰਦਪੁਰੀਆ ਗਲ ਸਾਫ਼ਾ ਪਾਈ ਜਾਂਦੇ ਨੇ l
–ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147