(ਸਮਾਜ ਵੀਕਲੀ)
ਦੇਖ ਲੈ ਨਜ਼ਾਰਾ ਅੱਜ ਸੌਨ ਰੰਗੀ ਕਣਕ ਦਾ..
ਪੋਰੇ-ਪੋਰੇ ਕਰਦਿਆਂ ਨੇ ਮਿਹਨਤਾਂ ਕਮਾਈਆਂ ਸੀ
ਮਸਾਂ ਅੱਜ ਜੱਟ ਦਾ ਗੀਸਾ ਪਿਆ ਛਣਕਦਾ….
ਧੁੱਪਾਂ ਤੇ ਕੋਰਿਆਂ ਨੂੰ ਪਿੰਡੇ ਤੇ ਹੰਢਾਓਂਦਾ ਰਿਹਾ
ਨੀਂਦਰ ਨਾਲ ਲੱਥ-ਪੱਥ ਅੱਖਾਂ ਵੀ ਜਗਾਉਂਦਾ ਰਿਹਾ
ਮੌਤ ਦਾ ਵੀ ਕਦੇ ਜੱਟ ਖੋਫ ਨਹੀਓਂ ਕਰਦਾ
ਸੱਪਾਂ ਦੀਆਂ ਸਿਰੀਆਂ ਤੇ ਪੈਰ ਰਹਿੰਦਾ ਧਰਦਾ
ਫੇਰ ਵੀ ਕਦੇ ਓਹਦਾ ਮੱਥਾ ਨਹੀਓਂ ਟਣਕਦਾ…
ਦੇਖ ਲੈ ਨਜ਼ਾਰਾ ਅੱਜ ਸੌਨ ਰੰਗੀ ਕਣਕ ਦਾ!!
ਕੁਦਰਤ ਵੀ ਹੋ ਜਾਂਦੀ ਹੈ ਕਦੇ ਬੇਈਮਾਨ
ਸੋਕਾ, ਬਰਸਾਤਾਂ ਕਦੇ ਆਂਵਦੇ ਤੂਫ਼ਾਨ
ਫਿਰ ਵੀ ਨਾ ਹੌਂਸਲਾ ਕਿਸਾਨਾਂ ਦਾ ਡੋਲੇ
ਕਰਜੇ ਦੀ ਵਹੀ ਚ ਭਾਵੇਂ ਨਾਮ ਏਦਾ ਬੋਲੇ
ਹੋਂਠਾ ਤੇ ਗੀਤ ਇਹਦੇ ਗੂੰਜੇ ਤਾਂ ਵੀ ਅਣਖ਼ ਦਾ
ਦੇਖ ਲੈ ਨਜ਼ਾਰਾ ਸੋਨ ਰੰਗੀ ਕਣਕ ਦਾ!!
ਵਾਸਤਾ ਈ ਸਰਬ ਦਾ ਕਰੋਪੀ ਹਟਾ ਦੇ ਰੱਬਾ
ਅੰਨ ਦਾਤੇ ਦੇ ਬੋਹਲ ਚ ਦਾਣੇ ਤੂੰ ਪਾ ਦੇ ਰੱਬਾ
ਲੈ ਦੇਵੇ ਐਤਕੀ,ਇਹ ਤਾਰੋ ਨੂੰ ਵੀ ਸੂਟ
ਆਪਣਾ ਵੀ ਝੱਗਾ ਲਵੇ , ਕਾਕੇ ਨੂੰ ਵੀ ਬੂਟ
ਮੰਡੀ ਤੋਂ ਜਾਵੇ ਘਰ ਖੁਸ਼ੀਆਂ ਚ ਟਣਕਦਾ
ਦੇਖ ਲੈ ਨਜ਼ਾਰਾ ਅੱਜ ਸੌਨ ਰੰਗੀ ਕਣਕ ਦਾ!!
ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly