ਜੇਲ੍ਹਾਂ ’ਚ ਮੋਬਾਈਲਾਂ ਦੀ ਵਰਤੋਂ ਤਿੰਨ ਮਹੀਨਿਆਂ ’ਚ ਠੱਲ੍ਹੇਗੀ ਸਰਕਾਰ: ਬੈਂਸ

ਪਟਿਆਲਾ (ਸਮਾਜ ਵੀਕਲੀ):  ਅੱਜ ਪਟਿਆਲਾ ਜੇਲ੍ਹ ਦੇੇ ਦੌਰੇ ’ਤੇ ਆਏ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸੂਬੇ ’ਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਤਿੰਨ ਮਹੀਨਿਆਂ ’ਚ ਕੈਦੀਆਂ ਕੋਲੋਂ ਮੋਬਾਈਲ ਫੋਨ ਮਿਲਣ ਦੀਆਂ ਘਟਨਾਵਾਂ ਨੂੰ ਨੱਥ ਪਾ ਦੇਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅਜਿਹੀ ਨਵੀਨਤਮ ਤਕਨਾਲੋਜੀ ਲਿਆਂਦੀ ਜਾ ਰਹੀ ਹੈ ਕਿ ਜੇਲ੍ਹਾਂ ’ਚ ਫੋਨ ਚੱਲ ਹੀ ਨਹੀਂ ਸਕਣਗੇ ਅਤੇ ਇਸ ਤਰ੍ਹਾਂ ਗੈਂਗਸਟਰਾਂ ਵੱਲੋਂ ਜੇਲ੍ਹਾਂ ’ਚੋਂ ਫੋਨਾਂ ਰਾਹੀਂ ਕਾਰੋਬਾਰ ਚਲਾਏ ਜਾਣ ਦੀਆਂ ਗਤੀਵਿਧੀਆਂ ਨੂੰ ਠੱਲ੍ਹ ਪਵੇਗੀ।

ਜੇਲ੍ਹ ਮੰਤਰੀ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ’ਚ 40 ਫੀਸਦ ਕੈਦੀ ਨਸ਼ਿਆਂ ਦੇ ਆਦੀ ਹਨ ਅਤੇ ‘ਆਪ’ ਸਰਕਾਰ ਇਨ੍ਹਾਂ ਦੇ ਢੁਕਵੇਂ ਇਲਾਜ ਲਈ ਜੇਲ੍ਹਾਂ ’ਚ ਆਧੁਨਿਕ ਲੋੜਾਂ ਵਾਲੇ ਨਸ਼ਾ ਛੁਡਾਊ ਕੇਂਦਰ ਸਥਾਪਤ ਕਰ ਕੇ ਇਲਾਜ ਲਈ ਮਨੋਵਿਗਿਆਨੀਆਂ, ਮਨੋਰੋਗ ਮਾਹਿਰਾਂ ਅਤੇ ਹੋਰ ਅਮਲੇ ਦੀ ਭਰਤੀ ਕਰਨ ਸਣੇ ਆਧੁਨਿਕ ਉਪਕਰਨ ਵੀ ਮੁਹੱਈਆ ਕਰਵਾਏਗੀ।

ਸ੍ਰੀ ਬੈਂਸ ਨੇ ਕਿਹਾ ਕਿ ਸਰਕਾਰ ਵੱਲੋਂ 25 ਹਜ਼ਾਰ ਸਰਕਾਰੀ ਨੌਕਰੀਆਂ ਕੱਢੇ ਜਾਣ ਦਾ ਐਲਾਨ ਕੀਤਾ ਗਿਆ ਹੈ। ਇਸ ਤਰ੍ਹਾਂ ਰੁਜ਼ਗਾਰ ਦੇ ਮੌਕੇ ਪੈਦਾ ਕਰ ਕੇ ਬੇਰੁਜ਼ਗਾਰੀ ਨੂੰ ਠੱਲ੍ਹਿਆ ਜਾਵੇਗਾ, ਜਿਸ ਨਾਲ ਨੌਜਵਾਨਾਂ ਵਿੱਚ ਨਸ਼ਾ ਘਟੇਗਾ। ਮੰਤਰੀ ਨੇ ਜੇਲ੍ਹਾਂ ਲਈ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਭਰਤੀ ਛੇਤੀ ਕਰਨ ਅਤੇ ਜੇਲ੍ਹਾਂ ਲਈ ਆਧੁਨਿਕ ਉਪਕਰਨ ਮੁਹੱਈਆ ਕਰਵਾਉਣ ਦਾ ਐਲਾਨ ਵੀ ਕੀਤਾ। ਇਸ ਮੌਕੇ ਉਨ੍ਹਾਂ ਜੇਲ੍ਹ ਅਧਿਕਾਰੀਆਂ ਤੇ ਮੁਲਾਜ਼ਮਾਂ ਤੋਂ ਇਲਾਵਾ ਕੈਦੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਪਟਿਆਲਾ ਜੇਲ੍ਹ ’ਚ ਬੰਦ ਬਿਕਰਮ ਮਜੀਠੀਆ ਦਾ ਜ਼ਿਕਰ ਕਰਦਿਆਂ, ਜੇਲ੍ਹ ਮੰਤਰੀ ਨੇ ਕਿਹਾ ਕਿ ਕਿਸੇ ਵੀ ਬੰਦੀ ਨਾਲ ਵੀਆਈਪੀ ਵਾਲਾ ਵਿਵਹਾਰ ਨਹੀਂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਜੇਲ੍ਹ ਮੰਤਰੀ ਨੇ ਪਟਿਆਲਾ ਜੇਲ੍ਹ ਵਿਚਲੇ ਵੱਖ-ਵੱਖ ਖੇਤਰਾਂ ਦਾ ਦੌਰਾ ਕਰ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ।

‘ਬੈਂਸ ਰਹੂ ਜਾਂ ਨਾਜਾਇਜ਼ ਮਾਈਨਿੰਗ’

ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਰਕਾਰ ਦੇ ਟੀਚੇ ਮੁਤਾਬਕ ਸੂਬੇ ਵਿੱਚ ਨਾਜਾਇਜ਼ ਮਾਈਨਿੰਗ ਹਰਗਿਜ਼ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਦੁਹਰਾਇਆ ਕਿ ਜਾਂ ਤਾਂ ਬੈਂਸ ਰਹੇਗਾ ਜਾਂ ਫਿਰ ਨਾਜਾਇਜ਼ ਮਾਈਨਿੰਗ ਹੋਵੇਗੀ।

Previous articleਰਾਜਪਾਲ ਵੱਲੋਂ ਚੰਡੀਗੜ੍ਹ ਵਿੱਚ ‘ਹੁਨਰ ਹਾਟ’ ਦਾ ਉਦਘਾਟਨ
Next articleਕਾਂਗਰਸ ਵੱਲੋਂ 31 ਮਾਰਚ ਤੋਂ ‘ਮਹਿੰਗਾਈ ਮੁਕਤ ਭਾਰਤ’ ਮੁਹਿੰਮ ਚਲਾਉਣ ਦਾ ਐਲਾਨ