ਕਪੂਰਥਲਾ (ਸਮਾਜ ਵੀਕਲੀ) (ਕੌੜਾ) – ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪੀਏਸੀ ਮੈਂਬਰ ਇੰਜ.ਸਵਰਨ ਸਿੰਘ ਨੇ ਕੇਂਦਰ ਸਰਕਾਰ ਵਲੋਂ ਭਾਖੜਾ ਬਿਆਸ ਮੈਨਜਮੈਂਟ ਬੋਰਡ ਦੇ ਸਥਾਈ ਮੈਂਬਰਾਂ ਦੀ ਨਿਯੁਕਤੀ ਲਈ ਨਿਯਮਾਂ ‘ਚ ਕੀਤੇ ਬਦਲਾਅ ਦੇ ਫੈਸਲੇ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਵੱਡੀ ਸਾਜਿਸ਼ ਤਹਿਤ ਪੰਜਾਬ ਨਾਲ ਹੋਰ ਵਿਤਕਰਾ ਕੀਤਾ ਜਾ ਰਿਹਾ ਹੈ ਤੇ ਪੰਜਾਬ ਪ੍ਰਾਂਤ ਦੇ ਹੱਕਾਂ ‘ਤੇ ਡਾਕਾ ਮਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੀ ਧਰਤੀ ‘ਤੇ ਬਣੇ ਭਾਖੜਾ ਡੈਂਮ ਨਾਲ ਜੇਕਰ ਕਿਸੇ ਵੀ ਪ੍ਰਕਾਰ ਦ ੀਸਮੱਸਿਆ ਆਉਂਦੀ ਹੈ ਤਾਂ ਉਸ ਆਫਤ ਨਾਲ ਪੰਜਾਬ ਦੇ ਲੋਕ ਹੀ ਮਾਰੇ ਜਾਣਗੇ ਪਰ ਦੂਜੇ ਪਾਸੇ ਭਾਖੜਾ ਬਿਆਸ ਮੈਨਜਮੈਂਟ ਬੋਰਡ ‘ਚ ਪੰਜਾਬ ਦਾ ਹੀ ਸਥਾਈ ਮੈਂਬਰ ਨਾ ਬਣਾਉਂਣ ਦੀ ਸਾਜਿਸ਼ ਤਹਿਤ ਨਿਯਮਾਂ ਵਿੱਚ ਹੀ ਕੇਂਦਰ ਸਰਕਾਰ ਨੇ ਬਦਲਾਅ ਕਰ ਵਿਖਾਇਆ ਜੋ ਕਿ ਪੰਜਾਬ ਦੇ ਹੱਕਾਂ ‘ਤੇ ਇੱਕ ਹੋਰ ਡਾਕਾ ਹੈ,ਜਿਸਦਾ ਸਮੂਹ ਪੰਜਾਬ ਵਾਸੀਆਂ ਵਲੋਂ ਇਕਜੁੱਟ ਹੋ ਕੇ ਵਿਰੋਧ ਕਰਨਾ ਚਾਹੀਦਾ ਹੈ।
ਇੰਜ.ਸਵਰਨ ਸਿੰਘ ਨੇ ਕਿਹਾ ਕਿ ਕੇਂਦਰ ਦੇ ਇਸ ਫੈਸਲੇ ਨੇ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ ।ਕੇਂਦਰ ਵਲੋਂ ਕੀਤੇ ਇਸ ਬਦਲਾਅ ਨਾਲ ਸਮੂਹ ਸੂਬਾ ਵਾਸੀਆਂ ਅੰਦਰ ਰੋਸ ਪਾਇਆ ਜਾ ਰਿਹਾ ਹੈ।ਪੰਜਾਬ ਦੀਆਂ ਸਮੂਹ ਪਾਰਟੀਆਂ ਨੂੰ ਇਕਜੁੱਟ ਹੋ ਕੇ ਕੈਂਦਰ ਦੇ ਇਸ ਫੈਸਲੇ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਇਹ ਸੰਘੀ ਪ੍ਰਣਾਲੀ ਦੇ ਵਿਰੁੱਧ ਹੈ।ਉਹਨਾਂ ਕਿਹਾ ਕਿ ਬਿਜਲੀ ਮੰਤਰਾਲੇ ਵਲੋਂ ਜਾਰੀ ਨਵੇਂ ਨਿਯਮਾਂ ਅਨੁਸਾਰ ਹੁਣ ਦੇਸ਼ ਭਰ ਦੇ ਕਿਸੇ ਵੀ ਸੂਬੇ ਨਾਲ ਸਬੰਧਿਤ ਮੈਂਬਰ ਬੀਬੀਐਮਬੀ ਵਿੱਚ ਮੈਂਬਰ ਪਾਵਰ ਅਤੇ ਮੈਂਬਰ ਸਿਚਾਈ ਦੀਆਂ ਦੋ ਅਸਾਮੀਆਂ ਲਈ ਤਾਇਨਾਤ ਹੋ ਸਕਦੇ ਹਨ।ਪਹਿਲਾਂ ਨਿਯਮਾਂ ਅਨੁਸਾਰ ਮੈਂਬਰ ਪਾਵਰ ਪੰਜਾਬ ਤੋਂ ਅਤੇ ਮੈਂਬਰ ਸਿੰਚਾਈ ਹਰਿਆਣਾ ਤੋਂ ਸਨ ਪਰ ਹੁਣ ਮੈਂਬਰਾਂ ਲਈ ਨਿਯਮ ਅਤੇ ਮਾਪਦੰਡ ਇਸ ਤਰ੍ਹਾਂ ਰੱਖੇ ਗਏ ਹਨ ਕਿ ਪਾਵਰ ਕਾਮ ਦੇ ਬਹੁਤ ਘੱਟ ਇੰਜੀਨੀਅਰ ਇਹਨਾਂ ਨੂੰ ਪੂਰਾ ਕਰ ਸਕਣਗੇ।ਪਹਿਲਾਂ ਦੋਵਾਂ ਸੂਬਿਆਂ ਤੋਂ ਨਾਮਜਦ ਇੰੰਜੀਨੀਅਰਾਂ ਦੇ ਪੈਨਲ ਤੋਂ ਮੈਂਬਰ ਨਿਯੁਕਤ ਕੀਤੇ ਜਾਂਦੇ ਸਨ।ਉਹਨਾਂ ਕੇਂਦਰ ਦੀ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਨਿਯਮਾਂ ਵਿੱਚ ਕੀਤੇ ਬਦਲਾਅ ਨੂੰ ਰੱਦ ਕਰਕੇ ਪਹਿਲਾਂ ਵਾਲੀ ਸਥਾਈ ਸੀਟ ਨੂੰ ਲਾਗੂ ਕੀਤਾ ਜਾਵੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly