ਨਿਊਯਾਰਕ ਵਿਚ ਸਿੱਖ ਵਿਅਕਤੀ ’ਤੇ ਹਮਲਾ

ਨਿਊਯਾਰਕ (ਸਮਾਜ ਵੀਕਲੀ) : ਨਿਊਯਾਰਕ ਦੇ ਬਰੁਕਲਿਨ ਦੇ ਹੋਟਲ ਵਿਚ ਇਕ ਸਿਆਹਫਾਮ ਹਮਲਾਵਰ ਨੇ ਸਿੱਖ ਵਿਅਕਤੀ ’ਤੇ ਹਥੌੜੇ ਨਾਲ ਹਮਲਾ ਕਰ ਦਿੱਤਾ। ਹਮਲਾਵਰ ਨੇ ਨਾਲ ਹੀ ਚੀਕਦਿਆਂ ਕਿਹਾ ‘ਮੈਂ ਤੈਨੂੰ ਪਸੰਦ ਨਹੀਂ ਕਰਦਾ’, ‘ਤੇਰੀ ਚਮੜੀ ਸਾਡੇ ਵਰਗੀ ਨਹੀਂ ਹੈ।’ ਇਸ ਹਮਲੇ ਤੋਂ ਬਾਅਦ ਨਿਊਯਾਰਕ ਅਧਾਰਿਤ ਗਰੁੱਪ ‘ਦਿ ਸਿੱਖ ਕੋਲੀਸ਼ਨ’ ਨੇ ਮੰਗ ਕੀਤੀ ਹੈ ਕਿ ਘਟਨਾ ਦੀ ਜਾਂਚ ਕੀਤੀ ਜਾਵੇ ਤੇ ਦੇਖਿਆ ਜਾਵੇ ਕਿ ਕਿਤੇ ਇਹ ਨਫ਼ਰਤੀ ਹਮਲਾ ਤਾਂ ਨਹੀਂ ਸੀ।

‘ਨਿਊਯਾਰਕ ਡੇਅਲੀ’ ਦੀ ਵੈੱਬਸਾਈਟ ਮੁਤਾਬਕ ਸੁਮਿਤ ਆਹਲੂਵਾਲੀਆ (32) ਐਸਟੋਰੀਆ ਦਾ ਰਹਿਣ ਵਾਲਾ ਹੈ ਤੇ ਉਸ ਨੇ ਕਿਹਾ ਕਿ ਹਮਲਾਵਰ ਨਸਲੀ ਨਫ਼ਰਤ ਨਾਲ ਭਰਿਆ ਪਿਆ ਸੀ। ਸੁਮਿਤ ਨੇ ਦੱਸਿਆ ਕਿ ਘਟਨਾ 26 ਅਪਰੈਲ ਨੂੰ ਉਸ ਦੇ ਕੰਮ ਵਾਲੀ ਥਾਂ ਬਰਾਊਨਜ਼ਵਿਲੇ ਦੇ ‘ਕੁਆਲਿਟੀ ਇਨ’ ਵਿਚ ਵਾਪਰੀ। ਸੁਮਿਤ ਮੁਤਾਬਕ ਹਮਲਾਵਰ ਸਵੇਰੇ 8 ਵਜੇ ਹੋਟਲ ਦੀ ਲਾਬੀ ਵਿਚ ਆ ਗਿਆ ਤੇ ਚੀਕਣ ਲੱਗਾ। ਫਰੰਟ ਡੈਸਕ ’ਤੇ ਖੜ੍ਹੀ ਔਰਤ ਨੇ ਉਸ ਨੂੰ ਮਦਦ ਲਈ ਪੁੱਛਿਆ। ਇਸੇ ਦੌਰਾਨ ਆਹਲੂਵਾਲੀਆ ਵੀ ਉੱਥੇ ਉਸ ਵਿਅਕਤੀ ਨਾਲ ਗੱਲ ਕਰਨ ਆ ਗਿਆ ਤਾਂ ਕਿ ਸੁਰੱਖਿਆ ਗਾਰਡ ਨੂੰ ਸੱਦਿਆ ਜਾ ਸਕੇ।

ਸੁਮਿਤ ਮੁਤਾਬਕ ਹਮਲਾਵਰ ਉਸ ਵੱਲ ਦੌੜਿਆ ਤੇ ਆਪਣੀ ਜੇਬ ਵਿਚੋਂ ਹਥੌੜਾ ਕੱਢ ਕੇ ਜ਼ੋਰ ਨਾਲ ਉਸ ਦੇ ਸਿਰ ਵਿਚ ਮਾਰਿਆ। ਇਸ ਤੋਂ ਪਹਿਲਾਂ ਸਿੱਖ ਵਿਅਕਤੀ ਨੇ ਹਮਲਾਵਰ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਵੀ ਕੀਤੀ। ਸੁਮਿਤ ਨੇ ਇਸ ਘਟਨਾ ਤੋਂ ਬਾਅਦ ਕਿਹਾ ਕਿ ‘ਉਹ ਸਦਮੇ ਵਿਚ ਹੈ ਤੇ ਉਸ ਨੂੰ ਡਰ ਲੱਗ ਰਿਹਾ ਹੈ।’ ਪੁਲੀਸ ਨੇ ਸ਼ੱਕੀ ਦੀਆਂ ਤਸਵੀਰਾਂ ਰਿਲੀਜ਼ ਕਰ ਦਿੱਤੀਆਂ ਹਨ। ‘ਸਿੱਖ ਕੋਲੀਸ਼ਨ’ ਨੇ ਆਹਲੂਵਾਲੀਆ ਨੂੰ ਕੇਸ ਲਈ ਕਾਨੂੰਨੀ ਸੇਵਾਵਾਂ ਦੇਣ ਦਾ ਫ਼ੈਸਲਾ ਕੀਤਾ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਿਲ ਤੇ ਮੇਲਿੰਡਾ ਗੇਟਸ 27 ਸਾਲ ਬਾਅਦ ਲੈਣਗੇ ਤਲਾਕ
Next articleਆਸਟਰੇਲੀਆ: ਮੈਡੀਕਲ ਐਸੋਸੀਏਸ਼ਨ ਵੱਲੋਂ ਯਾਤਰਾ ਤੋਂ ਪਾਬੰਦੀਆਂ ਚੁੱਕਣ ਦੀ ਮੰਗ