ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਇਲਾਕਾ ਨਿਵਾਸੀਆਂ ਵੱਲੋਂ ਪਿੰਡ ਬਾਜੇ ਤੋਂ ਮੰਡ ਖਿਜਰਪੁਰ ਤੱਕ 5 ਤੋਂ 6 ਹਜ਼ਾਰ ਏਕੜ ਝੋਨੇ ਦੀ ਫਸਲ ਨੂੰ ਬਚਾਉਣ ਲਈ ਅੱਠ ਕਿਲੋਮੀਟਰ ਲੰਬੇ ਆਰਜੀ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਸੰਤ ਬਾਬਾ ਜੈ ਸਿੰਘ ਮਹਿਮਦਵਾਲ ਵਾਲਿਆਂ ਦੀ ਅਗਵਾਈ ਹੇਠ ਚੱਲ ਰਹੀ ਕਾਰ ਸੇਵਾ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਕਪੂਰਥਲਾ ਦੇ ਆਗੂਆਂ ਵੱਲੋਂ ਆਰਥਿਕ ਮਦਦ ਕਰਦਿਆਂ ਆਪਣਾ ਯੋਗਦਾਨ ਪਾਇਆ ਗਿਆ। ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਨ, ਬਲਾਕ ਪ੍ਰਧਾਨ ਸੁਖਦੇਵ ਸਿੰਘ ਬੂਲਪੁਰ, ਕੰਵਰਦੀਪ ਸਿੰਘ ਕੇ ਡੀ, ਜਗਜੀਤ ਸਿੰਘ ਬੂਲਪੁਰ ਆਦਿ ਨੇ ਦੱਸਿਆ ਕਿ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਬਹੁਤ ਜਿਆਦਾ ਵੱਧ ਜਾਣ ਕਾਰਨ ਇਸ ਆਰਜੀ ਬੰਨ ਦੀ ਹਾਲਤ ਬਹੁਤ ਖਸਤਾ ਹੋ ਗਈ ਸੀ। ਇਲਾਕਾ ਨਿਵਾਸੀਆਂ ਵੱਲੋਂ ਇਸ ਆਰਜੀ ਬੰਨ ਨੂੰ ਬਚਾਉਣ ਲਈ ਲਗਾਤਾਰ ਮਿੱਟੀ ਦੇ ਬੋਰੇ ਭਰ ਕੇ ਨਾਲ ਲਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾਈ ਆਗੂ ਰਸ਼ਪਾਲ ਸਿੰਘ ਵੜੈਚ ਵੱਲੋਂ ਕੀਤੀ ਅਪੀਲ ਤੋਂ ਬਾਅਦ ਗੌਰਮਿੰਟ ਟੀਚਰਜ਼ ਯੂਨੀਅਨ ਕਪੂਰਥਲਾ ਦੇ ਆਗੂਆਂ ਨੇ 5100 ਦੀ ਆਰਥਿਕ ਮਦਦ ਕੀਤੀ। ਇਸ ਤੋਂ ਇਲਾਵਾ ਸੰਗਤਾਂ ਜਲ ਪਾਣੀ ਦੀ ਸੇਵਾ ਵੀ ਕੀਤੀ ਗਈ।ਇਸ ਮੌਕੇ ਹੈੱਡ ਟੀਚਰ ਅਵਤਾਰ ਸਿੰਘ ਛੰਨਾ ਸ਼ੇਰ ਸਿੰਘ ਨੇ 5000 ਅਤੇ ਹੈੱਡ ਟੀਚਰ ਸਤੀਸ਼ ਟਿੱਬਾ ਨੇ 2000 ਰੁਪਏ ਦੀ ਸੇਵਾ ਦਿੱਤੀ। ਇਸ ਮੌਕੇ ਗੌਰਮੈਂਟ ਟੀਚਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਨ ਨੇ ਕਿਹਾ ਕਿ ਅੱਜ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਏ। ਉਹਨਾਂ ਨੇ ਕਿਹਾ ਮੌਜੂਦਾ ਸਮੇਂ ਦੌਰਾਨ ਭਾਰੀ ਬਾਰਿਸ਼ਾਂ ਕਾਰਨ ਸਥਿਤੀ ਵਿਗੜਦੀ ਜਾ ਰਹੀ ਹੈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਰਘਬੀਰ ਸਿੰਘ ਮਹਿਰਵਾਲਾ ਨੇ ਕਿਹਾ ਕਿ ਸਰਕਾਰਾਂ ਦੀ ਨਲਾਇਕੀ ਕਾਰਨ ਹੀ ਅੱਜ ਕਿਸਾਨਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਸਰਕਾਰਾਂ ਨੇ ਦਰਿਆਵਾਂ ਦੀ ਸਫਾਈ ਅਤੇ ਬੰਨਾਂ ਦੀ ਮਜਬੂਤੀ ਕੀਤੀ ਹੁੰਦੀ ਤਾਂ ਅੱਜ ਕਿਸਾਨਾਂ ਨੂੰ ਸਖਤ ਮਿਹਨਤ ਕਰਕੇ ਆਪਣੇ ਬੰਨਾਂ ਦੀ ਰਖਵਾਲੀ ਨਾ ਕਰਨੀ ਪੈਂਦੀ ।ਇਸ ਮੌਕੇ ਸੂਬਾਈ ਆਗੂ ਰਸ਼ਪਾਲ ਸਿੰਘ ਨੇ ਸਮੂਹ ਅਧਿਆਪਕ ਸਾਥੀਆਂ ਦਾ ਸਹਿਯੋਗ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਅਧਿਆਪਕ ਆਗੂ ਮਾਸਟਰ ਰੇਸ਼ਮ ਸਿੰਘ ਬੂੜੇਵਾਲ, ਪਰਮਿੰਦਰ ਸਿੰਘ ਸੈਦਪੁਰ, ਅਸ਼ਵਨੀ ਕੁਮਾਰ ਅਜੇ ਕੁਮਾਰ, ਕੁਲਦੀਪ ਠਾਕਰ, ਜਗਮੋਹਨ ਸਿੰਘ ਯਾਦਵਿੰਦਰ ਸਿੰਘ ਰੁਪਿੰਦਰ ਸਿੰਘ ਸੁਖਵਿੰਦਰ ਸਿੰਘ ਕਾਲੇਵਾਲ,ਜਸਵਿੰਦਰ ਸਿੰਘ ਸ਼ਿਕਾਰਪੁਰ, ਕੋਚ ਮਨਜਿੰਦਰ ਸਿੰਘ ਦੰਦੂਪੁਰ,ਹੈੱਡ ਟੀਚਰ ਸੁਖਵਿੰਦਰ ਸਿੰਘ ਦੰਦੂਪੁਰ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



