
(ਸਮਾਜ ਵੀਕਲੀ) ਪੰਜਾਬ ਦੇ ਹਲਾਤ ਤਰਸਯੋਗ ਹਨ । ਬਰਸਾਤ ਰੁਕਣ ਦਾ ਨਾਮ ਨਹੀਂ ਲੈ ਰਹੀ ਇਸ ਨਾਲ ਜਨ ਜੀਵਨ ਪ੍ਰਭਾਵਿਤ ਹੋਣਾ ਸੁਭਾਵਿਕ ਹੈ। ਪੰਜਾਬ ਵਿੱਚ ਹੜਾਂ ਦੀ ਸਥਿਤੀ ਬਰਕਰਾਰ ਹੈ। ਦਰਿਆ ਦੇ ਬੰਨ੍ਹ ਟੁੱਟਣ ਕਾਰਨ ਨਜ਼ਦੀਕ ਦੀਆਂ ਜ਼ਰਖ਼ੇਜ਼ ਜ਼ਮੀਨ ਵਿਚ ਖੜੀ ਲੱਖਾਂ ਏਕੜ ਫ਼ਸਲ ਬਰਬਾਦ ਹੋ ਗਈ ਹੈ ਤੇ ਘਰਾਂ ਵਿੱਚ ਪਾਣੀ ਭਰ ਗਿਆ । ਪੱਤਰਕਾਰਾਂ ਵੱਲੋਂ ਦਿਨ ਰਾਤ ਕਵਰੇਜ ਕੀਤੀ ਜਾ ਰਹੀ ਹੈ ਅਤੇ ਜਾਨ ਮਾਲ ਦੇ ਨੁਕਸਾਨ ਦੀਆ ਮਨਹੂਸ ਖਬਰਾਂ ਲਗਾਤਾਰ ਆ ਰਹੀਆਂ ਹਨ। ਪੰਜਾਬ ਦੇ ਲੋਕਾਂ ਦੇ ਹੋਂਸਲੇ ਬੁਲੰਦ ਹਨ ਹੜ ਪੀੜਤ ਇਲਾਕਿਆਂ ਵਿਚ ਆਪਣਿਆਂ ਲਈ ਆਪਣੇ ਰੱਬ ਬਣ ਬਹੁੜ ਰਹੇ ਹਨ। ਪੀੜਤ ਪਰਿਵਾਰਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਜਾ ਰਿਹਾ ਹੈ। ਅਲੱਗ ਅਲੱਗ ਸੰਸਥਾਵਾਂ ਦਿਨ ਰਾਤ ਇਸ ਆਫ਼ਤ ਨਾਲ ਮੋਢੇ ਨਾਲ ਮੋਢਾ ਜੋੜ ਕੇ ਜੂਝਦੀਆਂ ਨਜ਼ਰ ਆ ਰਹੀਆਂ ਹਨ। ਲੋਕ ਜਿਥੇ ਇਨ੍ਹਾਂ ਹੜਾਂ ਲਈ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ ਉਥੇ ਹੁਣ ਪ੍ਰਸ਼ਾਸਨ ਵੀ ਬਣਦੀ ਵਾਹ ਲਾ ਕੇ ਲਗ ਰਹੇ ਇਲਜਾਮ ਧੋਣ ਦਾ ਜਤਨ ਕਰ ਰਿਹਾ ਹੈ। ਪੰਜਾਬ ਦੇ ਬਹੁਤ ਸਾਰੇ ਕਲਾਕਾਰ ਬਣਦਾ ਯੋਗਦਾਨ ਪਾ ਕੇ ਦਸਵੰਧ ਸਫ਼ਲਾ ਕਰ ਰਹੇ ਹਨ । ਉਥੇ ਉਦਯੋਗ ਪਤੀਆਂ ਵੱਲੋਂ ਵੀ ਦਰਿਆ ਦਿਲੀ ਨਾਲ ਦਰਿਆਵਾਂ ਦੇ ਕੀਤੇ ਨੁਕਸਾਨ ਦੀ ਭਰਪਾਈ ਲਈ ਕੋਸ਼ਿਸ਼ਾਂ ਜਾਰੀ ਹਨ। ਮੈਡੀਸਨ ਸਮੇਤ ਖਾਣ ਪੀਣ ਦੇ ਸਮਾਨ ਤੋਂ ਇਲਾਵਾ ਪਸ਼ੂਆਂ ਦਾ ਚਾਰਾ ਅਤੇ ਤੰਬੂ ਤਰਪਾਲਾਂ ਸਮੇਤ ਹੋਰ ਸਹੂਲਤਾਂ ਜਿਥੇ ਜਿਥੇ ਜ਼ਰੂਰਤ ਹੈ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਅਜਿਹੇ ਹਲਾਤਾਂ ਵਿੱਚ ਰਾਜਨੀਤੀ ਆਪਣੀ ਪਰੰਪਰਾ ਨਿਭਾ ਰਹੀ ਹੈ। ਰਾਜਨੀਤਕ ਨੇਤਾਵਾਂ ਵੱਲੋਂ ਦੂਸ਼ਣਬਾਜ਼ੀ ਦਾ ਦੌਰ ਜਾਰੀ ਹੈ। ਪਰ ਇਹ ਵੇਲਾ ਦੂਸ਼ਣਬਾਜ਼ੀ ਦਾ ਨਹੀਂ ਹੈ। ਇਹ ਕੁਦਰਤੀ ਆਫ਼ਤ ਨਾਲ ਨਜਿੱਠਣ ਦਾ ਹੈ। ਪੰਜਾਬ ਸਰਕਾਰ ਦੇ ਮੰਤਰੀਆਂ ਵੱਲੋਂ ਪ੍ਰਸ਼ਾਸਨ ਤੇ ਨਜ਼ਲਾ ਸੁਟਿਆ ਜਾ ਰਿਹਾ ਹੈ। ਪਰ ਹਕੀਕਤ ਹੈ ਕਿ ਸਮਾਂ ਰਹਿੰਦੇ ਬਣਦੀ ਭੂਮਿਕਾ ਨਿਭਾਉਣ ਵਿਚ ਹੋਈ ਕੁਤਾਹੀ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਪਾਣੀ ਵਿਚ ਹਿੱਸਾ ਵੰਡਾਉਣ ਵਾਲੇ ਤੇ ਪਾਣੀਆਂ ਤੇ ਹੱਕ ਜਿਤਾ ਕੇ ਚੀਖ ਚੀਖ ਕੇ ਲੜਨ ਵਾਲੇ ਸੂਬਿਆਂ ਨੂੰ ਸੱਪ ਸੁੰਘ ਗਿਆ ਹੈ। ਇਸ ਔਖੀ ਘੜੀ ਵਿੱਚ ਉਨ੍ਹਾਂ ਵੱਲੋਂ ਪੰਜਾਬ ਲਈ ਹਾਅ ਦਾ ਨਾਅਰਾ ਵੀ ਨਹੀਂ ਸਰਿਆ। ਪਰ ਪੰਜਾਬ ਦੇ ਸ਼ੇਰ ਦਿਲ ਸੂਰਮੇ ਔਕੜਾਂ ਨਾਲ ਲੜਨ ਤੇ ਮੁਸੀਬਤਾਂ ਤੇ ਫਤਹ ਪ੍ਰਾਪਤ ਕਰਨ ਦਾ ਵੱਲ ਜਾਣਦੇ ਹਨ। ਗੁਰੂ ਘਰਾਂ ਵਿੱਚ ਸਰਬੱਤ ਦੇ ਭਲੇ ਦੀਆਂ ਅਰਦਾਸਾਂ ਦਾ ਦੌਰ ਜਾਰੀ ਹੈ। ਰਾਤ ਦਿਨ ਹੜ ਪੀੜਤ ਇਲਾਕਿਆਂ ਵਿਚ ਰਾਹਤ ਕਾਰਜਾ ਵਿਚ ਜੁਟੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਦੀ ਗੂੰਜ ਪੈ ਰਹੀ ਹੈ। ਕਿਸਾਨ ਤੇ ਮਜ਼ਦੂਰ ਮੌਢੇ ਨਾਲ ਮੋਢਾ ਜੋੜ ਕੇ ਇਸ ਆਫ਼ਤ ਦੀ ਘੜੀ ਵਿੱਚ ਇਕਜੁੱਟ ਖੜੇ ਦਿਖਾਈ ਦੇ ਰਹੇ ਹਨ। ਬਹੁਤ ਸਾਰੇ ਕਿਸਾਨਾਂ ਵੱਲੋਂ ਜ਼ਮੀਨਾਂ ਠੇਕਿਆਂ ਤੇ ਲੈ ਕੇ ਫਸਲਾਂ ਦੀ ਬਿਜਾਈ ਕੀਤੀ ਗਈ ਸੀ ਜਿਨ੍ਹਾਂ ਦਾ ਲੱਖਾਂ ਵਿੱਚ ਨੁਕਸਾਨ ਹੋਇਆ ਹੈ ਅਜਿਹੇ ਹਾਲਾਤ ਵਿਚ ਜ਼ਮੀਨ ਮਾਲਕਾਂ ਨੂੰ ਅੱਗੇ ਹੋ ਕੇ ਠੇਕੇਦਾਰਾ ਦੀ ਬਾਂਹ ਫੜ ਅਤੇ ਉਨ੍ਹਾਂ ਨੂੰ ਗਲ ਲਾਉਣ ਦੀ ਜ਼ਰੂਰਤ ਹੈ। ਹੋ ਸਕੇ ਤਾਂ ਤਬਾਹ ਹੋ ਚੁਕੀਆਂ ਫਸਲਾਂ ਦਾ ਠੇਕਾ ਨਾ ਲੈ ਕੇ ਮਨੁੱਖਤਾ ਦਾ ਫਰਜ਼ ਨਿਭਾਇਆ ਜਾਣਾ ਚਾਹੀਦਾ ਹੈ। ਕਿਸਾਨ ਜਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਲਗਾਤਾਰ ਪੰਜਾਬ ਦੀ ਤਬਾਹੀ ਦੀ ਦਾਸਤਾਨ ਲਿਖਣ ਵਾਲੇ ਹੜਾਂ ਦੇ ਕਾਰਨਾਂ ਤੇ ਜਾਂਚ ਹੋਣੀ ਚਾਹੀਦੀ ਹੈ। ਇਹ ਗੰਭੀਰ ਚਿੰਤਨ ਤੇ ਚਿੰਤਾ ਦਾ ਵਿਸ਼ਾ ਹੈ। ਆਖਰ ਕਦੋਂ ਤੱਕ ਪੰਜਾਬ ਇਨ੍ਹਾਂ ਤ੍ਰਾਸਦੀਆਂ ਦੇ ਨਾਲ ਜੂਝਦਾ ਰਹੇਗਾ। ਪੰਜਾਬ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਆਪਣੀ ਇਕ ਮਹੀਨੇ ਦੀ ਤਨਖਾਹ ਹੜ ਪ੍ਰਭਾਵਿਤ ਇਲਾਕਿਆਂ ਨੂੰ ਦੇਣ ਦਾ ਫੈਸਲਾ ਸ਼ਲਾਘਾਯੋਗ ਹੈ। ਬੇ ਸਕ ਪੰਜਾਬ ਸਰਕਾਰ ਵੱਲੋਂ ਰਾਤ ਦਿਨ ਇਕ ਕਰਕੇ ਬਣਦੀ ਵਾਹ ਲਗਾਈ ਜਾ ਰਹੀ ਹੈ ਪਰ ਇਹ ਹੜ ਜਾ ਕੁਦਰਤੀ ਆਫ਼ਤ ਪੰਜਾਬ ਸਰਕਾਰ ਲਈ ਕਿਸੇ ਪਰਖ ਦੀ ਘੜੀ ਤੋਂ ਘੱਟ ਨਹੀਂ ਹਨ। ਕਿਉਂਕਿ ਆਉਣ ਵਾਲੇ ਸਮੇਂ ਵਿੱਚ ਸਰਕਾਰਾਂ ਨੂੰ ਇਨ੍ਹਾਂ ਦਾ ਢੁਕਵਾਂ ਪ੍ਰਬੰਧ ਜਾ ਮੁਕੰਮਲ ਹੱਲ ਕੱਢਣ ਦੀ ਸਖ਼ਤ ਜ਼ਰੂਰਤ ਹੈ।



