ਨਵੀਆਂ ਵਿੱਦਿਅਕ ਤਕਨੀਕਾਂ ਦੀ ਵਰਤੋਂ ਵਿਦਿਆਰਥੀਆਂ ਲਈ ਲਾਹੇਵੰਦ- ਗਿੱਲ, ਥਿੰਦ
ਕਪੂਰਥਲਾ,13 ਜੁਲਾਈ( ਕੌੜਾ )-ਸਰਕਾਰੀ ਸਕੂਲਾਂ ਦੇ ਅਧਿਆਪਕਾ਼ਂਂ ਵੱਲੋਂ ਵਿਦਿਆਰਥੀਆਂ ਦੀ ਪੜ੍ਹਾਈ ਰੌਚਕ ਅਤੇ ਸਰਲ ਤਰੀਕੇ ਨਾਲ ਕਰਵਾਉਣ ਲਈ ਇਸਤੇਮਾਲ ਕੀਤੀ ਜਾਣ ਵਾਲੀ ਸਹਾਇਕ ਸਮੱਗਰੀ ਅਤੇ ਨਵੀਨਤਮ ਵਿਧੀਆਂ ਦੇ ਪ੍ਰਦਰਸ਼ਨ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ “ਅਧਿਆਪਕ ਫੈਸਟ” ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।ਵਿਭਾਗ ਵੱਲੋਂ ਇਸ ਫੈਸਟ ਦੀਆਂ ਮਿਤੀਆਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਕਪੂਰਥਲਾ ਗੁਰਦੀਪ ਸਿੰਘ ਗਿੱਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸ) ਕਪੂਰਥਲਾ ਬਿਕਰਮਜੀਤ ਸਿੰਘ ਥਿੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਪੜਾਉਣ ਲਈ ਇਸਤੇਮਾਲ ਕੀਤੀ ਜਾ ਰਹੀ ਸਹਾਇਕ ਸਮੱਗਰੀ ਅਤੇ ਵਿਧੀਆਂ ਦਾ ਆਪਣੇ ਪੱਧਰ ‘ਤੇ ਕੀਤਾ ਜਾ ਰਿਹਾ ਨਵੀਨੀਕਰਣ ਵਿਦਿਆਰਥੀਆਂ ਲਈ ਲਾਹੇਵੰਦ ਸਿੱਧ ਹੋ ਰਿਹਾ ਹੈ।
ਅਧਿਆਪਕਾਂ ਵੱਲੋਂ ਆਪਣੇ ਪੱਧਰ ‘ਤੇ ਨਿੱਜੀ ਤਜ਼ਰਬੇ ‘ਚੋਂ ਖੋਜ਼ੀਆਂ ਇਹਨਾਂ ਨਵੀਨਤਮ ਤਕਨੀਕਾਂ ਨਾਲ ਵਿਦਿਆਰਥੀਆਂ ਦੀ ਸਿੱਖਣ ਪ੍ਰਕਿਰਿਆ ਸਰਲ, ਸੌਖੀ ਅਤੇ ਪ੍ਰਭਾਵੀ ਬਣ ਰਹੀ ਹੈ। ਅਧਿਆਪਕਾਂ ਵੱਲੋਂ ਈਜ਼ਾਦ ਅਜਿਹੀਆਂ ਪੜ੍ਹਾਉਣ ਦੀਆਂ ਨਵੀਨਤਮ ਤਕਨੀਕਾਂ ਦੀ ਜਾਣਕਾਰੀ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਤੱਕ ਪਹੁੰਚਾਉਣ ਦੇ ਮਨੋਰਥ ਨਾਲ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦਾ ਫੈਸਟ ਕਰਵਾਇਆ ਜਾਵੇਗਾ। ਇਸ ਫੈਸਟ ਦੌਰਾਨ ਅਧਿਆਪਕਾਂ ਵੱਲੋਂ ਆਪਣੇ ਵੱਲੋਂ ਖੋਜ਼ੀਆਂ ਨਵੀਆਂ ਪੜਾਉਣ ਤਕਨੀਕਾਂ ਅਤੇ ਸਹਾਇਕ ਸਮੱਗਰੀ ਨੂੰ ਪ੍ਰਦਰਸ਼ਨ ਜਰੀਏ ਸਾਂਝਾ ਕੀਤਾ ਜਾਵੇਗਾ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਸ ਫੈਸਟ ਵਿੱਚ ਸਾਰੇ ਕਾਡਰਾਂ ਅਤੇ ਸਾਰੇ ਵਿਸ਼ਿਆਂ ਦੇ ਅਧਿਆਪਕ ਸ਼ਿਰਕਤ ਕਰ ਸਕਣਗੇ। ਅਧਿਆਪਕ ਇਕੱਲੇ ਜਾਂ ਗਰੁੱਪ ਗਤੀਵਿਧੀ ਦੇ ਰੂਪ ‘ਚ ਫੈਸਟ ਵਿੱਚ ਸ਼ਿਰਕਤ ਕਰ ਸਕਣਗੇ। ਉਹਨਾਂ ਦੱਸਿਆ ਕਿ ਫੈਸਟ ਤਿੰਨ ਪੱਧਰਾਂ ਬਲਾਕ, ਜ਼ਿਲ੍ਹਾ ਅਤੇ ਸੂਬਾ ਪੱਧਰ ‘ਤੇ ਹੋਵੇਗਾ।
ਬਲਾਕ ਪੱਧਰੀ ਫੈਸਟ 22 ਤੋਂ 24 ਜੁਲਾਈ ਤੱਕ ਹੋਵੇਗਾ। ਜ਼ਿਲ੍ਹਾ ਪੱਧਰੀ ਫੈਸਟ 26 ਤੋਂ 28 ਅਗਸਤ ਤੱਕ ਹੋਵੇਗਾ ਜਦਕਿ ਸੂਬਾ ਪੱਧਰੀ ਫੈਸਟ 1 ਤੋਂ 3 ਅਗਸਤ ਤੱਕ ਹੋਵੇਗਾ।ਇਸ ਦੌਰਾਨ ਅਧਿਆਪਕਾਂ ਵੱਲੋਂ ਆਪਣੇ ਪੱਧਰ ‘ਤੇ ਈਜ਼ਾਦ ਮਾਡਲ, ਸਹਾਇਕ ਸਮੱਗਰੀ, ਵਿੱਦਿਅਕ ਮੋਬਾਈਲ ਐਪ, ਵਿੱਦਿਅਕ ਖੇਡਾਂ, ਵਿੱਦਿਅਕ ਵੀਡਿਓ ਗੇਮ, ਨਵੀਨਤਮ ਚਾਰਟ, ਫਲੈਸ਼ ਕਾਰਡ, ਕਿੱਟ, ਵਿੱਦਿਅਕ ਪਲੇਅ, ਸੁੰਦਰ ਲਿਖਾਈ, ਕੈਲੀਗ੍ਰਾਫੀ ਅਤੇ ਇਨਫਰਮੇਸ਼ਨ ਟੈਕਨਾਲੋਜੀ ਆਦਿ ਦਾ ਆਨਲਾਈਨ ਪ੍ਰਦਰਸ਼ਨ ਕੀਤਾ ਜਾਵੇਗਾ। ਪ੍ਰਦਰਸ਼ਨੀ ਦੇ ਹਰ ਪੱਧਰ ਦੇ ਜੇਤੂ ਅਧਿਆਪਕਾਂ ਨੂੰ ਵਿਭਾਗ ਵੱਲੋਂ ਸਰਟੀਫਿਕੇਟ, ਸਨਮਾਨ ਪੱਤਰ ਅਤੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਿਭਾਗ ਵੱਲੋਂ ਜੇਤੂ ਅਧਿਆਪਕਾਂ ਨੂੰ ਏ.ਸੀ.ਆਰ. ਅਤੇ ਸਟੇਟ ਐਵਾਰਡ ਵਿੱਚ ਵੀ ਅੰਕ ਦਿੱਤੇ ਜਾਣਗੇ। ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਜੇਕਰ ਸਰਕਾਰ ਵੱਲੋਂ ਕੋਰੋਨਾ ਪਾਬੰਦੀਆਂ ਵਿੱਚ ਢਿੱੱਲ ਦਿੱਤੀ ਜਾਂਂਦੀ ਹੈ ਤਾਂ ਸੂਬਾ ਪੱਧਰੀ ਤਿੰਨ ਰੋਜ਼ਾ ਪ੍ਰਦਰਸ਼ਨੀ ਆਫ਼ਲਾਈਨ ਤਰੀਕੇ ਵੀ ਕਰਵਾਈ ਜਾ ਸਕਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly