ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਖ਼ਿਲਾਫ਼ ਪੰਜਾਬ ’ਚ ਸਰਕਾਰੀ ਡਾਕਟਰ ਹੜਤਾਲ ’ਤੇ, ਮਰੀਜ਼ ਬੇਹਾਲ

ਪਟਿਆਲਾ (ਸਮਾਜ ਵੀਕਲੀ): ਪੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਖ਼ਿਲਾਫ਼ ਪੰਜਾਬ ਭਰ ਦੇ ਸਮੂਹ ਛੋਟੇ-ਵੱਡੇ ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ ਦੇ ਡਾਕਟਰਾਂ ਨੇ ਅੱਜ ਆਪਣੀ ਪਹਿਲਾਂ ਤੋਂ ਉਲੀਕੀ ਹੜਤਾਲ ਸ਼ੁਰੂ ਕਰ ਦਿੱਤੀ ਗਈ।

ਇਸ ਹੜਤਾਲ ਦੌਰਾਨ ਡਾਕਟਰਾਂ ਨੇ ਇਥੇ ਰਜਿੰਦਰਾ ਹਸਪਤਾਲ ਅਤੇ ਗੌਰਮਿੰਟ ਮੈਡੀਕਲ ਕਾਲਜ ਵਿਖੇ ਪ੍ਰਦਰਸ਼ਨ ਕੀਤਾ, ਜਿਸ ਮਗਰੋਂ ਅਧਿਕਾਰੀਆਂ ਦੇ ਰਾਹੀਂ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਵੀ ਦਿੱਤਾ। ਡਾਕਟਰਾਂ ਦੀ ਜਥੇਬੰਦੀ ਦੇ ਸੂਬਾਈ ਆਗੂ ਡਾ. ਡੀਐੱਸ ਭੁੱਲਰ ਦਾ ਕਹਿਣਾ ਹੈ ਕਿ ਸਰਕਾਰ ਨੇ ਡਾਕਟਰਾਂ ਨੂੰ ਵੱਡੀ ਪੱਧਰ ’ਤੇ ਆਰਥਿਕ ਸੱਟ ਮਾਰੀ ਹੈ।

ਮੋਗਾ(ਮਹਿੰਦਰ ਸਿੰਘ ਰੱਤੀਆਂ): ਸੂਬੇ ਦੇ ਸਰਕਾਰੀ ਡਾਕਟਰਾਂ ਦੀ ਜੁਆਇੰਟ ਗੌਰਮਿੰਟ ਡਾਕਟਰਜ਼ ਕੋਆਡੀਨੇਸ਼ਨ ਕਮੇਟੀ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਦੇ ਵਿਰੋਧ ਵਿੱਚ ਓਪੀਡੀ ਸਿਹਤ ਸੇਵਾਵਾਂ ਠੱਪ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਗਰਮੀ ਦੇ ਮੌਸਮ ਵਿੱਚ ਮਰੀਜ਼ ਹਾਲੋ ਬੇਹਾਲ ਹੋ ਰਹੇ ਹਨ। ਇਥੇ ਜੁਆਇੰਟ ਗੌਰਮਿੰਟ ਡਾਕਟਰਜ਼ ਕੋਆਰਡੀਨੇਸ਼ਨ ਕਮੇਟੀ ਆਗੂ ਅਤੇ ਪੀਸੀਐੱਮਐੱਸ ਐਸੋਸੀਏਸ਼ਨ ਸੂਬਾਈ ਪ੍ਰਧਾਨ ਡਾ. ਗਗਨਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਗਗਨਦੀਪ ਸਿੰਘ ਸ਼ੇਰਗਿੱਲ ਅਤੇ ਜਥੇਬੰਦਕ ਸਕੱਤਰ ਡਾ. ਇੰਦਰਵੀਰ ਗਿੱਲ ਨੇ ਕਿਹਾ ਕਿ ਛੇਵੇਂ ਤਨਖਾਹ ਕਮਿਸ਼ਨ ਵੱਲੋਂ ਸਰਕਾਰੀ ਡਾਕਟਰਾਂ ਨੂੰ ਦਿੱਤੇ ਜਾਂਦੇ ਐੱਨਪੀਏ ਨੂੰ ਘਟਾਉਣ ਅਤੇ ਇਸ ਨੂੰ ਮੁੱਢਲੀ ਤਨਖਾਹ ਨਾਲੋਂ ਵੀ ਡੀ-ਲਿੰਕ ਕਰ ਦੇਣ ਨਾਲ ਰਾਜ ਦੇ ਸਮੂਹ ਸਰਕਾਰੀ ਡਾਕਟਰਾਂ ਵਿਚ ਭਾਰੀ ਰੋਸ ਹੈ।

ਜਥੇਬੰਦਕ ਸਕੱਤਰ ਡਾ. ਇੰਦਰਵੀਰ ਗਿੱਲ ਨੇ ਕਿਹਾ ਕਿ ਸਰਕਾਰ ਨੇ ਐੱਨਪੀਏ ਦੀ ਕਟੌਤੀ ਕਰਕੇ ਬੇਇਨਸਫ਼ੀ ਕੀਤੀ ਹੈ। ਇਸ ਮੌਕੇ ਡਾਕਟਰਾਂ ਨੇ ਰਾਜ ਸਰਕਾਰ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਫਿਲਹਾਲ ਐਮਰਜੈਂਸੀ ਸੇਵਾਵਾਂ ਬਹਾਲ ਰੱਖੀਆਂ ਗਈਆਂ ਹਨ। ਜੇ ਸਰਕਾਰ ਨੇ ਫੈਸਲਾ ਵਾਪਸ ਨਾ ਲਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਸੂਬਾ ਪੱਧਰੀ ਹੜਤਾਲ ਦੌਰਾਨ ਪੰਜਾਬ ਭਰ ਦੇ ਸਮੂਹ ਛੋਟੇ, ਵੱਡੇ ਸਮੂਹ ਹਸਪਤਾਲਾਂ ਸਮੇਤ ਡਿਸਪੈਂਸਰੀਆਂ ਵਿੱਚ ਓਪੀਡੀ ਅਤੇ ਅਪਰੇਸ਼ਨ ਸੇਵਾਵਾਂ ਮੁਕੰਮਲ ਤੌਰ ’ਤੇ ਬੰਦ ਰਹਿਣ ਨਾਲ ਮਰੀਜ਼ ਖੱਜਲ ਖ਼ੁਆਰ ਹੋ ਰਹੇ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟਵਿੱਟਰ ਨੇ ਘੰਟੇ ਤੱਕ ਬਲੌਕ ਕਰ ਦਿੱਤਾ ਕੇਂਦਰੀ ਸੂਚਨਾ ਤਕਨੀਕੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦਾ ਅਕਾਊਂਟ
Next articleਪੂਰਬੀ ਲੱਦਾਖ ਨੇੜੇ ਚੀਨੀ ਫੌਜਾਂ ਦੇ ਇਕੱਠ ਤੋਂ ਭਾਰਤ ਭੜਕਿਆ