ਜਗਤਾਰ ਗਿੱਲ ਦੇ ਦੋਹਾ-ਸੰਗ੍ਰਹਿ ‘ਪਾ ਚਾਨਣ ਦੀ ਬਾਤ’ ਉੱਤੇ ਗੋਸ਼ਟੀ

ਅੰਮ੍ਰਿਤਸਰ,(ਰਮੇਸ਼ਵਰ ਸਿੰਘ)ਪਿਛਲੇ ਦਿਨੀ ਰਾਬਤਾ-ਮੁਕਾਲਮਾ ਕਾਵਿ-ਮੰਚ, ਅੰਮ੍ਰਿਤਸਰ ਵੱਲੋਂ ਭਾਈ ਵੀਰ ਸਿੰਘ ਨਿਵਾਸ ਸਥਾਨ ਅੰਮ੍ਰਿਤਸਰ ਦੇ ਸੈਮੀਨਾਰ ਹਾਲ ਵਿਚ ਤੇ ਸਹਿਯੋਗ ਨਾਲ਼
ਜਗਤਾਰ ਗਿੱਲ ਦੇ ਦੋਹਾ-ਸੰਗ੍ਰਹਿ ‘ਪਾ ਚਾਨਣ ਦੀ ਬਾਤ’ ਉੱਤੇ ਗੋਸ਼ਟੀ ਕਰਵਾਈ ਗਈ। ਗੋਸ਼ਟੀ ਦਾ ਆਗ਼ਾਜ਼ ਮੰਚ ਦੇ ਕਨਵੀਨਰ ਹਰਜੀਤ ਸਿੰਘ ਸੰਧੂ ਦੁਆਰਾ ਆਏ ਵਿਦਵਾਨਾਂ, ਸਾਹਿਤਕਾਰਾਂ ਤੇ ਸਾਹਿਤ-ਪ੍ਰੇਮੀਆਂ ਦੇ ਸਵਾਗਤ ਨਾਲ਼ ਹੋਇਆ। ਮਰਹੂਮ ਸ਼ਾਇਰ ਮੋਹਨਜੀਤ ਦੇ ਵਿਛੋੜੇ ‘ਤੇ ਦੋ ਮਿੰਟ ਦੇ ਮੌਨ ਤੋਂ ਬਾਅਦ ਆਏ ਵਿਦਵਾਨਾਂ ਡਾ. ਪਰਮਜੀਤ ਢੀਂਗਰਾ, ਡਾ. ਸੁਖਬੀਰ ਕੌਰ ਮਾਹਲ ਅਤੇ ਡਾ. ਹੀਰਾ ਸਿੰਘ ਨੇ ਪਰਚੇ ਪੜ੍ਹੇ। ਡਾ. ਹੀਰਾ ਸਿੰਘ ਮੁਤਾਬਕ ਚੰਗੀਆਂ ਕਿਤਾਬਾਂ ਦੇ ਪਿਛਲੇ ਕੁਝ ਸਾਲਾਂ ਦੀ ਔੜ ਤੋਂ ਬਾਅਦ ਇਸ ਵਧੀਆਂ, ਪੜ੍ਹਨ ਤੇ ਵਿਚਾਰਨਯੋਗ ਕਾਵਿ-ਪੁਸਤਕ ਦਾ ਪੰਜਾਬੀ ਸਾਹਿਤ ਵਿਚ ਪ੍ਰਵੇਸ਼ ਇਕ ਸੁਲੱਖਣੀ ਘਟਨਾ ਹੈ। ਉਹਨਾਂ ਨੇ ਕਿਹਾ ਕਿ ਇਹ ਦੋਹੇ ਜਿੱਥੇ ਪਾਠਕ ਦੇ ਸੁਹਜ-ਸੁਆਦ ਦੀ ਤ੍ਰਿਪਤੀ ਕਰਦੇ ਹਨ ਓਥੇ ਉਹਦੀ ਸੋਚ ਨੂੰ ਝੰਜੋੜਦੇ ਤੇ ਜੀਵਨ ਦੇ ਉਸਾਰੂ ਪਹਿਲੂਆਂ ਦੀ ਝਲਕ ਦਿਖਾਉਂਦੇ ਹਨ। ਡਾ. ਪਰਮਜੀਤ ਢੀਂਗਰਾ ਨੇ, ਪੰਜਾਬੀ ਦੋਹੇ ਦੇ ਪਿਛੋਕੜ ਦਾ ਜ਼ਿਕਰ ਕਰਦਿਆਂ, ਬੜੇ ਵਿਸਥਾਰ ਨਾਲ਼ ਇਹਨਾਂ ਦੋਹਿਆਂ ਵਿਚਲੀਆਂ ਥੀਮਾਂ ਦੀ ਨਿਸ਼ਾਨਦੇਹੀ ਕਰਦਿਆਂ ਇਕ-ਇਕ ਸ਼ਬਦ-ਜੁੱਟ ਅਧੀਨ ਰਚੇ ਗਏ ਦੋਹਿਆਂ ਦੀ ਸਮਾਜਿਕ, ਰਾਜਨੀਤਿਕ, ਸਭਿਆਚਾਰਿਕ ਸੰਦਰਭਾਂ ਦੀ ਵਿਆਖਿਆ ਕੀਤੀ ਤੇ ਦੋਹਿਆਂ ਵਿਚ ਮੌਜੂਦ ਅਣਕਹੇ ਨੂੰ ਕਹੇ ਦੇ ਰੂਪ ਵਿਚ ਡੀਕੋਡ ਕੀਤਾ। ਡਾ. ਸੁਖਬੀਰ ਕੌਰ ਮਾਹਲ ਨੇ ਅਨੇਕਾਂ ਦੋਹੇ ਕੋਟ ਕਰਦਿਆਂ ਹੋਇਆਂ ਉਹਨਾਂ ਦੀ ਸੰਰਚਨਾ, ਉਹਨਾਂ ਵਿਚਲੇ ਸੁੁਹਜ, ਸੰਚਾਰ ਦੀ ਸਮਰੱਥਾ ਤੇ ਕਾਵਿ-ਸ਼ਾਸਤਰੀ ਬਾਕਾਇਦਗੀ ਦੀ ਭਰਪੂਰ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਅਜਿਹੇ ਦੋਹੇ ਪੰਜਾਬੀ ਦੋਹਿਆਂ ਦੀ ਅਮੀਰ ਵਿਰਾਸਤ ਵਿਚ ਸ਼ਾਮਲ ਹੋ ਕੇ ਵਾਧਾ ਕਰਦੇ ਹਨ।
ਜਗਤਾਰ ਗਿੱਲ ਨੇ ਆਪਣੀ ਦੋਹਾ-ਸਿਰਜਨ ਦੀ ਪ੍ਰੇਰਨਾ ਤੇ ਪ੍ਰਕਿਰਿਆ ਬਾਰੇ ਬੋਲਦਿਆਂ ਪੰਜਾਬੀ ਦੇ ਪ੍ਰਮੁੱਖ ਦੋਹਾਕਾਰਾਂ ਪ੍ਰਤਿ ਕ੍ਰਿਤਿਗਤਾ ਪ੍ਰਗਟਾਈ ਤੇ ਹੋਰ ਉਮਦਾ ਕਾਵਿ ਸਿਰਜਣ ਦੀ ਪ੍ਰਤਿਬੱਧਤਾ ਦਾ ਪ੍ਰਗਟਾਵਾ ਕੀਤਾ। ਅੰਤ ਵਿਚ ਜਲੰਧਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਲੋਕ-ਕਵੀ ਜਗਦੀਸ਼ ਰਾਣਾ ਨੇ ਆਏ ਸ਼ਾਇਰਾਂ/ਲੇਖਕਾਂ ਦਾ ਧੰਨਵਾਦ ਕੀਤਾ। ਮੰਚ ਦਾ ਸੰਚਾਲਨ ਪ੍ਰਸਿੱਧ ਸ਼ਾਇਰ ਸਰਬਜੀਤ ਸਿੰਘ ਸੰਧੂ ਨੇ ਬਖ਼ੂਬੀ ਕੀਤਾ।
ਗੋਸ਼ਟੀ ਵਿਚ ਹਿੱਸਾ ਲੈਣ ਵਾਲ਼ਿਆਂ ਵਿਚ ਕਹਾਣੀਕਾਰ ਦੀਪ ਦਵਿੰਦਰ ਸਿੰਘ, ਮੁਖ਼ਤਾਰ ਗਿੱਲ, ਧਰਵਿੰਦਰ ਔਲਖ, ਸੁਖਦੇਵ ਰਾਜ ਕਾਲੀਆ, ਸੁਖਦੇਵ ਸਿੰਘ ਕਾਹਲੋਂ, ਹਰਪਾਲ ਸਿੰਘ ਨਾਗਰਾ, ਐੱਸ. ਪਰਸ਼ੋਤਮ, ਹਰਜੀਤ ਸਿੰਘ ਗਰੋਵਰ, ਦਵਿੰਦਰ ਦੀਦਾਰ, ਜਸਵੰਤ ਹਾਂਸ, ਜਗਰੂਪ ਕੌਰ, ਸੁਪਿੰਦਰ ਸਿੰਘ, ਸੁੱਚਾ ਸਿੰਘ ਰੰਧਾਵਾ, ਅਜੀਤ ਨਬੀਪੁਰੀ, ਕਰਤਾਰ ਸਿੰਘ ਐੱਮ.ਏ., ਡਾ. ਮੋਹਨ ਬੇਗੋਵਾਲ, ਗੁਰਦੀਪ ਸਿੰਘ ਸੈਣੀ, ਵਜ਼ੀਰ ਸਿੰਘ ਰੰਧਾਵਾ, ਇੰਦਰਪਾਲ ਨਕੋਦਰ, ਰਾਜਪਾਲ ਸ਼ਰਮਾ, ਆਰ ਜੀਤ ਅਤੇ ਮੰਚ ਦੇ ਮੈਂਬਰਾਂ ਡਾ. ਮੋਹਨ ਬੇਗੋਵਾਲ, ਡਾ. ਭੁਪਿੰਦਰ ਸਿੰਘ ਫੇਰੂਮਾਨ, ਬਲਜਿੰਦਰ ਮਾਗਟ, ਜਸਵੰਤ ਧਾਪ, ਸਤਿੰਦਰ ਸਿੰਘ ਓਠੀ, ਤਰਸੇਮ ਲਾਲ ਬਾਵਾ ਸ਼ਾਮਲ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article      ਏਹੁ ਹਮਾਰਾ ਜੀਵਣਾ ਹੈ -572
Next article“ਹਰੀ ਸਿੰਘ ਨਲਵਾ ਸਰਦਾਰ ਮੀਆਂ “