HOME “ਅਲਵਿਦਾ ਧਰਮ ਭਾ ਜੀ “

“ਅਲਵਿਦਾ ਧਰਮ ਭਾ ਜੀ “

1
  (ਸਮਾਜ ਵੀਕਲੀ)  ਫਿਲਮ ਜਗਤ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ 24 ਨਵੰਬਰ 2025 ਨੂੰ ਬਹੁਤ ਵੱਡਾ ਘਾਟਾ ਪਿਆ, ਜਦੋਂ ਹੀ-ਮੈਨ ਵਜੋਂ ਜਾਣੇ ਜਾਂਦੇ ਧਰਮਿੰਦਰ ਸਿੰਘ ਦਿਓਲ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਬਾਲੀਵੂੱਡ ਦੇ ਸੁਪਰਸਟਾਰ ਧਰਮਿੰਦਰ ਦਾ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ, ਜਿਸ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ। ਕਾਫੀ ਲੰਮੇ ਅਰਸੇ ਤੋਂ ਉਹ ਬਾਲੀਵੁੱਡ ਵਿੱਚ ਸਰਗਰਮ ਸਨ, ਜਿਸ ਦੌਰਾਨ ਉਨ੍ਹਾਂ ਨੇ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਧਰਮਿੰਦਰ ਸਿੰਘ ਦਿਓਲ ਨੂੰ ਲੋਕੀ ਪਿਆਰ ਨਾਲ ਧਰਮ ਭਾ ਜੀ ਕਹਿਕੇ ਬੁਲਾਉਂਦੇ ਸਨ ਜੇਕਰ ਉਨ੍ਹਾਂ ਦੇ ਜੀਵਨ ਤੇ ਝਾਤ ਮਾਰੀਏ ਤਾਂ ਪਤਾ ਚਲਦਾ ਹੈ ਕਿ ਇਸ ਹਿੰਦੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਧਰਮਿੰਦਰ ਦਾ ਅਸਲੀ ਨਾਂ ਧਰਮਿੰਦਰ ਸਿੰਘ ਦਿਓਲ ਹੈ ਅਤੇ ਉਨ੍ਹਾਂ ਦਾ ਜਨਮ 8 ਦਸੰਬਰ, 1935 ਨੂੰ ਲੁਧਿਆਣਾ ਜ਼ਿਲੇ ਦੇ ਇੱਕ ਪਿੰਡ, ਨਸਰਾਲੀ ਵਿਖੇ ਪਿਤਾ ਕੇਵਲ ਕ੍ਰਿਸ਼ਨ ਸਿੰਘ ਦਿਓਲ ਅਤੇ ਮਾਤਾ ਸਤਵੰਤ ਕੌਰ ਦੇ ਘਰ ਹੋਇਆ। ਉਨ੍ਹਾਂ ਦਾ ਜੱਦੀ ਪਿੰਡ ਡਾਂਗੋਂ, ਪੱਖੋਵਾਲ, ਲੁਧਿਆਣਾ ਦੇ ਨੇੜੇ ਹੈ। ਇੱਕ ਸਧਾਰਨ ਪਰਿਵਾਰ ਵਿੱਚ ਵੱਡੇ ਹੋਏ ਧਰਮਿੰਦਰ ਬਚਪਨ ਤੋਂ ਹੀ ਫਿਲਮਾਂ ਦੇਖਣ ਦੇ ਸ਼ੌਕੀਨ ਸੀ ਅਤੇ ਉਨ੍ਹਾਂ ਦੇ ਦਿਲ ਵਿੱਚ ਅਦਾਕਾਰ ਬਣਨ ਦਾ ਸੁਪਨਾ ਅਤੇ ਜਨੂੰਨ ਵੀ ਸੀ । ਉਨ੍ਹਾਂ ਨੇ ਆਪਣਾ ਮੁੱਢਲਾ ਜੀਵਨ ਸਾਹਨੇਵਾਲ ਪਿੰਡ ਵਿੱਚ ਬਿਤਾਇਆ ਅਤੇ ਉਹ ਲੁਧਿਆਣਾ ਦੇ ਲਾਲਟਨ ਕਲਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜੇ ਜਿੱਥੇ ਉਨ੍ਹਾਂ ਦੇ ਪਿਤਾ ਪਿੰਡ ਦੇ ਸਕੂਲ ਦੇ ਮੁਖੀ ਸਨ। ਉਨ੍ਹਾਂ ਨੇ 1952 ਵਿੱਚ ਫਗਵਾੜਾ ਦੇ ਰਾਮਗੜ੍ਹੀਆ ਕਾਲਜ ਤੋਂ ਆਪਣੀ ਇੰਟਰਮਿਡੀਏਟ ਕੀਤੀ। ਕਹਿਦੇ ਹਨ ਕਿ ਧਰਮ ਭਾਜੀ ਨੂੰ ਬਚਪਨ ਤੋਂ ਹੀ ਫ਼ਿਲਮਾਂ ਦੇਖਣ ਦਾ ਸ਼ੌਕ ਸੀ ਅਤੇ ਉਹ ਫਿਲਮ ਦੇਖਣ ਲਈ ਕਈ ਕਿਲੋਮੀਟਰ ਪੈਦਲ ਹੀ ਚਲੇ ਜਾਂਦੇ ਸਨ ਇੱਕ ਵਾਰ ਜਦੋਂ ਧਰਮਿੰਦਰ ਨੇ ਬਿਮਲ ਰਾਏ ਅਤੇ ਗੁਰੂ ਦੱਤ ਦੁਆਰਾ ਫਿਲਮਫੇਅਰ ਮੈਗਜ਼ੀਨ ਵਿੱਚ ਫ਼ਿਲਮ ਲਈ ਇੱਕ ਇਸ਼ਤਿਹਾਰ ਦੇਖਿਆ ਤਾਂ ਉਨ੍ਹਾਂ ਆਪਣਾ ਬਾਇਓ ਡਾਟਾ ਭੇਜ ਦਿੱਤਾ ਜਿਸ ਲਈ ਉਨ੍ਹਾਂ ਨੂੰ ਆਪਣੀ ਤਸਵੀਰ ਖਿਚਵਾਉਂਣ ਲਈ ਮਲੇਰਕੋਟਲਾ ਵੀ ਜਾਣਾ ਪਿਆ। ਸਾਲ 1958 ਵਿੱਚ ਉਨ੍ਹਾਂ ਨੇ ‘ਫਿਲਮਫੇਅਰ’ ਮੈਗਜ਼ੀਨ ਦੇ ‘ਟੇਲੈਟ ਹੰਟ’ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਇਸ ਨੂੰ ਜਿੱਤ ਲਿਆ। ਇਸ ਮੁਕਾਬਲੇ ਨੇ ਹੀ ਉਨ੍ਹਾਂ ਦੀ ਕਿਸਮਤ ਦੇ ਦਰਵਾਜ਼ੇ ਖੋਲ੍ਹ ਦਿੱਤੇ। ਧਰਮਿੰਦਰ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 1960 ਵਿੱਚ ਫ਼ਿਲਮ ‘ਦਿਲ ਬੀ ਤੇਰਾ ਹਮ ਬੀ ਤੇਰੇ’ ਨਾਲ  ਕੀਤੀ ਸੀ। ਉਨ੍ਹਾਂ ਨੇ ਸੂਰਤ ਔਰ ਸੀਰਤ (1962), ਬੰਧਨੀ (1963), ਦਿਲ ਨੇ ਫਿਰ ਯਾਦ ਕੀਆ (1966) ਅਤੇ ਦੁਲਹਨ ਏਕ ਰਾਤ ਕੀ (1967) ਵਿੱਚ ਨੂਤਨ ਨਾਲ ਕੰਮ ਕੀਤਾ ਅਤੇ ਅਨਪੜ੍ਹ (1962) ਵਿੱਚ ਮਲਾ ਸਿਨਹਾ, ਪੂਜਾ ਕੇ ਫੂਲ (1964) ਵਿੱਚ ਕੰਮ ਕੀਤਾ ਅਤੇ ਬਹਾਰੇਂ ਫਿਰ ਭੀ ਆਏਂਗੀ, ਅਤੇ ਆਇ ਮਿਲਨ ਕੀ ਬੇਲਾ (1964) ਵਿੱਚ ਸਾਇਰਾ ਬਾਨੋ ਦੇ ਨਾਲ ਅਤੇ ਮੀਨ ਕੁਮਾਰੀ ਨੇ ਮੈਂ ਭੀ ਲੜਕੀ ਹੂ (1964), ਕਾਜਲ (1965), ਪੂਰਿਮਾ (1965) ਅਤੇ ਫੂਲ ਔਰ ਪਥਰ (1966). ਉਹ ਫੂਲ ਔਰ ਪਥਰ (1966) ਵਿੱਚ ਇਕੋ ਸੀਨੀਅਰ ਭੂਮਿਕਾ ਨਿਭਾਅ ਰਹੇ ਸਨ, ਜੋ ਕਿ ਉਨ੍ਹਾਂ ਦੀ ਪਹਿਲੀ ਐਕਸ਼ਨ ਫਿਲਮ ਸੀ। ਇਹ ਵੀ ਚਰਚਾਵਾਂ ਰਹੀਆਂ ਕਿ ਮੀਨਾ ਕੁਮਾਰੀ ਅਤੇ ਧਰਮਿੰਦਰ ਦੀ 1960 ਦੇ ਦਹਾਕੇ ਵਿੱਚ ਗੂੜ੍ਹੇ ਰਿਸ਼ਤੇ ਸਨ, । ਫੂਲ ਔਰ ਪਥਰ 1966 ਦੀ ਸਭ ਤੋਂ ਉੱਚੀ ਫਿਲਮ ਬਣ ਗਈ ਅਤੇ ਧਰਮਿੰਦਰ ਨੂੰ ਸਭ ਤੋਂ ਵਧੀਆ ਅਭਿਨੇਤਾ ਲਈ ਪਹਿਲਾ ਫਿਲਮਫੇਅਰ ਨਾਮਜ਼ਦ ਕੀਤਾ ਗਿਆ। ਅਨੁਪਮਾ ਵਿੱਚ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਗਈ। 1971 ਦੀ ਫ਼ਿਲਮ ਮੇਰਾ ਗਾਉਂ ਮੇਰਾ ਦੇਸ਼ ਵਿੱਚ ਐਕਸ਼ਨ ਨਾਇਕ ਦੀ ਭੂਮਿਕਾ ਲਈ ਉਨ੍ਹਾਂ ਨੂੰ ਇੱਕ ਫਿਲਮਫੇਅਰ ਸਰਬੋਤਮ ਅਭਿਨੇਤਾ ਨਾਮਜ਼ਦਗੀ ਪ੍ਰਾਪਤ ਹੋਈ ਜਿਸ ਵਿੱਚ ਉਨ੍ਹਾਂ ਨੇ ਰੋਮਾਂਟਿਕ ਅਤੇ ਐਕਸ਼ਨ ਹੀਰੋ ਦੇ ਰੂਪਾਂ ਵਿੱਚ ਭੂਮਿਕਾ ਨਿਭਾਈ ਸੀ, ਉਨ੍ਹਾਂ ਨੂੰ 1975 ਤੱਕ ਇੱਕ ਬਹੁਮੁਖੀ ਅਭਿਨੇਤਾ ਵੀ ਕਿਹਾ ਜਾਂਦਾ ਰਿਹਾ। ਉਨ੍ਹਾਂ ਦੀ ਕਾਮੇਡੀ ਫਿਲਮਾਂ ਜਿਵੇਂ ਕਿ ਤੁਮ ਹਸੀਨ ਮੈਂ ਜਵਾਨ, ਦੋ ਚੋਰ, ਚੁਪਕੇ ਚੁਪਕੇ, ਦਿਲਲਗੀ ਅਤੇ ਨੌਕਰ ਬੀਵੀ ਕਾ ਦੀ ਸ਼ਲਾਘਾ ਕੀਤੀ ਗਈ ਸੀ। ਉਨ੍ਹਾਂ ਦੀ ਸਭ ਤੋਂ ਸਫਲ ਜੋੜੀ ਹੇਮਾ ਮਾਲਿਨੀ ਦੇ ਨਾਲ ਸੀ, ਜੋ ਬਾਅਦ ਵਿੱਚ ਉਨ੍ਹਾਂ ਦੀ ਪਤਨੀ ਬਣ ਗਏ ਸਨ। ਇਸ ਜੋੜੇ ਨੇ ਰਾਜਾ ਜਾਨੀ, ਸੀਤਾ ਅਤੇ ਗੀਤਾ, ਸ਼ਰਾਫਤ, ਨਵਾਂ ਜ਼ਮਾਨਾ, ਪੱਥਰ ਔਰ ਪਾਇਲ, ਤੁਮ ਹਸੀਨ ਮੈਂ ਜਵਾਨ, ਜੁਗਨੂੰ, ਦੋਸਤ, ਚਰਸ, ਮਾਤਾ, ਚਾਚਾ ਭਤੀਜਾ, ਆਜ਼ਾਦ ਅਤੇ ਸ਼ੋਲੇ ਸਮੇਤ ਕਈ ਫਿਲਮਾਂ ਵਿੱਚ ਇਕੱਠੇ ਕੰਮ ਕੀਤਾ। ਧਰਮਿੰਦਰ ਦਾ ਪਹਿਲਾ ਵਿਆਹ ਪ੍ਰਕਾਸ਼ ਕੌਰ ਨਾਲ 1954 ਵਿੱਚ 19 ਸਾਲ ਦੀ ਉਮਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਹਿਲੇ ਵਿਆਹ ਤੋਂ ਉਨ੍ਹਾਂ ਦੇ ਦੋ ਪੁੱਤਰ ਸੰਨੀ ਅਤੇ ਬੌਬੀ, ਦਿਓਲ ਸਫਲ ਅਭਿਨੇਤਾ ਹਨ ਅਤੇ ਦੋ ਲੜਕੀਆਂ ਵਿਜੇਤਾ ਅਤੇ ਅਜੀਤਾ ਵੀ ਆਪਣੇ ਆਪਣੇ ਕਰੀਅਰ ਵਿੱਚ ਸਫਲ ਹਨ। ਉਸ ਦੇ ਚਾਰ ਪੋਤਰੇ ਹਨ। ਸਾਲ 1980 ਵਿੱਚ ਉਨ੍ਹਾਂ ਨੇ ਬਾਲੀਵੁੱਡ ਦੀ ‘ਡ੍ਰੀਮ ਗਰਲ’ ਅਦਾਕਾਰਾ ਹੇਮਾ ਮਾਲਿਨੀ ਨਾਲ ਵਿਆਹ ਕੀਤਾ। ਇਸ ਵਿਆਹ ਤੋਂ ਉਨ੍ਹਾਂ ਦੀਆਂ ਦੋ ਧੀਆਂ ਹਨ ਅਦਾਕਾਰਾ ਇਸਾ ਦਿਓਲ ਅਤੇ ਅਹਾਨਾ ਦਿਓਲ। ਧਰਮਿੰਦਰ ਰਾਜਨੀਤੀ ਵਿੱਚ ਵੀ ਸਰਗਰਮ ਰਹੇ 2004 ਦੀਆਂ ਆਮ ਚੋਣਾਂ ਵਿੱਚ ਉਹ ਰਾਜਸਥਾਨ ਦੇ ਬੀਕਾਨੇਰ ਤੋਂ ਭਾਰਤੀ ਜਨਤਾ ਪਾਰਟੀ ਦੇ ਟਿਕਟ ‘ਤੇ ਸੰਸਦ ਦੇ ਮੈਂਬਰ ਚੁਣੇ ਗਏ ਸਨ ਲੇਕਿਨ ਇਸ ਤੋਂ ਬਾਅਦ ਉਨ੍ਹਾਂ ਨੇ ਰਾਜਨੀਤੀ ਤੋਂ ਸਨਿਆਸ ਲੈ ਲਿਆ। ਧਰਮ ਭਾਜੀ ਨੂੰ ਅਨੇਕਾਂ ਹੀ ਸਨਮਾਨ ਅਤੇ ਇਨਾਮ ਮਿਲੇ ਜਿਨ੍ਹਾਂ ਚੋਂ 2012 ਚ ਉਨ੍ਹਾਂ ਨੂੰ ਮਹੱਤਵਪੂਰਨ ਸਨਮਾਨ ਪਦਮ ਭੂਸ਼ਣ, ਮਿਲਿਆ ਜਿਸ ਨੂੰ ਭਾਰਤ ਸਰਕਾਰ ਦਾ ਤੀਜਾ ਸਭ ਤੋਂ ਉੱਚਾ ਨਾਗਰਿਕ ਸਨਮਾਨ ਮੰਨਿਆ ਗਿਆ ਹੈ। ਧਰਮ ਭਾਜੀ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਵੀ ਕੋਈ ਪੰਜਾਬੀ ਉਨ੍ਹਾਂ ਨੂੰ ਬੰਬਈ ਮਿਲਣ ਲਈ ਜਾਂਦਾ ਸੀ ਤਾਂ ਉਹ ਆਪਣਿਆਂ ਵਾਂਗ ਉਨ੍ਹਾਂ ਦੀ ਖ਼ਾਤਰਦਾਰੀ ਕਰਦੇ ਸਨ। ਉਨ੍ਹਾਂ ਨੇ ਆਪਣੀ ਮਿਹਨਤ ਸਦਕਾ ਆਪਣੀ ਅਦਾਕਾਰੀ ਅਤੇ ਕਲਾਕਾਰੀ ਦਾ ਲੋਹਾ ਮਨਵਾਇਆ। ਖੁੱਲੇ ਸੁਭਾਅ ਵਜੋਂ ਜਾਣੇ ਜਾਂਦੇ ਧਰਮ ਭਾਜੀ ਨੂੰ ਅੱਜ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ।
ਕੁਲਦੀਪ ਸਿੰਘ ਸਾਹਿਲ
9417990040
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਨਿਸਟਰੀ ਆਫ ਕਲਚਰ ਭਾਰਤ ਸਰਕਾਰ ਵਲੋਂ ਆਯੋਜਿਤ 15 ਦਿਨਾਂ ਟ੍ਰੇਨਿੰਗ ਤੋਂ ਪਰਤੇ ਅਧਿਆਪਕ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ )ਵੱਲੋਂ ਸਨਮਾਨਿਤ
Next articleਵਿਧਾਇਕ ਰੰਧਾਵਾ ਵੱਲੋਂ ਆਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਸੈਸ਼ਨ ਦੌਰਾਨ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਰਧਾਂਜਲੀ