ਚੰਗੀ ਚੀਜ਼

ਮਨਦੀਪ ਖਾਨਪੁਰੀ

(ਸਮਾਜ ਵੀਕਲੀ)-ਦਿਆਲ ਕੌਰ ਦੇ ਜਦੋਂ ਤੀਜੀ ਵਾਰੀ ਵੀ ਧੀ ਨੇ ਜਨਮ ਲਿਆ । ਪਿੰਡ ਦੀਆਂ ਬੀਬੀਆਂ ਉਸ ਦੇ ਘਰ ਉਸ ਦਾ ਹਾਲ ਪੁੱਛਣ ਆਈਆਂ । ਚੱਕੀ ਵਾਲਿਆਂ ਦੀ ਬੇਬੇ ਕਰਤਾਰੋ ਨੇ ਗੱਲਾਂ ਗੱਲਾਂ ਵਿਚ ਆਖ ਦਿੱਤਾ ” ਹਾਏ ਓਏ! ਏਸ ਵਾਰੀ ਵੀ ਰੱਬ ਨੇ ਕੁੜੀ ਦੇ ਦਿੱਤੀ ਭੋਰਾ ਤਰਸ ਖਾਂਦਾ ਕੋਈ ਚੰਗੀ ਚੀਜ਼ ਹੀ ਦੇ ਦਿੰਦਾ।” ਤਾਂ ਉਨ੍ਹਾਂ ਦੇ ਜਾਣ ਤੋਂ ਬਾਅਦ ਦਿਆਲ ਕੌਰ ਲਾਗੇ ਪਈ ਛੋਟੀ ਜਿਹੀ ਬੱਚੀ ਦੇ ਸਿਰ ਨੂੰ ਪਲੋਸਦੀ ਹੋਈ ਰੋ ਪਈ । ਨਾਲੇ ਮਨੋਮਨੀ ਰੱਬ ਨਾਲ ਗੱਲਾਂ ਕਰ ਰਹੀ ਸੀ ” ਮੈਂ ਸੁਣਿਆ ਰੱਬ ਜੀ, ਤੁਹਾਡੇ ਵੱਲੋਂ ਦਿੱਤੀਆਂ ਚੀਜ਼ਾਂ ਮਾੜੀਆਂ ਨਹੀਂ ਹੁੰਦੀਆਂ ।” “ਫਿਰ ਮੇਰੀ ਬੱਚੀ ਦੁਨੀਆਂ ਨੂੰ ਚੰਗੀ ਚੀਜ਼ ਕਿਉਂ ਨਹੀਂ ਲੱਗਦੀ ?” ਚਲੋ ਸਮਾਂ ਬੀਤ ਗਿਆ । ਬੱਚੀ ਵੱਡੀ ਹੋਈ ਤੇ ਵਿਦੇਸ਼ ਪੜ੍ਹਨ ਲਈ ਚਲੀ ਗਈ । ਮਿਹਨਤ ਨਾਲ ਕਾਮਯਾਬੀ ਹਾਸਿਲ ਕਰ ਲਈ ਤੇ ਮਾਂ -ਪਿਉ ਨੂੰ ਵੀ ਆਪਣੇ ਕੋਲ ਬੁਲਾ ਲਿਆ । ਦਿਆਲ ਕੌਰ ਜਦੋਂ ਪਿੰਡ ਪਿੱਛੇ ਗੇੜਾ ਮਾਰਨ ਪੰਜਾਬ ਆਈ ਕਰਤਾਰੋ ਚਾਚੀ ਦੇ ਘਰੇ ਹਾਲ ਪੁੱਛਣ ਪਹੁੰਚੀ । ਉਸ ਨੂੰ ਪਤਾ ਲੱਗਾ ਸੀ, ਕਿ ਉਹ ਬੜੀ ਬਿਮਾਰ ਰਹਿੰਦੀ ਏ। ਪਰ ਘਰ ਜਾ ਕੇ ਪਤਾ ਲੱਗਾ ਉਸ ਦੇ ਦੋ ਮੁੰਡੇ ਹੁੰਦੇ ਹੋਏ ਵੀ ਕਿਸੇ ਨੇ ਨਹੀਂ ਸੰਭਾਲੀ ਤੇ ਉਸ ਨੂੰ ਬਿਰਧ ਆਸ਼ਰਮ ਵਾਲੇ ਆਪਣੇ ਕੋਲ ਲੈ ਗਏ ਸਨ । ਬਿਸ਼ਨੀ ਤਾਈ ਦੱਸਦੀ ਸੀ , ਉਹ ਹੁਣ ਕਈ ਵਾਰੀ ਰੋਂਦੀ ਰੋਂਦੀ ਆਖ ਛੱਡਦੀ ਏ , ਕਾਸ਼ ! ” ਮੇਰੇ ਵੀ ਕੋਈ ਧੀ ਹੁੰਦੀ ਮੇਰਾ ਦੁੱਖ ਸੁੱਖ ਸੁਣਦੀ , ਮੇਰੀ ਧੀ ਮੇਰੇ ਤੇ ਆ ਵਕਤ ਕਦੀ ਨਾ ਆਉਣ ਦਿੰਦੀ।” ਸੱਚੇ ਰੱਬ ਨੂੰ ਅਰਦਾਸਾਂ ਕਰਦੀ ਆਖਦੀ ਜਿਨ੍ਹਾਂ ਨੂੰ ਮੈਂ ਸਾਰੀ ਜ਼ਿੰਦਗੀ ਚੰਗੀਆਂ ਚੀਜ਼ਾਂ ਸਮਝਦੀ ਰਹੀ ਉਹ ਪੁੱਤ ਮੈਨੂੰ ਦੋ ਵਕਤ ਦੀ ਰੋਟੀ ਵੀ ਨਹੀਂ ਦੇ ਸਕੇ ॥

ਲੇਖਕ -ਮਨਦੀਪ ਖਾਨਪੁਰੀ
ਖਾਨਪੁਰ ਸਹੋਤਾ ਹੁਸ਼ਿਆਰਪੁਰ
9779179060

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIndian Army Chief, Singapore Defence Minister discusses bilateral military cooperation
Next articleਪੰਛੀ