(ਸਮਾਜ ਵੀਕਲੀ)
*ਜਿੱਥੇ ਅਵਾਜ਼ ਦੇਣ ਤੋਂ ਪਹਿਲਾਂ ਹੁੰਗਾਰਾ ਮਿਲਦਾ ਹੋਵੇ,*
*ਰੱਬ ਕਰੇ ਇਹੋ ਜਿਹੀ ਸਾਂਝ ਉਮਰਾਂ ਤੱਕ ਬਣੀ ਰਹੇ..!*
ਮੋਢਾ ਕਿਸੇ ਦਾ ਲੱਭੀਏ ਨਾ ਅਸੀਂ ਆਪਣੀ ਬੰਦੂਕ ਟਕਾਉਂਣ ਦੇ ਲਈ,
ਸਲੀਕਾ ਸਿੱਖਿਆ ਬਜ਼ੁਰਗਾਂ ਤੋਂ ਖੁਸ਼ਹਾਲ ਜ਼ਿੰਦਗੀ ਜਿਉਣ ਦੇ ਲਈ!
ਮਨੁੱਖੀ ਜੀਵਨ ਸਾਨੂੰ ਉਸ ਅਕਾਲ ਪੁਰਖ ਦਾ ਬਖਸ਼ਿਆ ਬੇਸ਼ਕੀਮਤੀ ਤੋਹਫ਼ਾ ਹੈ। ਇਸਨੂੰ ਸਹੀ ਅਰਥਾਂ ‘ਚ ਜਿਉਣ ਲਈ ਸਾਡੇ ਦਿਮਾਗ਼ ਦਾ ਰੌਸ਼ਨ ਅਤੇ ਮਾਨਸਿਕਤਾ ਦਾ ਤੰਦਰੁਸਤ ਹੋਣਾ ਅਤਿ ਜ਼ਰੂਰੀ ਹੈ। ਮੈਂ ਆਪਣੇ ਸਮਾਜਿਕ ਦਾਇਰੇ ਵਿੱਚ ਅਨੇਕਾਂ ਐਸੇ ਲੋਕ ਵੇਖਦਾ ਹਾਂ ਜੋ ਮਜ਼ਬੂਤ ਆਰਥਿਕਤਾ ਹੋਣ ਦੇ ਬਾਵਜੂਦ, ਸਿਰਫ਼ ਮਾੜੀ ਤੇ ਬਿਮਾਰ ਸੋਚ ਕਾਰਨ ਸਵਰਗ ਵਿਚ ਵੀ ਨਰਕ ਭੋਗਦੇ ਹਨ!
ਮੈਂ ਕੁਦਰਤ ਦੇ ਲੱਖਾਂ ਸ਼ੁਕਰਾਨੇ ਕਰਦਾ ਹਾਂ ਜਿਸਨੇ ਮਾਂ ਦੀ ਮਮਤਾ ਵਰਗੇ, ਪਿਓ ਦੇ ਸਾਏ ਵਰਗੇ, ਵੱਡੇ ਭਰਾ ਦੇ ਹੱਥਾਂ ਵਰਗੇ, ਛੋਟੇ ਭਰਾ ਦੇ ਚਾਅਵਾਂ ਵਰਗੇ, ਲੱਖਾਂ ਵੈਲੀਆਂ ਦੀ ਬੜ੍ਹਕ ਵਰਗੇ ਤੇ ਮਸ਼ੂਕ ਦੇ ਪਿਆਰ ਵਰਗੇ ਰੂਹ ਦੇ ਹਾਣੀ ਬਖ਼ਸ਼ ਮੈਨੂੰ ਨਿਵਾਜਿਆ ਤੇ ਮੈਂ ਕਮਲੇ ਨੂੰ ਵੀ ਥੋੜ੍ਹੀ ਬਹੁਤੀ ਜੀਵਨ ਜਿਉਣ ਤੇ ਮਾਨਣ ਦੀ ਜਾਂਚ ਆਈ। ਕੁਝ ਤਾਂ ਸੋਹਣੇ, ਸਿਆਣੇ ਤੇ ਹੱਸਮੁੱਖ ਵੀ ਰੱਜਕੇ ਨੇ, ਉਸ ਤੋਂ ਵੀ ਖੂਬਸੂਰਤ ਉਨ੍ਹਾਂ ਦੀ ਬੋਲਬਾਣੀ, ਲਿਆਕਤ ਤੇ ਮੁਹੱਬਤ ਹੁੰਦੀ ਹੈ। ਕਈ ਵਾਰੀ ਸਮਝ ਨਹੀਂ ਆਉਂਦਾ ਕਿ ਸੱਜਣ ਦੇਖਿਆ ਜਾਵੇ ਜਾਂ ਸੁਣਿਆ..?
ਉਪਰੋਕਤ ਸੱਜਣ ਮੁਤਾਬਿਕ… ਕੁਦਰਤ ਰੋਜ਼ਾਨਾ ਸਾਨੂੰ ਇਹੀ ਸੁਨੇਹਾ ਦੇ ਰਹੀ ਹੈ ਕਿ ਅਸੀਂ ਸਭ ਸਮੁੱਚੇ ਰੂਪ ਵਿੱਚ ਇੱਕ ਹਾਂ, ਅਸੀਂ ਸਭ ਕੁਦਰਤੀ ਊਰਜਾ ਦੇ ਪੁਤਲੇ ਹਾਂ, ਫਿਰ ਕਿਉਂ ਧਰਮਾਂ, ਜਾਤਾਂ, ਗੋਤਾਂ, ਨਸਲਾਂ, ਕੌਮਾਂ, ਰੰਗਾਂ, ਲਿੰਗਾਂ, ਦੇਸ਼ਾਂ, ਇਲਾਕਿਆਂ ਦੇ ਝਗੜੇ ਵਿੱਚ ਪਏ ਹੋਏ ਹਾਂ! ਪਤਾ ਨਹੀਂ ਕਿਉਂ ਅਸੀਂ ਮਾਨਸ ਕੀ ਜਾਤ ਬਣ ਕੇ ਪਿਆਰ ਨਾਲ ਨਹੀਂ ਰਹਿ ਸਕਦੇ? ਮੈਨੂੰ ਚੜ੍ਹਦੇ ਸੂਰਜ ਦੀ ਲਾਲੀ ਤੇ ਨਿੱਘ ਨੂੰ ਦੇਖ, ਮਹਿਸੂਸ ਕਰਕੇ, ਅੱਜ ਇਹ ਗੱਲ ਸਮਝ ਆਉਂਦੀ ਹੈ ਕਿ… ‘ਪੁਰਾਤਨ ਭਾਰਤੀ ਲੋਕ ਸਵੇਰੇ ਉਠ ਕੇ ਸੂਰਜ ਨਮਸਕਾਰ ਕਿਉਂ ਕਰਦੇ ਸਨ? ਉਹ ਦਰੱਖਤਾਂ, ਦਰਿਆਵਾਂ, ਪਸ਼ੂਆਂ, ਪੰਛੀਆਂ ਅੱਗੇ ਸਿਰ ਕਿਉਂ ਝੁਕਾਉਂਦੇ ਸਨ? ਸੂਰਜ ਸਮੇਤ ਦਰਿਆ, ਦਰਖ਼ਤ, ਪਸ਼ੂ, ਪੰਛੀ ਸਾਡੀਆਂ ਜੀਵਨ ਦਾਤਾਂ ਹਨ! ਇਨ੍ਹਾਂ ਤੋਂ ਬਿਨਾਂ ਇਸ ਧਰਤੀ ਤੇ ਸਾਡੀ ਹੋਂਦ ਸੰਭਵ ਨਹੀਂ! ਆਓ, ਕੁਦਰਤ ਨੂੰ ਨਮਸਕਾਰ ਕਰਦੇ ਹੋਏ, ਧੰਨਵਾਦ ਭਾਵ ਨਾਲ ਭਰੀਏ ਤੇ ਜੀਵਨ ਦਾ ਅਨੰਦ ਮਾਣੀਏ!
ਉੱਜਲੇ ਭਵਿੱਖ ‘ਚ ਪੁਰਾਣੀਆਂ ਚੀਸਾਂ ਨੂੰ ਯਾਦ ਰੱਖਣਾ,
ਸਾਡੇ ਕੁਦਰਤ ਨਾਲ ਸਨੇਹ ਦਾ ਪ੍ਰਤੱਖ ਪ੍ਰਮਾਣ ਹੁੰਦਾ ਹੈ!
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly