(ਸਮਾਜ ਵੀਕਲੀ)
ਕੱਲ੍ਹ ਪੰਜਾਬੀ ਫ਼ਿਲਮੀ ਦੁਨੀਆਂ ਦੀ ਲੇਖਕ, ਡਾਇਰੈਕਟਰ ਅਤੇ ਸੱਜਰੀ ਹਵਾ ਦੇ ਬੁੱਲੇ ਵਰਗੀ ਅਦਾਕਾਰਾ ‘ਦੀਪ ਗਿੱਲ’ ਮੇਰੇ ਗ੍ਰਹਿ ਵਿਖੇ ਆਪਣੀ ਲਿਖੀ ਕਿਤਾਬ ਸ਼ਾਇਰੀ ਪਰਾਗਾ ‘ਅੱਖਰਾਂ ਦਾ ਰਥ’ ਲੈ ਕੇ ਉਚੇਚੇ ਤੌਰ ਤੇ ਪਹੁੰਚੀ, ਮੁਲਾਕਾਤ ਭਾਵੇਂ ਸੀਮਤ ਸੀ ਉਂਝ ਨਿੱਘੀ ਜਵਾਂ ਸਿਆਲ਼ ਦੀ ਧੁੱਪ ਵਰਗੀ ਸੀ। ਦੀਪ ਨੂੰ ਮਿਲਕੇ ਮੈਨੂੰ ਮਹਿਸੂਸ ਹੋਇਆ ਕਿ ਮੇਲ ਮਿਲਾਪ ਤੋਂ ਸੱਖਣਾ ਮਨੁੱਖ ਸੂਰਜ ਬਿਨਾਂ ਦਿਨ ਵਰਗਾ ਜਾਂ ਦੀਵੇ ਬਿਨ ਰਾਤ ਵਰਗਾ ਹੋ ਨਿਬੜਦਾ ਹੈ। ਸਵੈਮਾਣ ਵਾਲੇ ਮਨੁੱਖਾਂ ਲਈ ਹਰ ਸਵੇਰ ਸ਼ੁਭ ਅਤੇ ਹਰ ਰੂਹ ਹੀ ਮੁਹੱਬਤ ਦਾ ਪੈਗਾਮ ਲੈ ਕੇ ਆਉਂਣ ਵਾਲੀ ਹੁੰਦੀ ਹੈ। ਰੂਹਦਾਰੀਆਂ ਕਰਨ ਲਈ ਸਾਨੂੰ ਕਿਸੇ ਇੱਕ ਖ਼ਾਸ ਦਿਨ ਦੀ ਲੋੜ ਨਹੀਂ ਹੁੰਦੀ, ਰੂਹਦਾਰ ਸੱਜਣ ਤਾਂ ਹਰ ਸਾਂਹ, ਹਰ ਪਲ ਸਾਰਿਆਂ ਲਈ ਤੰਦਰੁਸਤ ਅਤੇ ਲੰਬੇ ਜੀਵਨ ਦੀਆਂ ਦੁਆਵਾਂ ਮੰਗਦੇ ਰਹਿੰਦੇ ਹਨ।
ਰੂਹਦਾਰੀਆਂ ਤੇ ‘ਰੁਪਿੰਦਰ ਸੰਧੂ’ ਨੇ ਇੱਕ ਦਿਨ ਕਮਾਲ ਦਾ ਲਿਖਿਆ ਸੀ ਕਿ… ਮੈਂ, ਤੁਸੀਂ ਅਤੇ ਅਸੀਂ ਸਾਰੇ ਆਮ ਜਿਹੇ ਹੀ ਤਾਂ ਹਾਂ, ਪਰ ਖ਼ਾਸ ਉਦੋਂ ਬਣਦੇ ਹਾਂ ਜਦੋਂ ਕੋਈ ਰੂਹਦਾਰ ਆਖੇ ਕਿ.. ‘ਤੂੰ ਅਹਿਮ ਹੈ ਮੇਰੇ ਲਈ’ ਇਹ ਸੁਣਨ ਲਈ ਕਾਫ਼ੀ ਵੱਡੇ ਅੰਦਰੂਨੀ ਹੇਰ-ਫੇਰ ਕਰਨੇ ਪੈਂਦੇ ਹਨ। ਦਿਲ ਹਾਰਨਾ ਪੈਂਦਾ, ਕਿਸੇ ਦੀ ਰੂਹ ਨੂੰ ਕਮਾਉਂਣਾ ਪੈਂਦਾ ਹੈ। ਜ਼ੁਬਾਨ ਨੂੰ ਛੋਟੀ ਅਤੇ ਵਿਸ਼ਵਾਸ ਨੂੰ ਵੱਡਾ ਕਰਨਾ ਪੈਂਦਾ, ਗੈਰਾਂ ਸਾਹਮਣੇ ਗ਼ੈਰਤ ਰੱਖਣੀ ਅਤੇ ਆਪਣਿਆਂ ਸਾਹਮਣੇ ਆਕੜ ਮਾਰਨੀ ਪੈਂਦੀ ਹੈ। ਸੁਰਮੇਂ ਦੀਆਂ ਡਲੀਆਂ ਵਾਂਗੂੰ ਖੁਦ ਦੀ ਰੜਕ ਖ਼ਤਮ ਕਰਨੀ ਪੈਂਦੀ ਹੈ। ਕਿਸੇ ਦਿਆਂ ਬੋਲਾਂ ਨਾਲ ਪਈਆਂ ਝਰੀਟਾਂ ਨੂੰ ਜ਼ਖ਼ਮ ਨਹੀਂ ਬਣਾ ਲਈਦਾ ਕਮਲਿਆ ਮਨਾ, ਬਲਕਿ ਸਮਝ ਲਈਦਾ ਕਿ ਬਹੁਤਾ ਬੋਲਣ ਵਾਲੇ ਨੂੰ ਕਿਸੇ ਦੀ ਚੁੱਪ ਹੀ ਚੁੱਪ ਕਰਾ ਰਹੀ ਹੈ। ਦੁਨੀਆਦਾਰਾਂ ਨੂੰ ਉਮਰ ਦਾ ਹਾਣੀ ਬਣਨ ਤੋਂ ਬਾਅਦ ਰੂਹ ਦਾ ਹਾਣੀ ਬਣਨ ਨੂੰ ਵੀ ਵਰ੍ਹੇ ਲੱਗ ਜਾਂਦੇ ਆ। ਸਭ ਨੂੰ ਨਹੀਂ ਚੰਗੀਆਂ ਲੱਗਣੀਆਂ ਇਹ ਗੱਲਾਂ ਕਿਉਂਕਿ ਮੈਂ ਰਿਸ਼ਤੇਦਾਰੀਆਂ ਦੀ ਨਹੀਂ, ਰੂਹਦਾਰੀਆਂ ਦੀ ਗੱਲ ਲਿਖੀ ਹੈ। ਉਕਤ ਗੱਲਾਂ ਦੇ ਅਰਥ ਇਨ੍ਹਾਂ ਸ਼ਬਦਾਂ ਵਿਚ ਨਹੀਂ, ਸਾਡੀ ਸਮਝ ਵਿਚ ਹਨ’!
ਵੱਡਿਆਂ ਨੂੰ ਮਹਿਮਾਨ ਨਿਵਾਜ਼ੀ ਦਾ ਸ਼ੌਕ ਸੀ, DNA ਦਾ ਅਸਰ ਹੈ ਆਪਾਂ ਵੀ ਪੂਰੇ ਸ਼ੌਕੀਨ ਹਾਂ, ਅਵੱਲਾ ਹੀ ਚਾਅ ਜਾ ਚੜ੍ਹ ਜਾਂਦਾ ਤੇ ਕਈ ਦਿਨਾਂ ਤੱਕ ਚੜ੍ਹਿਆ ਹੀ ਰਹਿੰਦਾ ਹੈ ਜਦੋਂ ਕੋਈ ਰੂਹਦਾਰ ਘਰ ਫੇਰੇ ਪਾ ਜਾਂਦਾ ਹੈ। ਅਗਲੀ ਅਰਦਾਸ ਫਿਰ ਇਹੋ ਹੁੰਦੀ ਐ ਕਿ…
*ਇੱਕ ਤਾਂ ਚੁੱਲ੍ਹੇ ‘ਚ ਅੱਗ ਰਹੇ, ਦੂਜਾ…*
*ਮਹਿਮਾਨ ਘਰ ਆਉਂਦੇ ਹੀ ਰਹਿਣ..!*
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly