(ਸਮਾਜ ਵੀਕਲੀ)
ਦਿਨ ਚੜ੍ਹਦਿਆ ਹੀ ਸੂਰਜ ਆਪਣੀ ਰੌਸ਼ਨੀ ਦੀ ਹੱਟੀ ਲਾਉਂਣੀ ਸ਼ੁਰੂ ਕਰ ਦਿੰਦਾ ਹੈ। ਸ਼ਾਇਦ ਇਸੇ ਕਰਕੇ ਧਰਤੀ ਤੇ ਰਹਿਣ ਵਾਲਾ ਜੀਵ, ਜੰਤੂ ਤੇ ਮਨੁੱਖ ਜ਼ਿਆਦਾ ਭਰੋਸਾ ਅਸਮਾਨ ‘ਤੇ ਕਰਦਾ ਹੈ। ਸੋ ਇਸ ਲਈ ਸਿਰ ਉੱਚਾ ਕਰਕੇ ਅਸਮਾਨ ਨਾਲ ਕਦੇਂ-ਕਦੇਂ ਸਾਨੂੰ ਇੱਕ-ਮਿੱਕ ਜਰੂਰ ਹੋਣਾ ਚਾਹੀਦਾ ਹੈ।
ਸਾਡੇ ਬਜ਼ੁਰਗਾਂ ਦਾ ਇਤਿਹਾਸ ਫਰੋਲਿਆ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਸਵਾਦਲਾ ਬਣਾਉਣ ਲਈ ਜੀਵਨ ਵਿਚ ਬੇਸ਼ੁਮਾਰ ਨਿੱਕੀਆਂ-ਨਿੱਕੀਆਂ ਖੁਸ਼ੀਆਂ ਦਾ ਪ੍ਰਬੰਧ ਕੀਤਾ ਹੋਇਆ ਸੀ। ਜਿਵੇਂ ਫ਼ਸਲ ਬੀਜਣੀ ਹੈ ਤਾਂ ਖੁਸ਼ੀ ਮਨਾਉਣੀ, ਕੱਟਣੀ ਤਾਂ ਭੰਗੜੇ ਪਾਉਣੇ, ਬਹਾਰ ਨੂੰ ‘ਜੀ ਆਇਆਂ ਨੂੰ’ ਕਹਿਣਾ, ਸਰਦੀਆਂ ਆਈਆਂ ਤਾਂ ਲੋਹੜੀਆਂ ਬਾਲਣੀਆਂ, ਬਸੰਤ ਆਉਣ ਤੇ ਪਤੰਗ ਉਡਾਉਣੇ, ਬੇਸ਼ੁਮਾਰ ਮੇਲੇ, ਤਿਉਹਾਰ, ਦਿਨ ਤੇ ਢੰਗ ਸਭ ਖੁਸ਼ੀਆਂ ਮਨਾਉਣ ਵਾਸਤੇ ਹੀ ਬਣਾਏ ਹੋਏ ਸੀ। ਖੁਸ਼ੀਆਂ ਬੰਦੇ ਨੂੰ ਮਿੱਠਬੋਲੜਾ ਬਣਾਉਂਦੀਆਂ ਹਨ, ਉਸਨੂੰ ਹੋਰਨਾਂ ਦੇ ਨੇੜੇ-ਨੇੜੇ ਲਿਜਾਂਦੀਆਂ ਹਨ।
ਸਾਡੇ ਪੁਰਖੇ ਤਾਂ ਕਦੇ ਮੁਸੀਬਤਾਂ ਨੂੰ ਵੀ ਭੰਡਦੇ ਨਹੀਂ ਸਨ, ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਇਹ ਮਨੁੱਖ ਨੂੰ ਸਹਿਨ ਸ਼ਕਤੀ ਦਿੰਦੀਆਂ ਹਨ, ਸਾਨੂੰ ਘੁਮੰਡ ਤੋਂ ਦੂਰ ਲਿਜਾਂਦੀਆਂ ਹਨ, ਸਾਨੂੰ ਅੰਦਰੋਂ ਮਾਨਵਤਾ ਦਾ ਅਹਿਸਾਸ ਕਰਵਾਉਂਦੀਆਂ ਹਨ। ਹਰ ਬੰਦੇ ਨੂੰ ਹਰ ਖੁਸ਼ੀ ਨਸ਼ੀਬ ਨਹੀਂ ਹੁੰਦੀ, ਸੋ ਜਿਹੜੀ ਖੁਸ਼ੀ ਸਾਨੂੰ ਮਿਲੀ ਹੈ ਉਸਦਾ ਪੂਰਾ-ਪੂਰਾ ਮਜ਼ਾ ਲੈਣ ਦੇ ਪੂਰਨ ਯਤਨ ਕਰੀਏ, ਵਾਧੂ ਖੁਸ਼ੀ ਦੀ ਉਡੀਕ ਵਿਚ ਆਪਣੇ ਅੱਜ ਨੂੰ ਕਦੇ ਵੀ ਅਫ਼ਸੋਸ ਵਿਚ ਤਬਦੀਲ ਨਾ ਕਰੀਏ ਜੀ।
ਉਮਰਾਂ ਦਾ ਹਿਸਾਬ ਕਿਤਾਬ ਵੀ ਬਹੁਤਾ ਨਹੀਂ ਲਾਉਣਾ ਚਾਹੀਦਾ ਸਾਨੂੰ, ਅਨੁਭਵ ਲਈ ਕੋਈ ਵੀ ਉਮਰ ਕਦੇ ਰੁਕਾਵਟ ਨਹੀਂ ਬਣਦੀ। ਪਰ ਹਾਂ… ‘ਨਰਕ ਦੀ ਕਾਢ ਕੱਢਣ ਵਾਲੇ ਨਰਕ ਹੀ ਜਾਂਦੇ ਹਨ’!
ਪਹਿਲਾਂ ਆਪਾਂ ਆਪ ਤੰਦਰੁਸਤ ਬਣੀਏ ਤਾਂ ਹੀ ਕਿਸੇ ਬਿਮਾਰ ਨੂੰ ਹੌਸਲਾ ਦੇਣ ਯੋਗ ਹੋਵਾਂਗੇ, ਕਿਸੇ ਬਿਮਾਰ ਨੂੰ ਜਦੋ ਵੀ ਮਿਲੀਏ, ਆਖੀਏ ਤੇਰੀ ਉਮਰ ਬਹੁਤ ਵੱਡੀ ਹੈ। ਇਹ ਕਹਿਣ ਨਾਲ ਭਾਵੇਂ ਉਮਰ ਵੱਡੀ ਤਾਂ ਨਹੀਂ ਹੋਣੀ, ਪਰ ਉਸ ਦੀ ਰੂਹ ਨੂੰ ਰਾਹਤ ਜਰੂਰ ਮਿਲੇਗੀ। ਅੱਜ ਤੱਕ ਦੇ ਮਹਾਨ ਲੋਕਾਂ ਨੇ ਇਨਸਾਨ ਨੂੰ ਮਨੁੱਖ ਮਾਤਰ ਦੀ ਸਮਾਨਤਾ, ਭਾਈਚਾਰਾ ਅਤੇ ਆਪਸੀ ਸਹਿਯੋਗ ਦਾ ਸੰਦੇਸ਼ ਦਿੱਤਾ ਹੈ।
ਅਸਲ ਵਿਚ ਵੱਡਿਆਂ ਕੰਧੇੜੇ ਚੜ੍ਹਕੇ ਹੀ ਇਸ ਤੋਂ ਅਗਾਂਹ ਵੇਖਿਆ ਜਾ ਸਕਦਾ ਹੈ, ਜਿੱਥੇ ਅੱਜ ਆਪਾਂ ਖੜ੍ਹੇ ਹਾਂ।
ਹਰਫੂਲ ਭੁੱਲਰ
ਮੰਡੀ ਕਲਾਂ 9876870157
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly