ਸ਼ੁਭ ਸਵੇਰ ਦੋਸਤੋ,

ਹਰਫੂਲ ਭੁੱਲਰ

(ਸਮਾਜ ਵੀਕਲੀ)

ਅਸਲ ਵਿੱਚ ਬੱਚਿਆਂ ਲਈ ਸਕੂਲੀ ਪੜ੍ਹਾਈ ਨਾਲੋਂ ਬਹੁਤ ਜ਼ਿਆਦਾ ਜ਼ਰੂਰੀ ਨੈਤਿਕ ਸਿੱਖਿਆ ਹੁੰਦੀ ਹੈ। ਜੋ ਮਿਲਣੀ ਵੀ ਘਰਾਂ ‘ਚੋਂ ਹੀ ਹੁੰਦੀ ਹੈ, ਸੋ ਇਸ ਲਈ ਹੁਣ ਜ਼ਿਆਦਾ ਜ਼ਿੰਮੇਵਾਰੀ ਏਥੇ ਮਾਪਿਆਂ ਦੀ ਬਣ ਜਾਂਦੀ ਹੈ।

ਬੱਚੇ ਕੁਝ ਵੀ ਸਿਰਜਣ ਉਸਦੀ ਤਰੀਫ਼ ਕਰੀਏ। ਬੱਚਿਆਂ ਨੂੰ ਹਮੇਸ਼ਾ ਹੀ ਇਹ ਕਹਿੰਦੇ ਰਹਿਣਾ ਕਿ… ‘ਤੂੰ ਵਧੀਆ ਨੰਬਰ ਲੈਣੇ ਆ, ਤੇਰੀ ਭੂਆ ਦੇ ਮੁੰਡੇ ਵੱਲ ਦੇਖ ਓਹ ਤੈਥੋਂ ਲੰਮਾ ਹੋ ਗਿਆ, ਇਹੋ ਜਿਹੀਆਂ ਸਭ ਗੱਲਾਂ ਦੁਬਾਰਾ ਬੱਚਿਆਂ ਦੇ ਮਨ ਉੱਪਰ ਗ਼ਲਤ ਪ੍ਰਭਾਵ ਪੈਂਦਾ ਹੈ’।
ਸਗੋਂ ਬੱਚਿਆਂ ਨੂੰ ਕਹੋ… ‘ਜਿੰਨਾ ਚੰਗਾ ਤੁਸੀਂ ਕਰ ਸਕਦੇ ਹੋ ਕਰੋ, ਕਿਸੇ ਦੀ ਨਕਲ ਨਹੀਂ ਮਾਰਨੀ, ਜੇ ਕਰ ਅਸਫ਼ਲ ਵੀ ਹੋਏ ਤਾਂ ਹੋਰ ਬਹੁਤ ਮੌਕੇ ਮਿਲਣਗੇ, ਸਿਰਫ਼ ਸਮਾਂ ਹੋਰ ਲੱਗੇਗਾ, ਪਰ ਅਸਫ਼ਲਤਾ ਤੋਂ ਬਹੁਤ ਕੁੱਝ ਸਿੱਖਣ ਨੂੰ ਵੀ ਤਾਂ ਮਿਲੇਗਾ’। ਸਦਾ ਹੌਸਲਾ ਦੇਈਏ ਕਿ ਅਸੀਂ ਹਰ ਹਾਲ ‘ਚ ਨਾਲ ਹਾਂ ਤੁਹਾਡੇ, ਵੇਖਿਓ ਫਿਰ ਬੱਚਿਆਂ ਦੀ ਸਿਹਤ ਬਣਦੀ, ਸਿਹਤ ਤੋਂ ਬਿੰਨ ਹਰ ਖੇਤਰ ਚ ਫੇਲ ਹੈ ਇਨਸਾਨ।

ਕਈ ਮਾਪੇ ਮੈਂ ਵੇਖੇ ਆ ਜੋ ਸਭ ਦੇ ਸਾਹਮਣੇ ਬੱਚਿਆ ਨੂੰ ਕਹਿੰਦੇ… ‘ਜੇ ਤੂੰ ਫ਼ੇਲ੍ਹ ਹੋ ਗਿਆ ਤਾਂ ਕੰਮ ਤੇ ਲਾ ਦੇਣਾ, ਕੁੜੀਆਂ ਨੂੰ ਕਹਿਣਗੇ ਘਰੇ ਬਿਠਾ ਲੈਣਾ, ਉਨ੍ਹਾਂ ਸੋਚਿਆ ਕਦੇ ਨਹੀਂ ਹੁੰਦਾ ਕਿ ਫ਼ੇਲ੍ਹ ਹੋ ਕੇ ਬੱਚੇ ਕਿੱਧਰ ਜਾਣਗੇ? ਪਤਾ ਨੀਂ ਕੀ ਦੌੜ ਲੱਗੀ ਆ, ਪੜ੍ਹਾਈ ਤੋਂ ਬਿਨਾ ਵੀ ਜੀਵਨ ‘ਚ ਅਨੇਕਾਂ ਕੁਝ ਹੁੰਦਾ ਐ ਸਿਖਾਉਣ ਵਾਲਾ, ਜਿਸ ਨਾਲ ਵੰਸ਼ ਅੱਗੇ ਚੱਲਦੇ ਹਨ।

ਹੁਣ ਨਾ ਤਾਂ ਕੋਈ ਅਧਿਆਪਕ ਹੀ ਜੀਵਨ ਜਾਂਚ ਬਾਰੇ ਬੱਚਿਆਂ ਨੂੰ ਦੱਸਦਾ ਹੈ ਤੇ ਨਾ ਮਾਪੇ, ਸਮਾਜ ਵਿਚ ਚੰਗਾ ਬਹੁਤ ਘੱਟ ਵਾਪਰ ਰਿਹਾ ਹੈ, ਬਣੂ ਕੀ?

ਆਪਾਂ ਕੋਸ਼ਿਸ਼ ਕਰੀਏ ਆਪਣੇ ਬੱਚਿਆਂ ਨੂੰ ਧਰਮਾਂ, ਨਸਲਾਂ ਅਤੇ ਜਾਤਾਂ ਦੀਆਂ ਅਖੌਤੀ ਤੇ ਸੌੜੀਆਂ ਵਲਗਣਾਂ ਵਿਚੋਂ ਕੱਢ ਕੇ ਇਸ ਤਰ੍ਹਾਂ ਵਿਕਾਸ ਕਰਵਾਈਏ ਕਿ ਉਹ ਵਿਸ਼ਵ ਨਾਗਰਿਕ ਬਣ ਸਕਣ। ਸਾਡੇ ਬਾਬੇ ਨੇ ਵੀ ਇਹੀ ਕਿਹਾ… ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’।
ਆਪਣੇ ਬੱਚਿਆਂ ਨੂੰ ਧਰਮ ਦੇ ਨਾਮ ਤੇ ਸਿਆਸਤ ਕਰ ਰਹੀਆਂ ਪਾਰਟੀਆਂ ਦੇ ਚੁੱਲਿਆਂ ਦੀ ਅੱਗ ਬਣਨੋਂ ਬਚਾ ਲਵੋ ਹਾੜ੍ਹੇ! ਇਕੱਲੀ ਪੜ੍ਹਾਈ ਸਭ ਕੁਝ ਨਹੀਂ ਹੁੰਦੀ। ਸਾਡੇ ਤੇ ਰਾਜ ਕਰਨ ਵਾਲੇ ਸਭ ਤੋਂ ਘੱਟ ਪੜ੍ਹੇ ਹਨ। ਉੱਚ ਦਰਜੇ ਦੀ ਪੜ੍ਹਾਈ ਅਨਪੜ੍ਹਤਾ ਨੂੰ ਸਲਿਊਟ ਕਰਦੀ ਹੈ।

ਪੜ੍ਹਾਈ ਜੀਵਨ ਵਿਚ ਮਾਇਨੇ ਰੱਖਦੀ ਐ, ਪਰ ਬਹੁਤੇ ਮਾਇਨੇ ਨਹੀਂ ਰੱਖਦੀ। ਕਰੋੜਾਂ ਲੋਕ ਨੇ ਜਿਹੜੇ ਪੜ੍ਹੇ ਘੱਟ ਨੇ ਪਰ ਕਾਮਯਾਬੀ ਦੇ ਝੰਡੇ ਗੱਡੇ ਹਨ ਅਗਲਿਆ ਨੇ। ਮੈਨੂੰ ਲਗਦੇ ਕਦੇ-ਕਦੇ ਕਿ ਪੜ੍ਹੇ ਲਿਖੇ ਹੋਣਾ ਕੋਈ ਖਾਸ ਗੱਲ ਨਹੀਂ, ਇਨਸਾਨ ਜੀਵਨ ਵਿਚ ਕਾਮਯਾਬ ਹੋਣਾ ਚਾਹੀਦਾ, ਦੁਨੀਆਂ ਦੇ ਹਰ ਕੋਨੇ ‘ਚ ਹਰ ਸਮਾਜ ‘ਚ ਕਾਮਯਾਬ ਨੂੰ ਸਲਾਮਾਂ ਨੇ ਪੜ੍ਹੇ ਲਿਖੇ ਨੂੰ ਨਹੀਂ।

ਹਰਫੂਲ ਭੁੱਲਰ

ਮੰਡੀ ਕਲਾਂ 9876870157

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਰਾ ਹੋਇਆ ਮੁਰਦਾ
Next article*ਮਨ ਸਮਝਾ ਕੇ………*