(ਸਮਾਜ ਵੀਕਲੀ)
ਜਿਸ ਦਿਨ ਅਸੀਂ ਲੋਕਾਂ ਨੂੰ ਖੁਸ਼ ਕਰਨਾ ਛੱਡ ਦੇਵਾਂਗੇ, ਓਸ ਦਿਨ ਤੋਂ ਹੀ ਸਾਡੀ ਅਸਲੀ ਖੁਸ਼ੀਆਂ ਭਰੀ ਜ਼ਿੰਦਗੀ ਸ਼ੁਰੂ ਹੋਣੀ ਆ। ਉਝ ਤਾਂ ਸਾਡੀ ਸਾਰੀ ਉਮਰ ਲੋਕਾਂ ਨੂੰ ਖੁਸ਼ ਕਰਨ ਚ ਲੰਘ ਜਾਂਦੀ ਆ, ਕਿਉਂਕਿ ਸਾਨੂੰ ਡਰ ਹੁੰਦਾ ਕਿ ਕਿਤੇ ਮੈਂ ਇਕੱਲਾ ਹੀ ਨਾ ਰਹਿ ਜਾਂਵਾ! ਨਾਲੇ ਵਾਸਤਵਿਕ ਵਿਚ ਉਝ ਹਾਂ ਅਸੀਂ ਸਾਰੇ ਹੀ ਇਕੱਲੇ… ਸੋ ਸਹੀ ਇਹ ਰਹਿੰਦਾ ਹੈ ਜੇਕਰ ਜ਼ਿੰਦਗੀ ਜਿਉਂਣ ਦਾ ਫਲਸਫ਼ਾ ਆਪਣੇ ਢੰਗ ਅਨੁਸਾਰ ਹੀ ਰੱਖਿਆ ਜਾਵੇ ਜੀ।
ਮੇਰਾ ਮੰਨਣਾ… ਸੱਚੇ ਯਾਰ, ਦਿਲਦਾਰ ਲੋਕ, ਚੰਗੀ ਸਿਹਤ, ਚੰਗੀਆਂ ਆਦਤਾਂ, ਚੰਗੀਆਂ ਸੋਚਾਂ, ਚੰਗੀਆਂ ਵਿਉਂਤਾਂ, ਚੰਗੇ ਸਬੰਧ, ਹੱਸ-ਖੇਡ ਕੇ ਮਾਣੇ ਖੂਬਸੂਰਤ ਪਲ ਸਾਡੇ ਜੀਵਨ ਦੀ ਖ਼ੁਸ਼ਹਾਲੀ ਦੇ ਸਰੋਤ ਹੁੰਦੇ ਹਨ।
ਆਖਿਰ ਨੂੰ ਤਾਂ ਸਭ ਦੀ ਰੂਹ ਕੁਦਰਤ ਕੋਲ, ਸਰੀਰ ਮਿੱਟੀ ਕੋਲ, ਸਾਡੀ ਕਮਾਈ ਆਪਣਿਆਂ ਕੋਲ ਚਲੀ ਜਾਣੀ ਹੈ, ਇਹ ਹੁਣ ਤੱਕ ਦੇ ਸਭ ਮਨੁੱਖਾਂ ਦੀ ਹੋਣੀ ਹੈ।
ਹਾਲਾਤ ਕਦੇ ਵੀ ਇੱਕੋ ਜਹੇ ਨਹੀਂ ਰਹਿੰਦੇ, ਜ਼ਿੰਦਗੀ ਪ੍ਰਸਥਿੱਤੀਆਂ ਅਨੁਸਾਰ ਚਲਦੀ ਰਹਿੰਦੀ ਹੈ, ਜਿਹੜੇ ਪ੍ਰਸਥਿਤੀ ਅਨੁਸਾਰ ਹਾਲਾਤਾਂ ਨੂੰ ਸਵੀਕਾਰ ਕਰ ਲਿਆ ਕਰਦੇ ਹਨ, ਓਹ ਲੱਗਭੱਗ ਖੁਸ਼ ਹੀ ਰਹਿੰਦੇ ਨੇ!
ਜ਼ਿੰਦਗੀ ਖੂਬਸੂਰਤ ਬਣਾਉਣ ਲਈ ਮਨ ਨੂੰ ਸਮਝਾਈਏ ਜੀ…..
ਕਹਿੰਦੇ ਇੱਕ ਵਾਰ ਦੀ ਗੱਲ ਹੈ ਕਿਸੇ ਗੁਰੂ ਨੂੰ ਉਸਦੇ ਚੇਲੇ ਨੇ ਆ ਕੇ ਕਿਹਾ ‘ਗੁਰੂਦੇਵ’… ਇੱਕ ਵਿਆਕਤੀ ਨੇ ਆਸ਼ਰਮ ਲਈ ਗਾਂ ਦਾ ਦਾਨ ਦਿੱਤਾ ਹੈ।
ਗੁਰੂ ਜੀ ਬੋਲੇ.. ਇਹ ਤਾਂ ਵਧੀਆ ਗੱਲ ਹੈ, ਦੁੱਧ ਪੀਣ ਨੂੰ ਮਿਲਿਆ ਕਰੂਗਾ।
ਮਹੀਨੇ ਕੁ ਬਾਅਦ ਚੇਲੇ ਨੇ ਬੜੇ ਦੁਖੀ ਹਿਰਦੇ ਨਾਲ ਆ ਕੇ ਕਿਹਾ… ਗੁਰੂ ਜੀ, ਜਿਸ ਵਿਆਕਤੀ ਨੇ ਗਾਂ ਦਿੱਤੀ ਸੀ, ਅੱਜ ਓਹ ਆਪਣੀ ਗਾਂ ਵਾਪਿਸ ਲੈ ਗਿਆ ਹੈ।
ਗੁਰੂ ਜੀ ਨੇ ਪ੍ਰਸਥਿਤੀ ਨੂੰ ਸਵੀਕਾਰਿਆ ਤੇ ਕਿਹਾ… ਚੰਗਾ ਹੋਇਆ ਤੈਨੂੰ ਮਲਮੂਤਰ ਉਠਾਉਣ ਦੇ ਝੰਝਟ ਤੋਂ ਮੁਕਤੀ ਮਿਲੀ, ਤੈਨੂੰ ਤਾਂ ਸਗੋਂ ਖੁਸ਼ੀ ਹੋਣੀ ਚਾਹੀਦੀ ਹੈ ਕਮਲਿਆ।
ਭਾਵ ਇਹ ਹੈ ਕਿ ਪ੍ਰਸਥਿੱਤੀ ਬਦਲੇ ਤਾਂ ਸਾਨੂੰ ਆਪਣੀ ਮਾਨਸਿਕ ਸਥਿਤੀ ਬਦਲਦਿਆ ਬਹੁਤੀ ਦੇਰ ਨਹੀਂ ਲਾਉਣੀ ਚਾਹੀਦੀ। ਤਰੁੰਤ ਹੀ ਦੁੱਖ ਸੁੱਖ ਵਿੱਚ ਬਦਲ ਜਾਵੇਗਾ।
ਹਰਫੂਲ ਭੁੱਲਰ
ਮੰਡੀ ਕਲਾਂ 9876870157
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly