(ਸਮਾਜ ਵੀਕਲੀ)
ਇਸ ਵਿਚ ਕੋਈ ਸ਼ੰਕਾ ਨਹੀਂ ਹੈ ਕਿ ਅਜੋਕੇ ਸਮੇਂ ਵਿਚ ਬੇਈਮਾਨੀ ਦਾ ਬੋਲਬਾਲਾ ਬਹੁਤ ਜ਼ਿਆਦਾ ਹੈ। ਪਰ ਦੁਨੀਆਂ ਤੇ ਪ੍ਰਸੰਸਾ ਸਿਰਫ਼ ਈਮਾਨਦਾਰੀ ਦੀ ਹੀ ਹੁੰਦੀ ਆਈ ਹੈ ਅਗਾਂਹ ਵੀ ਹੁੰਦੀ ਰਹੇਗੀ। ਬੇਈਮਾਨਾਂ ਦੀ ਮੇਹਰਬਾਨੀ ਸਦਕਾ ਈਮਾਨਦਾਰੀ ਹੁਣ ਹੋਰ ਮੁੱਲਵਾਨ ਹੁੰਦੀ ਜਾ ਰਹੀ ਹੈ, ਈਮਾਨਦਾਰੀ ਦਾ ਅਨਮੋਲ ਗਹਿਣਾ ਕੁਦਰਤ ਦੀ ਕਿਰਪਾ ਬਿਨਾ ਨਸ਼ੀਬ ਨਹੀਂ ਹੁੰਦਾ। ਵੈਸੇ ਵੀ ਅਸੀਂ ਛੋਟੇ ਚੋਰਾਂ ਨੂੰ ਤਾਂ ਫੰਦੇ ਲਗਾ ਦਿੰਦੇ ਹਾਂ ਪਰ ਵੱਡੇ ਚੋਰਾਂ ਨੂੰ ਪੂਰੀਆਂ ਖੁੱਲ੍ਹਾਂ ਦੇ ਛੱਡਦੇ ਹਾਂ, ਮਨਮਰਜ਼ੀਆਂ ਕਰਨ ਲਈ, ਉਮੀਦਾਂ ਵਿਕਾਸ ਦੀਆਂ ਰੱਖ ਲੈਂਦੇ ਹਾਂ।
ਜ਼ਿੰਦਗੀ ਭਰ ਇਮਾਨਦਾਰ ਬਣੇ ਰਹਿਣ ਲਈ, ਆਪਣੇ ਆਪ ਨਾਲ ਲਗਾਤਾਰ ਅੰਦਰੂਨੀ ਜੰਗ ਲੜਣੀ ਪੈਂਦੀ ਐ। ਇਹ ਲੜਾਈ ਕੁੱਝ ਕੁ ਚੋਣਵੇਂ ਅਸੂਲਪ੍ਰਸਤ ਜਾਂ ਜਾਗਦੀ ਜ਼ਮੀਰ ਵਾਲੇ ਇਨਸਾਨ ਹੀ ਲੜ ਸਕਦੇ ਹਨ! ਸਾਡੇ ਵਰਗੀਆਂ ਲੀਰਾਂ ਨਹੀਂ… ‘ਜੋ ਕਦੇ ਐਸ ਸੁੱਥਣ ਤੇ ਕਦੇ ਓਸ ਸੁੱਥਣ ਤੇ ਲੱਗ ਕੇ ਆਪਣਾ ਵਜੂਦ ਖ਼ਤਮ ਕਰ ਲੈਂਦੀਆਂ ਹਨ’!
ਹੁਣ ਤਾਂ ਵੀ. ਜੇ. ਪੀ. ਵਾਲਿਆਂ ਵਾਂਗੂੰ ਖ਼ਰੀਦਦਾਰ ਥੋੜ੍ਹਾ ਜਾ ਪਾਰਖੂ ਹੋਣਾ ਚਾਹੀਦਾ, ਜਿਹੜਾ ਜਾਣਦਾ ਹੋਵੇ ਕਿ ਕਿਹਨੂੰ ਕਦੋਂ, ਕਿੱਥੇ ਤੇ ਕਿਵੇਂ ਖਰੀਦਣਾ ਐ। ਸ਼ਰਮ ਜਾਂ ਜ਼ਮੀਰ ਨਾਂ ਦੀ ਚੀਜ਼ ਤਾਂ ਕੋਲ ਦੀ ਨਹੀਂ ਲੰਘਦੀ ਹੁਣ ਦੇ ਅਖੌਤੀ ‘ਲੋਕ ਸੇਵਕਾਂ’ ਦੇ, ਪਤੰਦਰ ਇੱਕ ਦੂਜੇ ਤੋਂ ਮੂਹਰੇ ਹੋ-ਹੋ ਡਿਗਣ ਨੂੰ ਤਿਆਰ ਨੇ ਅਣ-ਸੁਰੱਖਿਅਤ ਝੋਲੀ ਵਿਚ, ਜਿੱਥੇ ਇਨ੍ਹਾਂ ਸਾਰਿਆਂ ਦੀ ਬੋਲੀ ਥੋਕ ਵਿਚ ਲੱਗਣੀ ਹੈ! ਹੁਣ ਤੇ ਰੱਬ ਹੀ ਰਾਖਾ ਹੈ ਮੇਰੇ ਮੁਲਕ ਵਿਚਾਰੇ ਦਾ..!
ਸਾਡੀ ਇਹ ਦੁਰਦਸ਼ਾ ਹੋ ਇਸ ਕਰਕੇ ਰਹੀ ਹੈ ਕਿਉਂਕਿ ਦੇਸ਼ ਦੀ ਅੱਧਿਓ ਵੱਧ ਜਨਤਾ ਨੂੰ ਤਾਂ ਹਾਲੇ ਤੱਕ ਇਹ ਨਹੀਂ ਪਤਾ ਕਿ ਕੂੜਾ ਕਿੱਥੇ ਸੁੱਟਣਾ ਹੁੰਦਾ ਹੈ? ਫਿਰ ਵੋਟ ਕਿੱਥੇ ਪਾਉਂਣੀ ਚਾਹੀਦੀ ਐ ਕੌਣ ਸਮਝਾ ਸਕਦਾ ਇਹਨਾਂ ਨੂੰ?
ਅੱਖੀ ਦੇਖਦਾ ਹੁਣ ਦੇ ਗੱਭਰੂਆਂ ਹਾਲ, ਧੱਕਾ ਮੁੱਕੀ ਕਰਕੇ, ਪੈਰਾਂ ਤੇ ਪੈਰ ਧਰਕੇ, ਅੰਦਰ ਚਾਹ ਪਾਣੀ ਲੈ ਰਹੇ ਮੁੱਖ ਮਹਿਮਾਨ ਦੇ ਕਮਰੇ ਵਿਚ ਬੜਕੇ, ਆਪਣੇ ਕੰਮ ਧੰਦੇ ਛੱਡਕੇ, ਬਸ ਇੱਕ ਸੈਲਫੀ ਲੈ ਕੇ, ਨਾਲ ਦੀ ਨਾਲ ਅਧੂਰੇ ਜੇ ਸ਼ਬਦ ਲਿਖਕੇ ਫੇਸਬੁੱਕ ਤੇ ਪਾਕੇ, ਨਾਲ ਲਿਖਿਆ ਹੁੰਦਾ ਹੈ ਕਿ… *ਜ਼ਰੂਰੀ ਨੁਕਤੇ ਤੇ ਗੱਲਬਾਤ ਦੌਰਾਨ, ਮੰਤਰੀ ਜੀ ਦੇ ਨਾਲ ਤੁਹਾਡਾ ਆਪਣਾ..!* ਦੱਸੋ ਇਹ ਕਿੱਥੋਂ ਦੀ ਸਿਆਣਪ ਹੈ?
ਇੱਥੋ ਤੁਰਨਾ ਸਭ ਨੇ ਵਾਰੋ ਵਾਰੀ,
ਅੱਜ ਨਹੀਂ ਤਾਂ ਭਲ ਕੇ ਤਿਆਰੀ,
ਨਾਲ ਬਾਹੂਬਲੀਆਂ ਕਾਹਦੀ ਯਾਰੀ,
ਬਾਹੂਬਲੀਆਂ ਦਾ ਕੀ ਐ ਵਿਸਾਹ,
ਮਸਤੀ ਮਨਾ, ਮਹਿਖਾਨੇ ਆ, ਆ ਆ ਆ ਜਾ…
ਹਰਫੂਲ ਭੁੱਲਰ
ਮੰਡੀ ਕਲਾਂ 9876870157
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly