HOME ਸ਼ੁਭ ਸਵੇਰ ਦੋਸਤੋ

ਸ਼ੁਭ ਸਵੇਰ ਦੋਸਤੋ

ਹਰਫੂਲ ਸਿੰਘ ਭੁੱਲਰ

(ਸਮਾਜ ਵੀਕਲੀ) 

“ਸਾਂਵਲੇ ਰੰਗ ਦੀ ਪਰਿਭਾਸ਼ਾ…”
ਸਾਂਵਲੇ ਜੇ ਰੰਗ ਨੂੰ ਕਈ ਵਾਰ ਲੋੜ ਤੋਂ ਵੱਧ ਕੇ ’ਤੇ ਹਾਸਿਆਂ ਦਾ ਪਾਤਰ ਬਣਾਇਆ ਜਾਂਦਾ ਹੈ। ਪਰ ਅੰਦਰੂਨੀ ਇਮਾਨਦਾਰੀ ਨਾਲ ਸੋਚਿਆ ਪਤਾ ਲੱਗਦਾ ਹੈ ਕਿ ਇਹ ਰੰਗ ਕਿਸੇ ਦੀ ਕਮੀ ਨਹੀਂ, ਸਗੋਂ ਉਸ ਦੀ ਵਿਰਾਸਤ ਹੁੰਦਾ ਹੈ।
ਮੇਰੇ ਰੰਗ ਨੂੰ ਸਭ ਤੋਂ ਪਹਿਲਾਂ ਮੇਰੇ ਆਪਣਿਆਂ ਨੇ ਮੇਰੀ ਪਹਚਾਣ ਬਣਾਉਣ ਦੀ ਕੋਸ਼ਿਸ਼ ਕੀਤੀ। ਕਦੇ ਮੇਰੇ ਲਈ ਰਿਸ਼ਤੇ ਪਿੱਛੇ ਹਟੇ, ਕਦੇ ਮੈਂ ਹਾਸਿਆਂ ਰਾਹੀਂ ਮਜ਼ਾਕ ਦਾ ਪਾਤਰ ਬਣਿਆ। ਆਖਰ ਮੈਂ ਆਪਣੇ ਰੰਗ ਵਿੱਚੋਂ ਖੂਬਸੂਰਤੀ ਲੱਭ ਲਈ, ਜਦੋਂ ਉਸ ਨੇ ਆਖਿਆ ਸੀ “ਕਮਲਿਆ! ਮੈਂ ਦੁੱਧ ਨਾਲੋਂ ਜ਼ਿਆਦਾ ਚਾਹ ਦੀ ਦੀਵਾਨੀ ਆ..!”
ਬਚਪਨ ਵਿੱਚ ਜਦੋਂ ਕਦੇ ਮੈਂ ਨਵੀਂ ਜਗ੍ਹਾ ਗਿਆ, ਲੋਕਾਂ ਦੀ ਨਜ਼ਰ ਪਹਿਲਾਂ ਮੇਰੇ ਰੰਗ ਤੇ ਗਈ। ਮੈਂ ਸਾਂਵਲਾ ਸੀ, ਮੈਂ ਗੰਭੀਰ ਸੀ ਤੇ ਸ਼ਾਇਦ ਓਹਨਾਂ ਦੇ ਮਾਪਦੰਡਾਂ ‘ਚ “ਸੋਹਣਾ” ਨਹੀਂ ਸੀ।
ਪਰ ਮੈਂ ਆਪਣੇ ਆਪ ਨੂੰ ਕਦੇ ਨਹੀਂ ਪੁੱਛਿਆ ਕਿ “ਸੋਹਣਾ ਹਾਂ ਜਾਂ ਨਹੀਂ?” ਮੈਂ ਹਮੇਸ਼ਾ ਇਹ ਪੁੱਛਿਆ  “ਸੱਚਾ ਹਾਂ ਜਾਂ ਨਹੀਂ?”
ਕਿਉਂਕਿ ਸੁਹੱਪਣ ਚਿਹਰੇ ਤੋਂ ਨਹੀਂ, ਕਿਰਦਾਰ ਚੋਂ ਨਿਕਲਦਾ ਏ,
ਜਿਹੜਾ ਰੰਗਾਂ ਨਾਲ ਨਹੀਂ, ਕੁਦਰਤ ਦੇ ਰੰਗ ਨਾਲ ਜਿਉਂਦਾ ਏ।
ਜਦੋਂ ਲੋਕ ਮੇਰੇ ਕੀਤੇ ਦੀ ਤਰੀਫ਼ ਕਰਦੇ,
ਉਹ ਮੇਰੇ ਸਾਂਵਲੇ ਰੰਗ ਨੂੰ ਭੁੱਲ ਜਾਂਦੇ।
ਜਦੋਂ ਮੇਰੀ ਸੋਚ ਉਨ੍ਹਾਂ ਦੇ ਦਿਲ ਛੂਹ ਲੈਂਦੀ,
ਦੁਨਿਆਵੀ “ਸੋਹਣਾਪਨ” ਪਿੱਛੇ ਰਹਿ ਜਾਂਦਾ।
ਹੁਣ ਵੀ ਜਦ ਕੋਈ ਆਖਦਾ “ਸੋਹਣਾ ਜਾ”,
ਮੈਂ ਹੌਲੀ ਹੱਸ ਕੇ ਆਖਦਾ ਹਾਂ…
“ਸੋਹਣਾ ਤਾਂ ਓਹ ਹੁੰਦਾ ਜਿਹੜਾ ਆਪਣਾ ਆਪ ਨਹੀਂ ਲੁਕਾਉਂਦਾ।

ਮੇਰਾ ਤਾਂ ਸਾਂਵਲਾ ਰੰਗ ਮੇਰਾ ਅਸਲੀ ਚਿਹਰਾ ਏ।”
ਸਾਂਵਲੇ ਰੰਗ ਦੀ ਪਰਿਭਾਸ਼ਾ ਕੋਈ ਇੱਕ ਲਫ਼ਜ਼ ਨਹੀਂ…
ਇਹ ਨਾ ਹੀ “ਘੱਟ” ਹੈ, ਨਾ ਹੀ “ਕਮਜ਼ੋਰ” ਹੈ,
ਇਹ ਰੰਗ ਮਿੱਟੀ ਵਰਗਾ ਸ਼ਕਤੀਸ਼ਾਲੀ ਹੈ,
ਸਮਾਜ ਨੇ ਸਾਂਵਲੇ ਨੂੰ ਹਮੇਸ਼ਾ ਮਜ਼ਾਕ ਦੇ ਪੈਮਾਨੇ ‘ਤੇ ਤੋਲਿਆ,
ਸਾਂਵਲਾ ਰੰਗ ਉਨ੍ਹਾਂ ਅੱਖਰਾਂ ਵਰਗਾ ਹੈ,
ਜਿਹੜੇ ਕਾਗਜ਼ ਦੀ ਹਿੱਕ ‘ਤੇ ਨਹੀਂ,
ਸਗੋਂ ਮਨ ਦੀ ਰੋਸ਼ਨੀ ‘ਚ ਚਮਕਦੇ ਨੇ।
ਇਹ ਰੰਗ ਓਹ ਸੂਰਜੀ ਲਹੂ ਹੈ,
ਜੋ ਦਿਨ ਦੇ ਅੰਤ ‘ਚ ਅਸਮਾਨ ਨੂੰ ਲਾਲ ਕਰ ਜਾਂਦਾ ਹੈ,

ਤੇ ਦੁਨੀਆਂ ਆਖਦੀ ਹੈ “ਵਾਹ, ਕਿੰਨਾ ਸੋਹਣਾ ਸ਼ਾਮ ਦਾ ਰੰਗ ਏ!”
ਸਾਂਵਲਾ ਰੰਗ ਸਿਰਫ਼ ਰੰਗ ਨਹੀਂ,
ਇਹ ਇੱਕ ਜ਼ੁਬਾਨ ਹੈ…
ਜੋ ਕਹਿੰਦੀ ਏ: “ਮੈਂ ਬਹੁਤ ਸੋਹਣਾ ਹਾਂ,
ਪਰ ਆਪਣੀ ਪਰਿਭਾਸ਼ਾ ਵਿੱਚ।”
ਸਾਂਵਲੀ ਰੰਗਤ ਨਾ ਮਾਪੀ ਜਾਵੇ ਰੰਗਾਂ ਨਾਲ,
ਇਹ ਤਾਂ ਰੂਹ ਦੀ ਗਹਿਰਾਈ ਦੱਸਦੀ ਏ।
ਜਿਸ ਨੂੰ ਦੁਨੀਆਂ ਰੰਗ ਸਮਝੀ ਬੈਠੀ ਏਂ,
ਓਹ ਤਾਂ ਮੇਰੀ ਕਲਮ ਦੀ ਸ਼ਰਮਲੀ ਸ਼ਾਇਰੀ ਏ।

ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157 

Previous articleਪੁਰਾਣੇ ਪੰਜਾਬ ਦਾ ਦਰਦ
Next articleਅੰਧ ਵਿਸ਼ਵਾਸ