HOME ਅੰਧ ਵਿਸ਼ਵਾਸ

ਅੰਧ ਵਿਸ਼ਵਾਸ

ਗੁਰਦੀਪ ਸਿੰਘ ਮੁਕੱਦਮ
   (ਸਮਾਜ ਵੀਕਲੀ)   ਸਾਡੇ ਗੁਆਂਢੀ ਦਾ ਰਿਸ਼ਤੇਦਾਰ ( ਦੋਹਤਾ ) ਪੋਲੀਓ ਦਾ ਸ਼ਿਕਾਰ ਹੋ ਗਿਆ ਸੀ। ਬਹੁਤ ਇਲਾਜ਼ ਕਰਵਾਇਆ ਪਰ ਕੁਝ ਨਾ ਬਣਿਆਂ। ਬੱਚਾ ਅਪਾਹਿਜ ਹੋ ਗਿਆ। ਵੈਸਾਖੀ ਨਾਲ ਹੀ ਥੋੜਾ ਬਹੁਤ ਤੁਰ ਫਿਰ ਸਕਦਾ ਸੀ। ਬੱਚੇ ਵਲ ਦੇਖ ਕੇ ਮਾਪਿਆਂ ਦੀ ਧਾਹ ਨਿਕਲਦੀ ਸੀ। ਦੁਖੀ ਮਨ ਵਹਿਮਾਂ ਭਰਮਾਂ ਚ ਭਟਕਣ ਲੱਗ ਪਿਆ। ਪਿੰਡ ਵਿੱਚ ਕਈ ਦਿਨਾਂ ਤੋਂ  ਇੱਕ ਜਾਣ ਪਹਿਚਾਣ ਵਾਲੇ ਘਰ ਚ ਇੱਕ ਸਾਧੂ ਬਾਬਾ ਆਸਣ ਜਮਾਂ ਕੇ ਬੈਠਾ ਸੀ। ਸਾਡੇ ਗੁਆਂਢੀ ਵੀ ਆਪਣੇ ਦੋਹਤੇ ਨੀਰੇ ਦੀ ਫਰਿਆਦ ਲੈ ਕੇ ਬਾਬੇ ਕੋਲ ਜਾ ਹਾਜ਼ਰ ਹੋਏ।  ਗੱਲਾਂ ਨਾਲ ਲੋਕਾਂ ਨੂੰ ਠੱਗਣ ਵਾਲੇ ਬਾਬੇ ਨੇ, ਉਨ੍ਹਾਂ ਨੂੰ ਆਪਣੀਆਂ ਗੱਲਾਂ ਚ ਐਸਾ ਉਲਝਾਇਆ ਕਿ ਉਹ ਬਾਬੇ ਦੀ ਹਰ ਗੱਲ ਮੰਨਣ ਨੂੰ ਤਿਆਰ ਹੋ ਗਏ। ਬਾਬੇ ਦਾ ਕਹਿਣਾ ਸੀ ਕਿ ਇੱਕੀ ਦਿਨ ਦੇਸੀ ਘੀ ਦਾ ਹਵਨ ਕੀਤਾ ਜਾਵੇਗਾ, ਤੇ ਇੱਕੀਵੇਂ ਦਿਨ ਨੀਰਾ ਘੋੜੇ ਵਾਂਗ ਦੌੜੇ ਗਾ।  ਹਵਨ ਸ਼ੁਰੂ ਹੋ ਗਿਆ। ਦੇਸੀ ਘੀ, ਸੁੱਕੇ ਮੇਵੇ ਹੋਰ ਪਤਾ ਨਹੀਂ ਕੀ ਕੀ ਬਾਬਾ ਮੰਗਵਾਉਣ ਲੱਗ ਪਿਆ। ਸਾਰੇ ਪਿੰਡ ਚ ਇਸ ਹਵਨ ਦੀ ਚਰਚਾ ਹੋਣ ਲੱਗ ਪਈ। ਆਖਿਰ ਇੱਕਵੀ ਰਾਤ ਵੀ ਆ ਗਈ। ( ਹਵਨ ਸਾਂਮ 7 ਵਜੇ ਤੋਂ ਰਾਤ 10 ਵਜੇ ਤੱਕ ਚਲਦਾ ਸੀ।) ਹੋਰ ਲੋਕਾਂ ਦੇ ਨਾਲ ਪਿੰਡ ਦੇ ਕਈ ਨੋਜਵਾਨ ਵੀ ਹਵਨ ਚ ਪਹੁੰਚ ਗਏ ਸਨ। ਹਵਨ ਚੱਲ ਰਿਹਾ ਸੀ। ਹਾਜ਼ਰ ਲੋਕਾਂ ਦੇ ਦਿਲ ਦੀਆਂ ਧੜਕਣਾਂ ਤੇਜ਼ ਹੁੰਦੀਆਂ ਜਾ ਰਹੀਆਂ ਸਨ ਕਿ ਅੱਗੇ ਕੀ ਹੋਵੇਗਾ। ਅਚਾਨਕ ਬਾਬੇ ਨੇ ਮੰਤਰ ਪੜਨੇ ਬੰਦ ਕਰ ਦਿੱਤੇ। ਨੀਰਾ ਕਿੱਥੇ ਹੈ? ਬਾਬੇ ਨੇ ਪੁਛਿਆ। ਉਹ ਤਾਂ ਜੀ ਆਪਣੇ ਪਿੰਡ ਹੈ। ਨੀਰੇ ਦੇ ਨਾਨਾ ਨਾਨੀ ਹੱਥ ਜੋੜ ਕੇ ਖੜੇ ਸਨ। ਇੱਕ ਮੋਟੀ ਤੇ ਗੰਦੀ ਗਾਲੵ ਕੱਢਦਿਆਂ ਬਾਬੇ ਨੇ ਫਿਰ ਪੁਛਿਆ, ” ਅੱਜ ਇੱਕੀਵਾਂ ਦਿਨ ਸੀ, ਤੁਸੀਂ ਉਸ ਨੂੰ ਇੱਥੇ ਕਿਉਂ ਨਹੀਂ ਲੈ ਕੇ ਆਏ? “
” ਬਾਬਾ ਜੀ ਤੁਸੀਂ ਹੀ ਕਿਹਾ ਕਿ ਉਸ ਨੂੰ ਇੱਥੇ ਆਉਣ ਦੀ ਜਰੂਰਤ ਨਹੀਂ ਹੈ। “
ਇਹ ਗੱਲ ਸੁਣਦੇ ਹੀ ਬਾਬੇ ਦਾ ਗੁੱਸਾ ਅਸਮਾਨੀ ਚੱੜ ਗਿਆ। ਨਾਲ ਹੀ ਗੰਦੀਆਂ ਗਾਲਾਂ ਦੀ ਬਰਸਾਤ ਲਾ ਦਿੱਤੀ। ਉੱਥੇ ਖੜੇ ਨੋਜਵਾਨਾਂ ਦਾ ਖੂਨ ਉਬਾਲੇ ਮਾਰਨ ਲੱਗਾ। ਪਰ ਬਜੁਰਗਾਂ ਦੀ ਘੂਰੀ ਦੇਖ ਕੇ ਚੁੱਪ ਸਨ।
ਕੋਈ ਹੋਰ ਉਪਾਅ? ਨੀਰੇ ਦੇ ਨਾਨਾ ਨਾਨੀ ਨੇ ਹੱਥ ਜੋੜੇ। ਇੱਕ ਉਪਾਅ ਹੈ, ਸੱਤ ਤਰ੍ਹਾਂ ਦਾ ਲੰਗਰ ਤਿਆਰ ਕਰ ਕੇ ਰੇਹੜੀ/ ਗੱਡੇ ਤੇ ਲੱਦ ਲਓ। ਇੱਥੋਂ ਲੰਗਰ ਵਰਤਾਉਂਦੇ ਨੀਰੇ ਦੇ ਪਿੰਡ ਜਾਣਾਂ, ਰਸਤੇ ਵਿੱਚ ਕਿਤੇ ਲੰਗਰ ਮੁੱਕਣਾਂ ਨਹੀਂ ਚਾਹੀਦਾ। 14 ਕਿਲੋਮੀਟਰ ਨੀਰੇ ਦਾ ਪਿੰਡ, ਨਾਨਾ ਨਾਨੀ ਨੇ ਫਿਰ ਹੱਥ ਜੋੜੇ। ਗੰਦੀਆਂ ਗਾਲਾਂ ਦਿੰਦੇ ਬਾਬੇ ਨੇ ਹਵਨ ਵਾਲੇ ਧੂਣੇ ਵਿੱਚ ਪਾਣੀ ਪਾ ਦਿੱਤਾ।” ਹੁਣ ਨੀਰਾ ਠੀਕ ਨਹੀਂ ਹੋ ਸਕਦਾ। “
ਨੋਜਵਾਨਾਂ ਦਾ ਧੀਰਜ ਜੁਆਬ ਦੇ ਗਿਆ। ਉਹ ਪਖੰਡੀ ਬਾਬੇ ਵਲ ਵਧੇ। ਬਜ਼ੁਰਗ, ਬਾਬੇ ਦਾ ਬਚਾਅ ਕਰਨ ਆਏ। ਮੌਕੇ ਦੀ ਨਜ਼ਾਕਤ ਦੇਖ ਬਾਬੇ ਨੇ ਪੈਂਤੜਾ ਬਦਲਿਆ। ” ਅਸੀਂ ਸਰੀਰ ਤਿਆਗਾਂ ਗੇ। ਸਾਡੇ ਸਰੀਰ ਦੀ ਊਰਜਾ ਨੀਰੇ ਦੇ ਸਰੀਰ ਚ ਦਾਖਲ ਹੋ ਕੇ ਨੀਰੇ ਦਾ ਕਲਿਆਣ ਕਰੇ ਗੀ। ਪਰ ਤੁਹਾਨੂੰ ਸਾਡੀ ਸਮਾਧੀ ਬਣਾਉਣੀ ਹੋਵੇਗੀ।” ਬਾਬਾ ਨੇ ਉੱਚੀ ਅਵਾਜ਼ ਚ ਕਿਹਾ ਤਾਂ ਕਿ ਉਹ ਸਾਰੇ ਸੁਣ ਲੈਣ। ਬਜ਼ੁਰਗ ਇੱਕ ਵਾਰ ਫਿਰ ਹੱਥ ਜੋੜਨ ਲੱਗੇ, ਕਿ ਨਹੀਂ ਬਾਬਾ ਅਸੀਂ ਤੁਹਾਨੂੰ ਨਹੀਂ ਮਰਨ ਦਿਆਂ ਗੇ। ਪਰ ਨੌਜਵਾਨ ਅੱਗੇ ਆ ਗਏ, ” ਤੂੰ ਮਰਨਾ, ਮਰ ਜਾ। ਨੀਰਾ ਠੀਕ ਹੋਣਾ ਚਾਹੀਦਾ। ਤੂੰ ਮਰ, ਅਸੀਂ ਤੇਰੀ ਸਮਾਧ ਵੀ ਬਣਾਵਾਂਗੇ, ਹਰ ਸਾਲ ਤੇਰੀ ਬਰਸੀ ਤੇ ਲੰਗਰ ਵੀ ਲਾਵਾਂਗੇ। ਤੂੰ ਨੀਰੇ ਨੂੰ ਠੀਕ ਕਰ।” ਮੁੰਡੇ ਬਾਬੇ ਵਲ ਵਧੇ। ਐਨ ਉਸੀ ਸਮੇਂ ਬਿਜਲੀ ਕੱਟੀ ਗਈ। ਬਾਬੇ ਨੇ ਮੌਕਾ ਵਿਚਾਰਿਆ, ਮੁੰਡਿਆਂ ਦੀਆਂ ਲੱਤਾਂ ਵਿੱਚੋਂ ਨਿਕਲ ਕੇ ਰਫੂਚੱਕਰ ਹੋ ਗਿਆ। ਲਾਲਟੇਨ ਜਲਾਈ, ਆਸੇ ਪਾਸੇ ਬਾਬੇ ਨੂੰ ਬਹੁਤ ਲੱਭਿਆ। ਪਰ ਬਾਬਾ ਨਾਂ ਲੱਭਿਆ। ਤੇ ਬਜ਼ੁਰਗ ਨੀਰੇ ਦੇ ਨਾਨਾ ਨਾਨੀ ਨੂੰ ਅੱਗੇ ਤੋਂ ਵਹਿਮਾਂ ਭਰਮਾਂ ਚ ਨਾ ਪੈਣ ਦੀਆਂ ਮੱਤਾਂ ਦੇ ਰਹੇ ਸਨ।
ਗੁਰਦੀਪ ਸਿੰਘ ਮੁਕੱਦਮ
ਪਿੰਡ ਲਧਾਣਾ ਝਿੱਕਾ
9878160133
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ਼ੁਭ ਸਵੇਰ ਦੋਸਤੋ
Next articleਕਹਾਣੀ ਆਲਾ ਕੀੜਾ