ਸ਼ੁਭ ਸਵੇਰ ਦੋਸਤੋ

(ਸਮਾਜ ਵੀਕਲੀ)  ਰੱਬ ਰੂਹਾਂ ਨੇ ਆਪੇ ਕਾਰਜ ਅਰੰਭਿਆ, ਆਪੇ ਕੀਤੀ ਸਿਰਜਣਾ ਅਤੇ ਹੁਣ ਹਕੀਕਤ ਦੇ ਬਿੱਲਕੁੱਲ ਨੇੜੇ ਹੈ ਕਿਤਾਬ ‘ਆਪੇ ਦੇ ਰੂ-ਬਰੂ’। ਆਪ ਜੀ ਦੇ ਅਥਾਹ ਸਹਿਯੋਗ ਦੀ ਲੋੜ ਹੈ।
ਕਿਤਾਬ ਵਿੱਚ ਜ਼ਿੰਦਗੀ ਨਾਲ ਕੀਤੇ ਇਸ਼ਕ ਦਾ ਤਾਣਾ ਬਾਣਾ ਬੁਣਿਆ ਹੋਇਆ ਹੈ। ਸੋ ਆਓ ਜਿੰਨਾ ਜਲਦੀ ਹੋ ਸਕੇ ਆਪਾਂ ‘ਆਪੇ ਦੇ ਰੂ-ਬਰੂ’ ਹੋਈਏ, ਨਹੀਂ ਤਾਂ ਜ਼ਿੰਦਗੀ ਬਹੁਤ ਜਲਦੀ ਸਾਨੂੰ ਜਿਉਂ ਕੇ ਚਲੀ ਜਾਵੇਗੀ!
‘ਰੂ-ਬਰੂ’ ਹੈ ਤਾਂ ਫ਼ਾਰਸੀ ਭਾਸ਼ਾ ਦਾ ਸ਼ਬਦ। ਇਹ ਦੋ ਸ਼ਬਦਾਂ ‘ਰੂ’ ਅਤੇ ‘ਬ’ ਦੇ ਮੇਲ਼ ਨਾਲ਼ ਬਣਿਆ ਹੋਇਆ ਇੱਕ ਸਮਾਸੀ ਸ਼ਬਦ ਹੈ। ਇਸ ਵਿੱਚ ‘ਰੂ’ ਦੇ ਅਰਥ ਸਾਰੇ ‘ਮੂੰਹ ਜਾਂ ਚਿਹਰੇ’ ਤੋਂ ਹਨ ਅਤੇ ‘ਬ’ ਅਗੇਤਰ ਦੇ ਅਰਥ ‘ਨਾਲ਼ ਜਾਂ ਸਮੇਤ’ ਆਦਿ ਦਾ ਪ੍ਰਗਟਾਵਾ ਕਰਦਾ ਹੈ। ਇਸ ਬਾਰੇ ਜੋ ਮੈਂ ਪੜ੍ਹਿਆ ਹੈ ਕਿ ‘ਸ਼ਬਦ-ਜੋੜ ਕੋਸ਼’ ਦੇ ਵਿਦਵਾਨਾਂ ਨੇ ਇਹਨਾਂ ਸ਼ਬਦਾਂ ਨੂੰ ਜੋੜ ਕੇ ‘ਰੂ-ਬਰੂ’ ਦੇ ਤੌਰ ‘ਤੇ ਲਿਖਣ ਦੀ ਸਿਫ਼ਾਰਸ਼ ਕੀਤੀ ਹੈ। ਇਸ ਤਰ੍ਹਾਂ ਇਸ ਸ਼ਬਦ ਦੇ ਅਰਥ ‘ਆਮ੍ਹੋ-ਸਾਮ੍ਹਣੇ’ ਬਣੇ, ਮਤਲਬ ਕਿ ਆਪਾਂ ਸ਼ੀਸ਼ੇ ਦੇ ਸਾਹਮਣੇ ਘੱਟ ਅਤੇ ਕੁਦਰਤ ਨਾਲ ਜ਼ਿਆਦਾ ਇੱਕ ਮਿੱਕ ਹੋਈਏ। ਫਿਰ ਦੇਖਿਓ ਬਿਨ ਸ਼ਿੰਗਾਰਾਂ ਤੋਂ ਸਾਡਾ ਸਧਾਰਨ ਚਿਹਰਾ ਮੋਹਰਾ ਵੀ ਦੂਜਿਆਂ ਨੂੰ ਮੁਹੱਬਤ ਦੇ ਰੰਗ ਵਿਚ ਰੰਗਿਆ ਨਜ਼ਰ ਆਵੇਗਾ।
*ਅਸੀਂ ਕੀਤਾ ਚਿੱਤ ਧਿਆਨ, ਪੜ੍ਹ ਲਈ ਸਾਰੀ ਕੁਰਾਨ,*
*ਫੇਰੀ ਸੀ ਰੱਜ ਕੇ ਤਸਬੀ, ਹੋਏ ਨਹੀਂ ਪਾਪ ਮਨਫ਼ੀ,*
*ਜਦ ਨੀਅਤ ਕੀਤੀ ਸਾਫ਼, ਹੋ ਗਏ ਸਾਰੇ ਕਾਰਜ ਰਾਸ!*
‘ਆਪੇ ਦੇ ਰੂ-ਬਰੂ’ ਹੋ ਕਰਕੇ ਸ਼ੁਕਰਾਨੇ ਦੀ ਭਾਵਨਾ ਨਾਲ ਜੀਵਨ ਨੂੰ ਮਾਣਨ ਵਾਲੇ ਕੁਦਰਤ ਦੀਆਂ ਨਜ਼ਰਾਂ ਵਿੱਚ ਜ਼ਿੰਦਗੀ ਦੇ ਅਸਲ ਸ਼ਾਹਸਵਾਰ ਹੁੰਦੇ ਹਨ! ਮਾਨਸਿਕ ਅਮੀਰੀ ਤੋਂ ਬਿਨਾਂ ਸਭ ਕੁੱਝ ਹੁੰਦਿਆਂ ਵੀ ਲੋਕ ਭਿਖਾਰੀ ਹੀ ਮਰ ਜਾਂਦੇ ਹਨ।
ਸ਼ੁਕਰਾਨੇ ਦੀ ਭਾਵਨਾ ਨਾਲ ਸਾਡੇ ਅਵੱਲੇ ਖੰਭ ਨਿਕਲ ਆਉਂਦੇ ਹਨ, ਫਿਰ ਜਦੋਂ ਇਹ ਖੰਭ ਪਰ ਬਣ ਕੇ ਖੁੱਲ੍ਹਦੇ ਹਨ ਤਾਂ ਸਾਨੂੰ ਦੁਨਿਆਵੀਂ ਝੰਜਟਾਂ ਤੋਂ ਉੱਪਰ ਮੁਹੱਬਤ ਦੇ ਅੰਬਰਾਂ ਤੇ ਲੈ ਜਾਂਦੇ ਨੇ, ਜਿੱਥੋਂ ਸਾਰਾ ਸੰਸਾਰ ਸਾਨੂੰ ਆਪਣਾ ਨਜ਼ਰ ਆਉਣ ਲੱਗਦਾ ਹੈ। ਜਦੋਂ ਸਭ ਆਪਣਾ ਨਜ਼ਰ ਆਵੇ ਤਾਂ ਸਭ ਦੁਸ਼ਮਣ ਮਰ ਜਾਂਦੇ ਹਨ। ਜਿੱਥੇ ਘੱਟ ਵੱਧ ਦੀ ਬਹਿਸਬਾਜ਼ੀ ਦਾ ਆਰੰਭ ਹੀ ਨਾ ਹੋਵੇ, ਉੱਥੇ ਕੌੜੀਆਂ ਯਾਦਾਂ ਦਾ ਜਨਮ ਹੀ ਨਹੀਂ ਹੋ ਸਕਦਾ!
ਸ਼ੁਕਰਾਨੇ ਦੀ ਭਾਵਨਾ ਨਾਲ ਅਸੀਂ ਸਾਰੇ ਦੁਨਿਆਵੀਂ ਵਹੀ ਖਾਤਿਆਂ, ਜ਼ਰਬਾਂ ਤਕਸੀਮਾਂ ਅਤੇ ਲੇਖਿਆਂ ਜੋਖਿਆਂ ਤੋਂ ਮੁਕਤੀ ਪਾ ਸਕਦੇ ਹਾਂ। ਫਿਰ ਸਾਨੂੰ ਕੁਦਰਤ ਦੀ ਖੂਬਸੂਰਤੀ ਦਾ ਅਸਲ ਅਹਿਸਾਸ ਹੋਣ ਲੱਗਦਾ ਹੈ। ਸਾਡੇ ਪੱਲੇ ਪ੍ਰੇਮ ਦੇ ਸਿਵਾਏ ਹੋਰ ਕੁੱਝ ਬਾਕੀ ਨਹੀਂ ਬਚਦਾ। ਇਸ ਅਵਸਥਾ ਵਿੱਚ ਅਸੀਂ ਸਭ ਕੁਝ ਦੇਣ ਵਿੱਚ ਅਨੰਦਤ ਹੁੰਦੇ ਹਾਂ, ਬਦਲੇ ਵਿਚ ਸਾਡੀ ਕੁਝ ਵੀ ਪ੍ਰਾਪਤ ਕਰਨ ਦੀ ਇੱਛਾ ਨਹੀਂ ਜਾਗਦੀ। ਇਸ ਵੇਲੇ ਹਰ ਫੈਸਲਾ ਹੀ ਮੰਜ਼ਲ ਹੋ ਨਿਬੜਦਾ ਹੈ। ਜਿਧਰ ਦੇਖੀਏ ਉਧਰ ਹੀ ਆਪਣੇ ਘਰ ਦੀ ਦਹਿਲੀਜ਼ ਨਜ਼ਰ ਆਉਂਦੀ ਹੈ। ਸ਼ੁਕਰਾਨੇ ਦੀ ਭਾਵਨਾ ਨਾਲ ਸ਼ੁਰੂ ਕੀਤੀ ਜੀਵਨ ਯਾਤਰਾ ਵਿੱਚ ਸਕੂਨ ਦੀ ਮੰਜ਼ਿਲ ਸਾਨੂੰ ਆਪੇ ਆਪਣੇ ਵੱਲ ਖਿੱਚਦੀ ਹੈ, ਜਿਵੇਂ ਭਰਿਆ ਖੂਹ ਲਮਕਦੀ ਬਾਲਟੀ ਨੂੰ ਆਪਣੇ ਵੱਲ ਖਿੱਚਦਾ ਹੈ।
ਖਿੰਡੇ ਹੋਏ ਮਨ ਨਾਲ ਕੁਦਰਤ ਨੂੰ ਚਾਹੁੰਣ ਵਾਲੇ ਮਨ, ਟੁੱਟੇ ਤਾਰੇ ਹੋ ਨਿਬੜਦੇ ਹਨ ਜੋ ਫਿਰ ਕਿਧਰੇ ਵੀ ਨਜ਼ਰ ਨਹੀਂ ਆਉਂਦੇ। ਸਿਆਲ ਦੀ ਉਦਾਸੀ ਤਰਕਾਲ ਵਰਗਿਆਂ ਦੇ ਜ਼ਿੰਦਗੀ ਪ੍ਰਤੀ ਸਾਰੇ ਉਤਸ਼ਾਹ ਫਿੱਕੇ ਹੁੰਦੇ ਹਨ। ਸ਼ੁਕਰਾਨੇ ਦੀ ਭਾਵਨਾ ਨਾਲ ਅਸੀਂ ਉਤਸ਼ਾਹੀ ਹੋ ਨਿਬੜਦੇ ਹਾਂ, ‘ਆਪੇ ਦੇ ਰੂ-ਬਰੂ’ ਹੋਣ ਨਾਲ ਜ਼ਿੰਦਗੀ ਦੀ ਹਰ ਰੌਣਕ ਸਾਡੇ ਨਾਲ ਨਾਲ ਚੱਲਦੀ ਹੈ।
ਮੇਰੀ ਇਸ ਸਧਾਰਨ ਜਿਹੀ ਪੁਸਤਕ ‘ਆਪੇ ਦੇ ਰੂ-ਬਰੂ’ ਦੁਆਰਾ ਮੈਂ ਨਿਮਾਣੀ ਜਹੀ ਕੋਸ਼ਿਸ਼ ਕੀਤੀ ਹੈ ਕਿ ਮੇਰੇ ਵਰਗੇ ਮੱਧ ਵਰਗੀ ਪਰਿਵਾਰਾਂ ਦੇ ਜਾਇਆਂ ਨੂੰ ਥੋੜ੍ਹੀ ਹਿੰਮਤ ਜੁਟਾ ਸਕਾ।
ਕਿਉਂਕਿ ਸਵਰਗ ਓਹੀ ਸਿਰਜਦੇ ਹਨ ਜੋ ਸਵਰਗ ਦੀ ਕਲਪਨਾ ਕਰਦੇ ਹਨ, ਜਿਤਨੀ ਵਿਸ਼ਾਲ ਸਾਡੀ ਦ੍ਰਿਸ਼ਟੀ ਹੋਵੇਗੀ ਉਤਨੇ ਵੱਡੇ ਨਜ਼ਾਰੇ ਹੋਣਗੇ। ‘ਆਪੇ ਦੇ ਰੂ-ਬਰੂ’ ਹੋ ਕੇ ਕੀਤੀ ਕਲਪਨਾ ਨੂੰ ਇੱਕ ਦਿਨ ਜ਼ਰੂਰ ਹਕੀਕਤਾਂ ਦੇ ਫੁੱਲ ਫਲ ਲੱਗਦੇ ਹਨ। ਸੋ ਜਿਨਾਂ ਜਲਦੀ ਹੋ ਸਕੇ ਜ਼ਿੰਦਗੀ ਨੂੰ ਆਹਮੋਂ ਸਾਹਮਣੇ ਹੋ ਕੇ ਮਿਲੀਏ ।
ਯਕੀਨਨ ਜਲਦੀ ਹੀ ਸਾਡੇ ਸਿਰਜੇ ਸੰਸਾਰ ਵਿੱਚ ਜਦੋਂ ਅਸੀਂ ਖੁਸ਼ਬੋੰ ਬਣ ਵਿਖਰਾਂਗੇ ਤਾਂ ਸਾਡੇ ਸੰਸਾਰ ਅੰਦਰ ਅਨੇਕਾਂ ਹੀ ਭੌਰੇ ਤੇ ਖੂਬਸੂਰਤ ਤਿੱਤਲੀਆਂ ਦੀ ਆਮਦ ਨਾਲ ਆਲਾ ਦੁਆਲਾ ਮਹਿਕ ਉੱਠੇਗਾ, ਨਜ਼ਾਰੇ ਓਹੀ ਲੁਟਦੇ ਨੇ ਜੋ ਕਲਪਨਾ ਤੋਂ ਹਕੀਕਤਾਂ ਦੇ ਫਲਾਂ ਤੱਕ ਸੰਘਰਸ਼ ਜਾਰੀ ਰੱਖਦੇ ਹਨ।
ਸੋ ਕਿਤਾਬ ਪੜ੍ਹਿਓ ਦੋਸਤੋ, ਦੱਸੇ ਨੂੰ ਅਮਲ ਵਿੱਚ ਲਿਆ ਕੇ ਜ਼ਿੰਦਗੀ ਦੇ ਹਰ ਪੜਾਅ ਤੇ ਸਕਰਾਤਮਿਕ ਰਹੋ, ਦੂਜਿਆਂ ਲਈ ਪ੍ਰੇਰਨਾ ਸਰੋਤ ਬਣੋ , ਸਾਡੀ ਸਾਰਿਆਂ ਦੀ ਅਗਵਾਈ ਕੁਦਰਤ ਆਪ ਕਰ ਰਹੀ ਹੈ।
ਧੰਨਵਾਦ ਸਹਿਤ
   …ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਫ਼ਰ ਚ ਮਿਲੇ ਤੇ ਵਿਛੜੇ ਦੋਸਤ
Next articleਬੁੱਧ ਬਾਣ