ਹਰਫੂਲ ਸਿੰਘ ਭੁੱਲਰ
(ਸਮਾਜ ਵੀਕਲੀ) ਕੱਲ੍ਹ ਦਾ ਦਿਨ ਸਾਥੀ ਸਾਬਕਾ ਸੈਨਿਕ ਸੰਗ ਬੀਤਿਆ, ‘59 ਰਾਜਾ ਡੇਅ’ ਮਨਾਉਣ ਦੀ ਖੁਸ਼ੀ ਵਿੱਚ, ਦੱਸ ਦੇਵਾ ਕਿ ਮੇਰੀ ੨ ਸਿੱਖ ਬਟਾਲੀਅਨ ਦੇ ਬਹਾਦਰਾਂ ਨੇ ਇਤਿਹਾਸਕ ਜਿੱਤ ਪ੍ਰਾਪਤ ਕਰਦਿਆਂ 58 ਵਰ੍ਹੇ ਪਹਿਲਾਂ ਦੁਸ਼ਮਣ ਤੋਂ ਰਜੌਰੀ ਪੁੰਛ ਵਿੱਚ ‘ਰਾਜਾ ਪੋਸਟ’ ਬਹਾਲ ਕਰਵਾਈ ਸੀ। ਕਰਨਲ ਤ੍ਰਲੋਚਨ ਸਿੰਘ ਕਾਲੜਾ ਤੇ ਕਰਨਲ ਏ ਕੇ ਵਰਮਾ ਸਮੇਂ ਅਫ਼ਰਰਜ਼, ਸੂਬੇਦਾਰ ਸਹਿਬਾਨ ਤੇ ਜਵਾਨਾਂ ਨੇ ਸ਼ਿਰਕਤ ਕੀਤੀ ਯਾਦਾਂ ਦੀ ਸਾਂਝ ਪਾਈ।
ਸੱਚੀ ਫ਼ੌਜੀ ਜੀਵਨ ਆਮ ਲੁਕਾਈ ਤੋਂ ਅਲੱਗ ਦੀ ਦੁਨੀਆਂ ਸੀ, ਜਿੱਥੇ ਅਸੀਂ ਦਿਲੋਂ ਸਾਥੀ ਦੀ ਮੌਤ ਤੋਂ ਪਹਿਲਾਂ ਆਪਣੀ ਮੌਤ ਮੰਗਿਆ ਕਰਦੇ ਸੀ! ਜੰਗ ਤੋਂ ਦੂਰ ਬੈਠਿਆਂ ਨੂੰ ਕਿਸੇ ਹਾਲ ਨਹੀਂ ਸਮਝਾਇਆ ਜਾ ਸਕਦਾ ਫੌਜੀਆਂ ਦੀ ਘਾਲਣਾਂ ਤੇ ਤਿਆਗ ਬਾਰੇ, ਕਿ ਕਿਵੇਂ ਓਥੇ ਬੁਲੰਦ ਹੌਸਲੇ ਸਦਕਾ ਮੌਤ ਨੂੰ ਵੀ ਮਾਤ ਦਿੱਤੀ ਜਾ ਸਕਦੀ ਸੀ!
ਫ਼ੌਜ ਜਿਥੇ ਵੀ ਤੈਨਾਤ ਹੁੰਦੀ ਹੈ, ਉੱਥੇ ਸੂਲਾਂ, ਕੰਡਿਆਲੀਆਂ ਝਾੜੀਆਂ, ਬਰਫ਼ਬਾਰੀ, ਤੂਫਾਨੀ ਝੱਖੜ, ਢਿੱਗਾਂ ਦੇ ਡਿੱਗਣ ਜਿਹੀਆਂ ਮੁਸ਼ਕਲਾਂ ਦੇ ਨਾਲ ਨਾਲ, ਜੰਗਲੀ ਜੀਵਾਂ, ਜ਼ਹਿਰੀਲੇ ਸੱਪਾਂ ਤੋਂ ਇਲਾਵਾ, ਝਾੜੀਆਂ ਵਿੱਚੋਂ ਜੋਕਾਂ ਹੱਥਾਂ ਨੂੰ ਚਿੰਬੜ ਜਾਂਦੀਆਂ ਸਨ। ਸਮਝ ਓਹੀ ਸਕਦਾ ਜਿਸ ਨਾਲ ਬੀਤੀ ਹੋਵੇ, ਮੁੱਕਦੀ ਗੱਲ ਫ਼ੌਜੀਆਂ ਕੋਲ ਸੁੱਖ ਨਾ ਦੇਣ ਵਾਲੀਆਂ ਸਭ ਆਫਤਾਂ ਹੁੰਦੀਆਂ ਹਨ! ਅੱਜ ਵੀ ਅਨੇਕਾਂ ਖ਼ੌਫ਼ਨਾਕ ਯਾਦਾਂ ਦਾ ਸ਼ਰਮਾਇਆ ਹੈ ਦਿਲ ਅੰਦਰ…
ਅਰੁਣਾਚਲ ਪ੍ਰਦੇਸ਼, ਠੰਡ ਦਾ ਮੌਸਮ ਸੀ, ਸਾਡੇ ਆਸਪਾਸ ਦੀਆਂ ਪਹਾੜੀਆਂ ਬਰਫ ਨਾਲ ਢੱਕੀਆਂ ਹੋਈਆਂ ਸਨ, ਘਰ ਬੱਚੇ ਦਾ ਜਨਮ ਹੋਣ ਵਾਲਾ ਸੀ, ਛੁੱਟੀ ਆਉਣਾ ਲਾਜ਼ਮੀ ਸੀ, ਰਸ਼ਤੇ ਬੰਦ ਸਨ, ਖੁਲ੍ਹਣ ਦੀ ਉਮੀਦ ਨਹੀਂ ਸੀ! ਰਾਤ ਸਮੇਂ ਸਾਡੇ ਇੱਕ ਸਾਥੀ ਦੀ ਸਿਹਤ ਕਾਫ਼ੀ ਖ਼ਰਾਬ ਹੋ ਗਈ, ਉਸਨੂੰ ਹਸਪਤਾਲ ਪਹੰਚਾਉਣਾ ਜ਼ਰੂਰੀ ਬਣ ਗਿਆ ਜੋ ਤਕਰੀਬਨ 30 ਕਿਲੋਮੀਟਰ ਦੂਰ ਸੀ, ਤਿੰਨ ਗੱਡੀਆਂ ਇੱਕ-ਦੂਜੀ ਨਾਲ ਸੰਗਲ ਬੰਨ ਕੇ ਤਿਆਰ ਹੋਈਆਂ, ਛੁੱਟੀ ਜਾਣ ਕਰਕੇ ਮੇਰਾ ਨਾਲ ਜਾਣ ਲਈ ਨੰਬਰ ਲੱਗ ਗਿਆ ਸੋਚਿਆ ਕੇਰਾਂ ਏਥੋਂ ਨਿਕਲ ਮਨਾ ਅੱਗੇ ਕੁਦਰਤ ਮੇਹਰ ਕਰੂ…
ਕੈਂਪ ਚੋਂ ਤੁਰੇ ਤਾਂ ਖ਼ਰਾਬ ਰਸਤਾ, ਤੇਜ਼ ਬਰਫ਼ਬਾਰੀ, ਲਗਾਤਾਰ ਮੀਂਹ ਸ਼ੁਰੂ, ਗੱਡੀਆਂ ਦੀਆ ਲਾਈਟਾਂ ਕੰਮ ਨਾ ਕਰਨ, ਰੁਕ ਸਕਦੇ ਨਹੀਂ ਸੀ, ਚੱਲਣਾ ਲਾਜ਼ਮੀ ਸੀ, ਗੱਡੀ ਵਿਚੋਂ ਉੱਤਰ ਟਾਰਚ ਲਾਈਟ ਨਾਲ ਮੂਹਰਲੀ ਗੱਡੀ ਅੱਗੇ ਲੱਗ ਮੈਨੂੰ ਪੂਰੀ ਰਾਤ ਤੁਰਨਾ ਪਿਆ, ਮੇਰੇ ਮਗਰ-ਮਗਰ ਤਿੰਨੋਂ ਗੱਡੀਆਂ ਹਾਰਨ, ਲਾਈਟਾਂ ਤੇ ਬਰੇਕਾਂ ਮਾਰਦੀਆਂ ਤੁਰ ਰਹੀਆਂ ਸਨ। ਮੌਸਮ ਜਿਵੇਂ ਕੋਈ ਵੈਰ ਕੱਢ ਰਿਹਾ ਸੀ, ਅਸੀਂ ਆਪਣੇ ਵੱਲੋਂ ਪੂਰੇ ਮਹਿਫੂਜ਼ ਹੋ ਚੱਲ ਰਹੇ ਸੀ। ਕੋਈ ਪਹਾੜੀ ਖਿਸਕ ਜਾਂਦੀ ਤਾਂ ਅਸੀਂ ਵੀ ਮਰ ਮੁੱਕ ਸਕਦੇ ਸੀ!
ਦਿਨ ਚੜ੍ਹਦੇ ਨੂੰ ਅਸੀਂ ਮੰਜ਼ਿਲ ਤੇ ਪਹੁੰਚ ਹੀ ਗਏ, ਇਹ ਐਨਾ ਸੌਖਾ ਨਹੀਂ ਸੀ ਤੁਰਨਾ ਖ਼ਰਾਬ ਮੌਸਮ ‘ਚ ਜਿਵੇਂ ਲਿਖ ਹੋ ਗਿਆ! ਮੈਨੂੰ ਉਸ ਦਿਨ ਲੱਗਿਆ ਸੀ ਕਿ ਇੱਕ ਜ਼ਿੰਦਗੀ ਲਈ, ਮੌਤ ਦਾ ਮੁਕਾਬਲਾ ਕਰਨ ਵਾਲਿਆਂ ਨੂੰ ਕੁਦਰਤ ਹੋਰ ਉਮਰਾਂ ਦੇ ਦਿੰਦੀ ਹੈ, ਅੱਜ ਸ਼ਾਇਦ ਜ਼ਿੰਦਗੀ ਨੂੰ ਇਸੇ ਕਰਕੇ ਮਹਿਬੂਬ ਵਾਂਗ ਜੀ ਰਿਹਾ ਹਾਂ! ਸਾਡਾ ਵੀਰ ਵੀ ਤੰਦਰੁਸਤ ਹੋ ਗਿਆ, ਮੈਨੂੰ ਛੁੱਟੀ ਆਉਣ ਲਈ ਸਾਧਨ ਮਿਲ ਗਿਆ, ਸਮੇਂ ਸਿਰ ਘਰ ਪਹੁੰਚਿਆ ਤਾਂ ਪੁੱਤਰ ‘ਕਰਨਵੀਰ’ ਦੀ ਦਾਤ ਬਖਸ਼ਿਸ਼ ਹੋਈ, ਜਿਸਦੀ ਖੂਬਸੂਰਤ ਮੁਸਕਾਨ ਅੱਜ ਮੇਰੇ ਸਾਰੇ ਦੁੱਖ ਤੋੜ ਦਿੰਦੀ ਹੈ।
ਹਾਲੇ ਵੀ ਸੋਚਦਾ ਰਹਿੰਦਾ ਹਾਂ ਕਿ ਹੱਦਾਂ ਸਰਹੱਦਾਂ ਦੀ ਉਮਰ ਮਨੁੱਖ ਨਾਲੋਂ ਕਿੰਨੀ ਲੰਬੀ ਆ! ਬੰਦੇ ਮਰ ਮਿਟ ਜਾਂਦੇ ਹਨ, ਇਹ ਚੰਦਰੀਆਂ ਕਦੋਂ ਮਿਟਣਗੀਆਂ? ਜਦੋਂ ਕਿਤੇ ਮੈਂ ਆਪਣੇ ਫੌਜੀ ਅਫ਼ਸਰਾਂ ਨੂੰ, ਕਸ਼ਮੀਰੀ ਮਾਵਾਂ ਨੂੰ ਪੁੱਤ ਮਾਰਨ ਦੀਆਂ ਧਮਕੀਆਂ ਦਿੰਦੇ ਵੇਖਦਾ ਸੀ ਤਾਂ ਮੈਨੂੰ ਸ਼ਰਮ ਆਉਂਦੀ ਸੀ, ਸਵਾਲ ਹਾਲੇ ਵੀ ਅਧੂਰਾ ਹੈ ਕਿ ਜਿਸ ਤਰ੍ਹਾਂ ਅਸੀਂ ਕਸ਼ਮੀਰ ਚਾਹੁੰਦੇ ਹਾਂ, ਉਸੇ ਤਰ੍ਹਾਂ ਕਸ਼ਮੀਰੀਆਂ ਨੂੰ ਕਿਉਂ ਨਹੀਂ ਚਾਹੁੰਦੇ..? ਬਹੁਤ ਪੀੜ੍ਹੀਆਂ ਸੜ ਕੇ ਸਵਾਹ ਹੋ ਗਈਆਂ ਨਫ਼ਰਤ ਦੀ ਅੱਗ ‘ਚ, ਹਾਕਮੋ ਹਾੜੇ ਹੁਣ ਤਾਂ ਰਹਿਮ ਕਰੋ! ਭਾਰਤ ਦੇਸ਼ ਦੇ ਰਾਖਿਆਂ ਦੀ ਕਦਰ ਦਿਨੋਂ ਦਿਨ ਘੱਟਦੀ ਜਾ ਰਹੀ ਹੈ। ਇਹ ਰਾਖੇ ਮਰਨ ਮਰਾਉਣ ਲਈ ਹੀ ਭਰਤੀ ਕੀਤੇ ਜਾਂਦੇ ਹਨ! ਵਿਕਸਤ ਦੇਸ਼ਾਂ ਵਿੱਚ ਸਭ ਤੋਂ ਵੱਧ ਫੌਜੀ ਭਰਵਾਂ ਦੀ ਇੱਜ਼ਤ ਕੀਤੀ ਜਾਂਦੀ ਹੈ। ਇਹਨਾਂ ਦੀ ਘਾਲਣਾ, ਸਿਦਕ ਤੇ ਸ਼ਹਾਦਤਾਂ ਨੂੰ ਨਿੱਘੀ ਸਲਾਮੀ ਦਿੱਤੀ ਜਾਂਦੀ ਹੈ। ਕੁਦਰਤ ਭਲਾ ਕਰੇ ਭਾਰਤ ਸਰਕਾਰ ਦੇ ਦਿਮਾਗ਼ ਦਾ ਕੀੜਾ ਠੀਕ ਹੋਵੇ, ਫੌਜੀ ਵੀਰਾਂ ਦੀ ਹਰ ਦੁੱਖ ਵਿੱਚ ਬਾਂਹ ਫੜੇ। ਸਮਾਜਿਕ ਰਿਸ਼ਤੇ/ਲੋਕ ਵੀ ਫੌਜੀ ਦੀ ਰੱਜਕੇ ਲੁੱਟ ਕਰਦੇ ਹਨ ਕਿਉਕਿ ਭਾਂਤ ਭਾਂਤ ਦੇ ਲੋਕਾਂ ਚ ਰਹਿਕੇ ਫੌਜੀ ਬੰਦਾ ਬਹੁਤ ਜਲਦੀ ਜਜਬਾਤੀ ਹੋ ਜਾਂਦਾ ਤੇ ਲਾਲਚੀ ਲੋਕਾਂ ਦਾ ਸਹਿਜੇ ਹੀ ਸਿਕਾਰ ਹੋ ਜਾਂਦਾ ਹੈ।
ਕਿਸੇ ਨੂੰ ਕੀ ਮਤਲਬ ਫੌਜੀ ਦੀ ਕਠਿਨ ਜ਼ਿੰਦਗੀ ਬਾਬਤ, ਜੋ ਆਪਣੀ ਜਾਨ ਹਥੇਲੀ ਤੇ ਰੱਖ ਕੇ ਆਪਣੇ ਫਰਜਾਂ ਦੀ ਪੂਰਤੀ ਕਰਦਾ ਹੈ, ਜਿਸ ਦੇ ਸਿੱਟੇ ਵਜੋਂ ਸਮਾਜ ਸੁਤੰਤਰਤਾ ਪੂਰਵਕ ਸੁਖ ਦੀ ਨੀਂਦਰ ਸੌਂਦਾ ਹੈ, ਪਰ ਅਫ਼ਸੋਸ ਹੈ ਕਿ ਸਰਕਾਰਾਂ ਤੇ ਸਮਾਜ ਨੇ ਫੌਜੀ ਦੇ ਜਜਬੇ ਦੀ ਕਦੇ ਕਦਰ ਨਹੀਂ ਪਾਈ! ਫੌਜੀਆਂ ਦੀਆਂ ਹੱਕੀ ਮੰਗਾਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ, ਫੌਜੀਆਂ ਦੇ ਪਰਿਵਾਰਾਂ ਨੂੰ ਸਮਾਜ ਵਲੋਂ ਲੋੜੀਂਦਾ ਮਾਨ ਸਤਿਕਾਰ ਕਦੇ ਨਹੀਂ ਮਿਲਿਆ, ਜੰਗ ਸਮੇਂ ਜਰੂਰ ਸਰਕਾਰ ਤੇ ਸਮਾਜ ਦੀ ਕੁਝ ਸਮੇਂ ਲਈ ਜਾਗ ਖੁਲਦੀ ਹੈ, ਵਕਤੀ ਤੇ ਫਰਜੀ ਸਲਿਊਟ ਜ਼ਰੂਰ ਕੀਤੇ ਜਾਂਦੇ ਹਨ।
ਹੋਰ ਕਿੰਨਾ ਕੁ ਲਿਖਾ ਮੇਰੇ ਸ਼ਬਦਕੋਸ਼ ਵਿਚ ਐਨੇ ਪਾਏਦਾਰ ਸਾਹਿਤਕ ਭਾਸ਼ਾ ਵਿਚ ਲਿਖੇ ਜਾਣ ਵਾਲੇ ਸ਼ਬਦਾਂ ਦਾ ਭੰਡਾਰ ਨਹੀਂ, ਜਿਨ੍ਹਾਂ ਨਾਲ ਫੌਜ ਦੀ ਉੱਚਪੱਧਰਦੀ ਸੰਸਥਾ ਬਾਰੇ ਆਪਣੇ ਵਿਚਾਰਾਂ ਵਿੱਚ ਕੁਝ ਹੋਰ ਪ੍ਰਗਟਾਵਾ ਕਰ ਸਕਾ। ਤਹਿਦਿਲੋਂ ਸ਼ੁਕਰਗੁਜ਼ਾਰ ਹਾਂ ਸਭ ਦਾ ਜਿਨ੍ਹਾਂ ਮੈਨੂੰ ਉੱਚ ਸ਼ਖ਼ਸੀਅਤਾਂ ਦੇ ਸਨਮੁੱਖ ਜੀਵਨ ਦੇ ਨਿੱਜੀ ਤਜਰਬੇ ਰੱਖਣ ਲਈ ਬੇਸ਼ਕੀਮਤੀ ਸਮਾਂ ਬਖਸ਼ਿਸ਼ ਕੀਤਾ। ਦਿਲੋਂ ਬਹੁਤ ਸਾਰਾ ਪਿਆਰ ਸਤਿਕਾਰ ਤੇ ਅਦਬ ਕਰਦਾ ਹੋਇਆ ਧੰਨਵਾਦ ਕਰਦਾ ਹਾਂ। ਵੀਰੋ ਕੁਦਰਤ ਤੁਹਾਡੇ ਕਾਰੋਬਾਰ, ਸੋਚ ਅਤੇ ਵਿਚਾਰਧਾਰਾ ਹੋਰ ਬਰਕਤਾਂ ਪਾਵੇ ਜੁਗ ਜੁਗ ਜੀਓ।
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly