(ਸਮਾਜ ਵੀਕਲੀ)
ਪ੍ਰੇਮ ਕੁਦਰਤ ਨਾਲ ਹੋਵੇ ਜਾਂ ਕੁਦਰਤ ਦੀਆਂ ਘੜੀਆਂ ਮੂਰਤਾਂ ਨਾਲ, ਇਨ੍ਹਾਂ ਪਲਾਂ ਵਿਚ ਸਾਡੀ ਭੁੱਖ ਮਿਟ ਜਾਂਦੀ ਹੈ ਕਿਉਂਕਿ ਫਿਰ ਇਕਾਗਰਤਾ ਦੀਆਂ ਪੰਗਡੰਡੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਅਸੀਂ ਆਪਣੇ ਆਪ ਨੂੰ ਕੁਦਰਤ ਦੀ ਬੁੱਕਲ ਵਿਚ ਸਮਾ ਬੇਫਿਕਰੀ ਦੇ ਅਹਿਸਾਸ ਵਿਚ ਚਲੇ ਜਾਂਦੇ ਹਾਂ। ਜਿੱਥੇ ਸਾਡੀ ਔਕਾਤ ਦੀ ਤਾਕਤ…
*ਇੱਕ ਬੀਜ ਤੋਂ ਦਰਖਤ ਹੋ ਨਿੱਬੜਣ ਵਾਲੀ ਹੋ ਜਾਂਦੀ ਹੈ!*
ਪ੍ਰੇਮ ਦੇ ਪਲਾਂ ਸਮੇਂ ਪ੍ਰੇਮੀ ਇੱਕ-ਦੂਜੇ ਦੀ ਜੋ ਪ੍ਰਸ਼ੰਸਾ ਕਰਦੇ ਹਨ , ਉਹ ਇਤਰ-ਫੁਲੇਲ ਵਾਂਗੂੰ ਹੁੰਦੀ ਹੈ, ਜੋ ਸਿਰਫ਼ ਸੁੰਘੀ ਹੀ ਜਾ ਸਕਦੀ ਐ, ਪਰ ਪੀਤੀ ਨਹੀਂ ਜਾ ਸਕਦੀ।
ਪਿਆਰ ਹੋਰ ਚੀਜ਼ ਆ ਤੇ ਪੁਰਾਣੇ ਸਮਿਆਂ ਦੇ ਲੋਕਾਂ ਦਾ ਪ੍ਰੇਮ ਹੋਰ ਚੀਜ਼ ਸੀ… ਪਿਆਰ ਕਦੇ ਵੀ, ਕਿਸੇ ਨਾਲ ਵੀ, ਕਿਤੇ ਵੀ ਹੋ ਸਕਦਾ ਹੈ… ਇਹ ਖਿੱਚ ਕਦੋ ਮਰਜ਼ੀ ਹੋ ਸਕਦੀ ਐ, ਪਰ ਅਫ਼ਸੋਸ ਅਸੀਂ ਇਸ ਕੁਝ ਸਮੇਂ ਦੀ ਸਰੀਰਕ ਖਿਚ ਨੂੰ ਹੀ ਪ੍ਰੇਮ ਦਾ ਨਾਮ ਦੇ ਦਿੰਦੇ ਹਾਂ, ਜੋ ਸਮਾਂ ਆਉਣ ਤੇ ਕੁਝ ਹੋਰ ਹੀ ਹੋ ਨਿੱਕਲਦਾ ਹੈ… ਨਤੀਜੇ ਭਿਆਨਕ ਨਿਕਲਦੇ ਹਨ।
ਪ੍ਰੇਮ ਤਾਂ ਸਬਰ ਦੀ ਹਾਂਡੀ ਵਿੱਚ ਹੰਝੂਆਂ ਦੇ ਪਾਣੀ ਨਾਲ ਹੌਕਿਆਂ ਦੇ ਬਾਲਣ ਸੰਗ ਹੌਲੀ-ਹੌਲੀ ਰਿਝਦਾ ਹੈ। ਫਿਰ ਇਹ ਇਸ਼ਕ ਮੁਹੱਬਤ ਹੋ ਕੇ ਸੰਪੂਰਨ ਹੁੰਦਾ ਹੋਇਆ ਉਮਰਾਂ ਬੀਤਣ ਤੱਕ ਜਵਾਨ ਵੀ ਰਹਿੰਦਾ ਹੈ। ਇਹ ਪਲ ਨਸ਼ੀਬ ਸਿਰਫ਼ ਉਨ੍ਹਾਂ ਨੂੰ ਹੁੰਦੇ ਹਨ ਜੋ ਖੁਦ ਜ਼ਿੰਦਗੀ ਨੂੰ ਮਾਣਦੇ ਹਨ, ਦੂਸਰਿਆਂ ਦੇ ਜੀਵਨ ਵਿਚ ਦਖਲ ਅੰਦਾਜੀ ਕਰਨ ਵਾਲਿਆਂ ਤੇ ਕੁਦਰਤ ਕਦੇ ਵੀ ਮੇਹਰਬਾਨ ਨਹੀਂ ਹੁੰਦੀ। ਪ੍ਰੇਮ ਕਰਕੇ ਕਿਸੇ ਨੂੰ ਭੁੱਲ ਜਾਣਾ ਬਹੁਤ ਮਾੜੀ ਫਿਤਰਤ ਹੈ।
ਉਝ ਤਾਂ ਸਾਰਿਆਂ ਪ੍ਰਤੀ ਬਰਾਬਰ ਪ੍ਰੇਮ ਰੱਖਣਾ ਹੀ ਆਦਰਸ਼ ਜੀਵਨ ਹੈ। ਪਰ ਕਲਯੁੱਗ ਵਿਚ ਇਹ ਸੰਭਵ ਨਹੀਂ। ਸੋ ਸਭ ਤੋਂ ਪਹਿਲਾਂ ਆਪਾਂ ਖ਼ੁਦ ਦੀ ਇੱਜ਼ਤ ਕਰੀਏ, ਖ਼ੁਦ ਨੂੰ ਪਿਆਰ ਕਰੀਏ, ਦੂਜਿਆਂ ਨੂੰ ਪ੍ਰਸੰਨ ਕਰਕੇ ਮੈਡਲਾਂ ਦੀ ਆਸ ਨਾ ਰੱਖੀਏ… ਇੱਥੇ ਹਰ ਇੱਕ ਇਨਸਾਨ ਖ਼ੁਦ ‘ਚ ਹੀ ਬਹੁਤ ਵੱਡੀ ਸ਼ਖਸ਼ੀਅਤ ਹੈ!
ਜ਼ਿੰਦਗੀ ਦੀ ਭੱਜ ਦੌੜ ਵਿਚੋਂ ਸਮਾਂ ਕੱਢਕੇ ਆਪਣਿਆਂ ਤੇ ਆਪਣੇ ਆਪ ਨੂੰ ਵਕਤ ਦੇਈਏ, ਖ਼ੁਦ ਨਾਲ ਗੱਲਾਂ ਕਰੀਏ, ਆਪਾਂ ਕਿੱਥੇ ਸਹੀ ਤੇ ਕਿੱਥੇ ਗਲਤ ਹਾਂ, ਇਹ ਸਵੈ ਅਧਿਐਨ ਵੀ ਜਰੂਰ ਕਰੀਏ।
ਆਪਣੀਆਂ ਹੋਈਆਂ ਗ਼ਲਤੀਆਂ ਤੋਂ ਸਬਕ ਲੈ ਕੇ ਹੀ ਜ਼ਿੰਦਗੀ ਦਾ ਭਰਪੂਰ ਆਨੰਦ ਮਾਣਿਆ ਜਾ ਸਕਦਾ ਹੈ, ਭਾਵੇਂ ਘੜੀਆਂ ਚਾਰ ਹੀ ਕਿਉਂ ਨਾ ਮਿਲਣ… ਨਜ਼ਾਰੇ ਕਰੀਏ, ਮਰ ਤਾਂ ਆਪਾਂ ਸਭ ਨੇ ਜਾਣ ਹੈ।
ਮੈਂ ਦੁਨੀਆਂ ਤੇ ਇੱਕ ਬੇਹਤਰ ਸੰਸਾਰ ਬਣਦੇ ਦੇਖਣਾ ਚਾਹੁੰਦਾ ਹਾਂ। ਟੁੱਟਦੇ ਰਿਸ਼ਤੇ, ਉੱਜੜ ਰਹੇ ਘਰ, ਇਕੱਲਤਾ, ਮਾਨਸਿਕ ਬਿਮਾਰੀਆਂ, ਹਾਰਟ ਅਟੈਕ, ਕੈਂਸਰ ਜੋ ਵੀ ਹੋਰ ਊਲ-ਜਲੂਲ ਅੱਜ ਦੀਆ ਮਾਡਰਨ ਬਿਮਾਰੀਆਂ ਹਨ…
ਸਭ ਦਾ ਕਾਰਣ ਇੱਕ ਹੀ ਹੈ ‘ਪੈਸੇ ਲਈ ਅਰੰਭੀ ਕਦੇ ਨਾ ਮੁੱਕਣ ਵਾਲੀ ਦੌੜ’ ਇਸ ਦੌੜ ਨੇ ਇਨਸਾਨ ਨੂੰ ਹੈਵਾਨ, ਸ਼ੈਤਾਨ ਤੇ ਸਿਆਸਤਦਾਨ ਬਣਾ ਦਿੱਤਾ ਹੈ!
ਹਰਫੂਲ ਸਿੰਘ ਭੁੱਲਰ
ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly