ਸ਼ੁਭ ਸਵੇਰ ਦੋਸਤੋ,

(ਸਮਾਜ ਵੀਕਲੀ)

ਸਮੇਂ ਅਨੁਸਾਰ ਆਪਣੇ ਆਪ ਨੂੰ ਢਾਲ ਲੈਣਾ, ਸਮੇਂ ਦੀ ਰਫ਼ਤਾਰ ਨਾਲ ਚੱਲਣਾ ਹੀ ਸਫ਼ਲ ਜੀਵਨ ਸਮਝਿਆ ਜਾਂਦਾ ਹੈ। ਜਿਨ੍ਹਾਂ ਸਮੇਂ ਦੀ ਵਰਤੋਂ ਅਤੇ ਮਹੱਤਵ ਨੂੰ ਸਮਝ ਲਿਆ, ਸਮਝ ਲਓ ਉਨ੍ਹਾਂ ਨੇ ਸਫ਼ਲਤਾ ਦੇ ਡੰਡੇ ਨੂੰ ਹੱਥ ਪਾ ਲਿਆ। ਜੀਵਨ ਵਿਚ ਕਾਮਯਾਬ ਹੋਣ ਲਈ ਸਾਨੂੰ ਸਮੇਂ ਦੇ ਇੱਕ-ਇੱਕ ਪਲ ਦੀ ਸੁਚੱਜੀ ਵਰਤੋਂ ਕਰਨੀ ਹੀ ਪੈਣੀ ਹੈ।

ਆਪਾਂ ਸਭ ਜਾਣਦੇ ਹਾਂ ਕਿ ਸਮਾਂ ਨਿਰੰਤਰ ਵਹਿਣ ਵਾਲਾ ਤੱਤ ਹੈ। ਇਹ ਇੱਕ ਪਲ ਲਈ ਵੀ ਠਹਿਰ ਕੇ ਵਿਸਰਾਮ ਨਹੀਂ ਕਰਦਾ। ਤਾਂ ਸੁਭਾਵਿਕ ਹੈ ਕਿ ਸਮਾਂ ਕਿਸੇ ਵੀ ਹਾਲਤ ਵਿਚ ਰੁਕੇ ਹੋਏ ਲੋਕਾਂ ਨਾਲ ਨਹੀਂ ਰੁਕਦਾ। ਕਿਉਂਕਿ ਗਤੀ ਦੀ ਦੋਸਤੀ ਤਾਂ ਗਤੀ ਨਾਲ ਹੀ ਹੋਵੇਗੀ ਤੇ ਹੋਣੀ ਵੀ ਚਾਹੀਦੀ ਹੈ। ਸਮਾਂ ਵਿਰਾਮ ਜਾਂ ਖੜੋਤ ਦੇ ਹੱਕ ਵਿਚ ਕਦੇ ਵੀ ਨਹੀਂ ਖੜ੍ਹਦਾ।

ਗਤੀਸ਼ੀਲ ਅਤੇ ਸਰਗਰਮ ਰਹਿਣਾ ਹੀ ਜ਼ਿੰਦਗੀ ਅਖਵਾਉਂਦਾ ਹੈ। ਹਾਲਾਤ ਕਿਹੋ ਜਹੇ ਵੀ ਹੋਣ ਰੁਕੀਏ ਕਦੇ ਨਾ, ਚਲਦੇ ਹੀ ਰਹੀਏ।
ਟੋਭੇ ਜਾਂ ਛੱਪੜ ਦੇ ਪਾਣੀ ਦਾ ਗੰਦਾ ਹੋਣਾ ਇਹ ਕਾਰਨ ਅਸੀਂ ਸਭ ਜਾਣਦੇ ਹਾਂ, ਪਰ ਫਿਰ ਵੀ ਅਸੀਂ ਕਈ ਵਾਰੀ ਜੀਵਨ ਵਿਚ ਖਲੋਤ ਦੇ ਸ਼ਿਕਾਰ ਹੋ ਜਾਂਦੇ ਹਾਂ।

ਜਦੋਂ ਕਿ ਨਦੀਆਂ ਦਾ ਪਾਣੀ ਸਾਫ਼ ਵੀ ਰਹਿੰਦਾ ਹੈ ਤੇ ਕਿੱਥੋਂ ਚੱਲਕੇ ਕਿੱਥੋਂ ਦੀ ਕਿੱਥੇ ਪਹੁੰਚ ਜਾਂਦਾ ਹੈ, ਕਿਉਂਕਿ ਉਹ ਵਹਿੰਦਾ ਹੈ, ਵਗਦਾ ਹੈ। ਸੋ ਇਹ ਸਭ ਤੋਂ ਉੱਤਮ ਉਦਾਹਰਣ ਹੈ ਕਿ ਵਗਣ ਵਿਚ ਹੀ ਸ਼ੁੱਧਤਾ ਹੈ, ਵਗਣ ਵਿਚ ਹੀ ਜ਼ਿੰਦਗੀ ਹੈ ਅਤੇ ਵਗਣ ਵਿਚ ਹੀ ਜੀਵਨ ਦਾ ਕਲ-ਕਲ ਕਰਦਾ ਸੰਗੀਤ ਹੈ। ਮਤਲਬ ਸਾਫ਼ ਹੈ ਕਿ *ਜੇਕਰ ਗਤੀ ਹੈ ਤਾਂ ਜੀਵਨ ਹੈ, ਜੇਕਰ ਗਤੀ ਨਹੀਂ ਤਾਂ ਬੰਦਾ ਜਿਉਂਦਾ ਮੁਰਦਾ ਹੈ!* ਕੰਕਰ ਤਾਂ ਰਾਹਾਂ ‘ਚ ਹੋਇਆ ਹੀ ਕਰਦੇ ਨੇ, ਪਰ…ਡਰਕੇ ਰਾਹੀਂ ਨਾ ਰੁਕਿਆ ਕਰਦੇ ਨੇ! ਰੁਕਿਆ ਹੋਇਆ ਜੀਵਨ ਮੌਤ ਵੱਲ ਬਹੁਤ ਤੇਜ਼ੀ ਨਾਲ ਵੱਧਦਾ ਹੈ। ਸੋ ਸਾਨੂੰ ਚਾਹੀਦਾ ਹੈ ਆਪਾਂ ਔਖੇ-ਸੌਖੇ ਚਲਦੇ ਸਾਹਾਂ ਸੰਗ ਜੀਵਨ ਦੀ ਰੁਵਾਨਗੀ ਨੂੰ ਲਗਾਤਾਰ ਬਣਾਈ ਰੱਖੀਏ।

ਹਰਫੂਲ ਭੁੱਲਰ

ਮੰਡੀ ਕਲਾਂ 9876870157

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleTaliban claims control over 2 more Afghan provincial capitals
Next articleਕੁਝ ਜਜ਼ਬਾਤ ਪੰਜਾਬ ਵੰਡ ਵੇਲੇ ਦੇ