ਸ਼ੁਭ ਸਵੇਰ ਦੋਸਤੋ,

(ਸਮਾਜ ਵੀਕਲੀ)-   ਅਸੀਂ ਅਕਸਰ ਉਨ੍ਹਾਂ ਹੀ ਰਿਸ਼ਤਿਆਂ ਨੂੰ ਯਾਦ ਕਰਕੇ ਰੋਂਦੇ ਹਾਂ, ਜਿਨ੍ਹਾਂ ਦੇ ਹੁੰਦਿਆ ਅਸੀਂ ਆਪਣੇ ਆਪ ਨੂੰ ਜਿਊਂਦਿਆਂ ਵਿਚ ਗਿਣਦੇ ਸਾਂ! ਮੈਨੂੰ ਪਤਾ ਵੀ ਹੈ ਤੇ ਪਤਾ ਵੀ ਨਹੀਂ, ਇਉਂ ਕਿਉਂ ਵਾਪਰਦਾ ਹੈ ਕਿ ਜਦੋਂ ਸਾਡੀ ਮਾਂ ਮਰ ਜਾਂਦੀ ਹੈ ਤਾਂ ਉਮਰ ਦੇ ਹਰ ਪੜਾਅ ਤੇ ਸਾਨੂੰ ਆਪਣਾ ਬਚਪਨ ਵਧੇਰੇ ਯਾਦ ਆਉਂਦਾ ਹੈ। ਜੇਕਰ ਮਾਪੇ ਹੀ ਮਰ ਜਾਣ ਤਾਂ ਅਸੀਂ ਉਮਰ ਭਰ ਲਈ ਯਤੀਮ ਹੋ ਜਾਂਦੇ ਹਾਂ, ਖੁਦ ਹੰਢਾਇਆ ਬਿਨ ਸਾਨੂੰ ਕਿਸੇ ਦੇ ਦਰਦ ਮਹਿਸੂਸ ਨਹੀਂ ਹੁੰਦੇ..!
ਮਾਂ ਤਾਂ ਪੀਹ-ਪੀਹ ਕੇ, ਗੁੰਨ੍ਹ-ਗੁੰਨ੍ਹ ਕੇ ਸਾਡੇ ਵਿੱਚ ਸੂਖਮਤਾ, ਨਿਖਾਰ, ਮੁਲਾਇਮੀ ਤੇ ਲਿਆਕਤ ਲਿਉਂਦੀ ਹੈ।
ਮਾਂ ਤੋਂ ਬਗੈਰ ਤਰਕਾਲਾਂ ਪੈਣ ਤੇ ਬੂਹੇ ਉਡੀਕ ਖਲੋਤੀ ਘੱਟ ਹੀ ਨਜ਼ਰ ਆਉਂਦੀ ਹੈ।
ਮਾਂ ਓਹ ਪਾਠਸ਼ਾਲਾ ਹੁੰਦੀ ਹੈ, ਜਿੱਥੋਂ ਅਸੀਂ ਪਿਆਰ ਕਰਨ, ਦੂਜਿਆਂ ਦਾ ਖ਼ਿਆਲ ਰੱਖਣ ਅਤੇ ਵਿਚਾਰਣ ਦਾ ਪਹਿਲਾਂ ਤੇ ਪੱਕਾ ਸਬਕ ਸਿੱਖਦੇ ਹਾਂ।
ਮਾਂ ਦੀ ਗੋਦੀ ਵਿਚ ਹੀ ਸਾਨੂੰ ਗਿਆਨ, ਧਿਆਨ ਤੇ ਕੁਝ ਕਰਨ ਦੀ ਜਾਗ ਲਗਦੀ ਹੈ। ਮਾਂ ਹੀ ਸਾਨੂੰ ਉੱਚਾ ਸੁੱਚਾ ਸੋਚਣਾ, ਮਿੱਠਾ ਸੱਚ ਬੋਲਣਾ ਸਿਖਾਉਂਦੀ ਹੈ, ਮਾਂ ਦਾ ਅਸ਼ੀਰਵਾਦ ਸਾਡੀਆਂ ਆਦਤਾਂ ਵਿੱਚੋਂ ਸਮਾਜ ਨੂੰ ਨਜ਼ਰ ਆਉਂਦਾ ਹੈ।
ਮਾਂ ਦੀ ਉਪਮਾ ਲਿਖਣੀ ਮੇਰੇ ਵੱਸੋਂ ਬਾਹਰ ਦੀ ਗੱਲ ਹੈ। ਮਾਂ ਦਾ ਵਿਛੋੜਾ ਅਸਿਹ ਤੇ ਅਕਿਹ ਹੁੰਦਾ ਹੈ। ਮਾਂ ਸੱਚਮੁੱਚ ਅਣਮੁੱਲ ਹੈ। ਮਾਂ ਤੋਂ ਮਿਲਿਆ ਛਟਾਂਕ ਕਿਸੇ ਸੰਤ ਹੱਥੋਂ ਮਿਲੇ ਕਿਲੋ ਤੋਂ ਜ਼ਿਆਦਾ ਹੁੰਦਾ ਹੈ! ਪਰ ਜਦੋਂ ਕਿਸੇ ਦੀ ਮਾਂ ਨਾ ਰਹੇ ਤਾਂ ਉਸਨੂੰ ਮੇਰੀ ਤਰ੍ਹਾਂ ਇਸ ਕੁਬੇਰ ਦੇ ਖਜ਼ਾਨੇ ਬਾਰੇ ਖ਼ਾਸ ਹੀ ਅਨੁਭਵ ਹੁੰਦਾ ਹੈ। ਦੁਨੀਆਂ ਤੇ ਔਰਤ ਦਾ ਮਾਂ ਵਜੋਂ ‘ਰੁਤਬਾ’ ਮਹਾਨ ਹੈ ਤੇ ਹਮੇਸ਼ਾ ‘ਮਹਾਨ’ ਬਣਿਆ ਹੀ ਰਹੇਗਾ।
ਕਿਉਂਕਿ ਮਾਵਾਂ… ‘ਵਿਹੜੇ ਦੀ ਰੌਣਕ ਹੁੰਦੀਆਂ, ਪਿਆਰ ਦਾ ਹੁੰਦੀਆਂ ਚਸ਼ਮਾ, ਹੁੰਦੀਆਂ ਠੰਡੀਆਂ ਜਿਉਂ ਬੋਹੜਾਂ ਦੀਆਂ ਛਾਵਾਂ, ਰੱਬ ਦਾ ਇਹ ਰੂਪ ਹੁੰਦੀਆਂ ਮਾਵਾਂ…’
ਮਾਂ ਹੋਰਨਾਂ ਨਾਲੋਂ ਸਾਨੂੰ ਕਈ ਮਹੀਨੇ ਵੱਧ ਜਾਣਦੀ ਹੁੰਦੀ ਹੈ! ਮਾਂ ਚਿਹਰਾ ਪੜ੍ਹ ਕੇ ਦਿਲ ਬੁੱਝ ਲੈਂਦੀ ਹੈ, ਅੰਤਰਜਾਮੀ ਹੁੰਦੀ ਹੈ। ਚੰਦਰੀ ਸਾਰਾ ਲਾਡ ਪਿਆਰ ਬਚਪਨ ਵਿਚ ਹੀ ਦੇ ਗਈ, ਸ਼ਾਇਦ ਜਾਣਦੀ ਹੋਵੇ ਕਿ ‘ਮੈਂ ਪੁੱਤ ਤੋਂ ਬਹੁਤ ਜਲਦੀ ਵਿੱਛੜਨ ਵਾਲੀ ਹਾਂ’!
ਵਰਤਮਾਨ ਵਿਚ ਬੜਾ ਔਖਾ ਹੁੰਦਾ ਮਾਂ ਦੀ ਮੰਮਤਾ ਨੂੰ ਦੂਸਰਿਆਂ ਚੋਂ ਲੱਭਣਾ, ਮੋਹ ਦੀ ਭਾਲ ਵਿੱਚ ਭਾਵੇਂ ਅਸੀਂ ਜਿੰਨੀਆਂ ਮਰਜ਼ੀ ਦੇਹਾਂ ਨੂੰ ਫਰੋਲ ਲਈਏ!
ਰੋਟੀ ਖਾਂਦਿਆ… ‘ਬਸ ਮਾਂ’ ਕਹਿਣ ਤੇ ਵੀ ਗਰਮ-ਗਰਮ, ਕਰਾਰੀ ਤੇ ਪਿਆਰ ਨਾਲ ਫੁੱਲੀਂ ਹੋਈ ਰੋਟੀ ਥਾਲ਼ੀ ਵਿੱਚ ਰੱਖ ਹੀ ਦੇਣੀ, ਮੈਂ ਰੱਜੇ ਨੇ ਵੀ ਖਾਂ ਜਾਣੀ। ਮਾਂ ਵਿਛੜੀ ਨੂੰ ਕੱਲ੍ਹ ਵਰ੍ਹੇ ਹੋ ਗਏ! ਦਿਲ ਦੀ ਸਰਜ਼ਮੀਨ ਤੇ ਯਾਦਾਂ ਦੀ ਫ਼ਸਲ ਹਾਲੇ ਪੂਰੇ ਜ਼ੋਬਨ ਤੇ ਹੈ।
ਮੇਰਾ ਮੰਨਣਾ ਮਾਂ ਦੀਆਂ ਅਸੀਸਾਂ ਸਿਵਿਆਂ ਤੱਕ ਨਾਲ ਜਾਂਦੀਆਂ ਨੇ, ਅੱਜ ਭਾਗਵਾਨ ਨੂੰ ਬੋਲਦਾ ਹਾਂ ‘ਰੋਟੀ ਬਸ’, ਪਰ ਗਰਮ-ਗਰਮ, ਕਰਾਰੀ ਤੇ ਪਿਆਰ ਨਾਲ ਫੁੱਲੀਂ ਰੋਟੀ ਥਾਲ਼ੀ ਵਿਚ ਹੁੰਦੀ ਹੈ, ਫਿਰ ਲਗਦੇ ਮਾਂ ਕਿੱਧਰੇ ਗਈ ਨਹੀਂ ਮੇਰੇ ਨਾਲ ਹੈ।
ਇਹ ਮਾਂ ਦੀਆਂ ਅਸੀਸਾਂ ਹਨ ਜਾਂ ਮੇਰੇ ਨਸੀਬ ਜਾਂ ਬੇਗਮ ਦੀ ਸਿਆਣਪ-ਲਿਆਕਤ ਜਾਂ ਮੇਰੇ ਕਰਮਾਂ ਦਾ ਫਲ ਜਾਂ ਮੇਰੀ ਅਮੜੀ ਦੀ ਕੋਈ ਬਖਸ਼ਿਸ਼? ਹਾਲੇ ਤੱਕ ਤਾਂ ਸਮਝ ਨਹੀਂ ਸਕਿਆ ਮੈਂ ਕਮਲਾ ਕੁਦਰਤ ਦੀ ਇਹ ਬੁਝਾਰਤ ਨੂੰ, ਦੁਆ ਕਰਦਾ ਹਾਂ ਕਿ ਹਰ ਬੱਚੇ ਦੀ ਮਾਂ ਤੇਰੇ ਵਰਗੀ ਹੋਵੇ, ਜੋ ਸਾਰਿਆਂ ਤੋਂ ਮਗਰੋਂ ਸੌਂਦੀ ਤੇ ਸਾਰਿਆਂ ਤੋਂ ਪਹਿਲਾਂ ਜਾਗਦੀ ਹੋਵੇ, ਤੇ ਭੋਜਨ ਰਾਹੀਂ ਪਿਆਰ, ਮੁਹੱਬਤ, ਲਿਆਕਤ ਦੇ ਨਾਲ-ਨਾਲ ਉਮਰ ਭਰ ਲਈ ਅਸੀਸ ਵੀ ਦਿੰਦੀ ਹੋਵੇ।
ਮੈਂ ਮਹਿਸੂਸ ਕਰਦਾ ਕਿ ਬਾਪੂ ਕਈ ਵਾਰੀ ਹਲਾਤਾਂ ਅਨੁਸਾਰ ਧੀਆਂ-ਪੁੱਤਰਾਂ ਵਿਚ ਉਨੀ-ਇੱਕੀ ਕਰ ਹੀ ਜਾਂਦੇ ਹਨ, ਪਰ ਮਾਵਾਂ ਦੇ ਪਿਆਰ ਦਾ ਢੰਗ ਨਿਰਾਲਾ ਹੈ, ਇਹ ਜੋ ਵੀ ਵੰਡਦੀਆਂ ਨੇ ਔਲਾਦ ਨੂੰ ਸੌ ਪ੍ਰਤੀਸ਼ਤ ਮਿਲਦਾ ਹੈ! ਮੁੜ ਨਹੀਂ ਆਉਣੇ ਓਹ ਦਿਨ…
*ਜਦੋਂ ਮਾਂ ਫਿਸਲਦੀ ਹੁੰਦੀ ਸੀ, ਮੈਂ ਹੱਸਦਾ ਹੁੰਦਾ ਸੀ,*
*ਜਦੋਂ ਵਾਰੀ ਮੇਰੀ ਹੁੰਦੀ ਸੀ, ਫਿਰ ਮਾਂ ਰੋਂਦੀ ਹੁੰਦੀ ਸੀ’*
ਮਾਂ ਤੂੰ ਸਤਯੁਗ ਸੀ, ਮੈਨੂੰ ਕਲਯੁੱਗ ਵਿਚ ਜਨਮ ਦਿੱਤਾ, ਜਿਉਂ ਹੁਣ ਮੈਂ ਮਤਲਬ ਯੁੱਗ ਵਿਚ ਰਿਹਾ ਹਾਂ। ਜਿੱਥੇ ਆਰਥਿਕ ਪੱਖੋਂ ਥੋੜ੍ਹਾ ਕਮਜ਼ੋਰ ਹੁੰਦਿਆ ਹੀ ਸਭ ਰਿਸ਼ਤੇ ਬਿਗਾਨੇ ਹੋ ਜਾਂਦੇ ਨੇ! ਮਨ ਉਦਾਸ ਹੈ, ਪੱਲੇ ਫਿਕਰ ਨੇ, ਮਿਹਨਤ ਜ਼ਾਰੀ ਹੈ, ਉਮੀਦ ਰੱਖੀ ਐ ਸੁਨਹਿਰੀ ਭਵਿੱਖ ਦੀ। ਜਾਣਾ ਤਾਂ ਸਭ ਨੇ ਹੈ ਦੁਨੀਆਂ ਤੋਂ, ਅਸੀਂ ਵੀ ਕਤਾਰ ਵਿੱਚ ਲੱਗੇ ਹੋਏ ਹਾਂ, ਮਾਂ ਦੀ ਬੁੱਕਲ ਦਾ ਨਿੱਘ ਮਿਲੇ ਤੇ ਰਿਸ਼ਤਿਆਂ ਤੋਂ ਵੱਧ ਤੋਂ ਵੱਧ ਸੁੱਖ ਮਿਲੇ, ਮੈਨੂੰ ਲਗਦੇ ਇਹਦੇ ਲਈ ਚੰਗੀ ਕਿਸਮਤ ਦਾ ਹੋਣਾ ਬਹੁਤ ਲਾਜ਼ਮੀ ਹੈ।

ਹਰਫੂਲ ਸਿੰਘ ਭੁੱਲਰ

ਮੰਡੀ ਕਲਾਂ 9876870157 

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article150 Palestinians killed in Israeli siege of Gaza hospital
Next articleਸਰਕਾਰੀ ਪ੍ਰਾਇਮਰੀ ਫੁਲੀ ਏ.ਸੀ. ਸਮਾਰਟ ਸਕੂਲ ਨਥਾਣਾ ਲੜਕੇ ਦੇ 5 ਵਿਦਿਆਰਥੀਆਂ ਨੂੰ ਹਰਭਜਨ ਸਿੰਘ ਲੋਕ ਨਿਰਮਾਣ ਅਤੇ ਊਰਜਾ ਮੰਤਰੀ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਸਨਮਾਨਿਤ