(ਸਮਾਜ ਵੀਕਲੀ)
ਪਰਉਪਕਾਰ ਦੀ ਬਿਰਤੀ ਨਾਲ ਸਾਡੇ ਸ਼ੌਕ ਵੱਡੇ ਹੁੰਦੇ ਹਨ ਅਤੇ ਜੀਵਨ ਵਿਚ ਰੂਹਾਨੀ ਅਮੀਰੀ ਦਾ ਅਹਿਸਾਸ ਆਉਂਦਾ ਹੈ। ਸਿਰਜਣਹਾਰ ਨੇ ਕੁਦਰਤ ਸਿਰਜੀ ਹੈ, ਅਸੀਂ ਸਮਾਜ ਸਿਰਜਿਆ ਹੈ। ਜਿਹੋ ਜਿਹਾ ਅਸੀਂ ਸਿਰਜਾਂਗੇ, ਓਹੋ ਜਿਹਾ ਪਾਵਾਂਗੇ, ਕਿਉਂ ਨਾ ਫਿਰ ਰੂਹ ਦੇ ਰਿਸ਼ਤੇਦਾਰਾਂ ਨਾਲ ਰੂਹਦਾਰੀਆਂ ਪਾਈਏ, ਜਦੋਂ ਹੋਣ…
ਸਾਡੀਆਂ ਇੱਕੋ ਸੋਚਾਂ ਤੇ ਇੱਕੋ ਵਿਚਾਰਾਂ,
ਫਿਰ ਜੁੜਦੀਆਂ ਨੇ ਦਿਲ ਦੀਆਂ ਤਾਰਾਂ।
‘ਅਜਿਹੇ ਨਿਰਸਵਾਰਥ ਵਾਲੇ ਰਿਸ਼ਤਿਆਂ ਦੇ ਪੁਲ ਉਸਾਰਨ ਲਈ, ਹੰਝੂਆਂ ਦਾ ਪਾਣੀ, ਜਜ਼ਬਾਤਾਂ ਦਾ ਲੋਹਾ, ਰੂਹ ਦਾ ਸੀਮਿੰਟ ਅਤੇ ਉਮੀਦਾਂ ਦਾ ਰੇਤ ਲੱਗਦਾ ਹੈ’! ਜੇਕਰ ਇਹ ਪੁਲ ਅਸੀਂ ਬਣਾ ਲਈਏ ਤਾਂ, ਇਹ ਸਾਡੀ ਐਸੀ ਤਾਕਤ ਬਣਦਾ ਐ, ਫਿਰ ਅਸੀਂ ਭਾਵੇਂ ਨੀਂਦ ਚ ਹੋਈਏ, ਚਾਹੇ ਜਾਗਦੇ, ਆਰਾਮ ਚ ਹੋਈਏ ਭਾਵੇਂ ਕੰਮ ਚੋ, ਸਾਡੇ ਮਨ ਦੀ ਤ੍ਰਿਪਤੀ ਲਈ ਊਰਜਾ ਰੂਪੀ ਖ਼ਾਦ ਦੀ ਢੋਆ-ਢੋਵਾਈ ਆਪਣੇ ਆਪ ਹੁੰਦੀ ਰਹਿੰਦੀ ਹੈ’।
ਜੇ ਸੱਚ ਰੱਖੀਏ ਪੱਲੇ, ਫਿਰ ਪੱਤਾ ਵੀ ਨਾ ਹੱਲੇ!
ਜਦੋਂ ਤੱਕ ਅਸੀਂ ਖ਼ੁਦ ਆਪਣੀਆਂ ਨਜ਼ਰਾਂ ਵਿਚ ਆਪ ਉੱਚੇ ਨਹੀਂ ਉਠਦੇ, ਉਦੋਂ ਤੱਕ ਅਸੀਂ ਆਪਣਾ ਜਾਂ ਸੰਸਾਰ ਦਾ ਕੁਝ ਨਹੀਂ ਸੰਵਾਰ ਸਕਦੇ। ਅਸੀਂ ਆਪ ਸੋਹਣੇ ਬਣਕੇ ਹੀ ਆਲੇ ਦੁਆਲੇ ਨੂੰ ਖੂਬਸੂਰਤ ਬਣਾ ਸਕਦੇ ਹਾਂ।
ਅਖੀਰ ਨੂੰ ਤਾਂ ਸਾਡੀ ਰੂਹ ਕੁਦਰਤ ਵਿੱਚ, ਸਾਡਾ ਸਰੀਰ ਮਿੱਟੀ ਕੋਲ ਅਤੇ ਸਾਡੀ ਜਾਇਦਾਦ ਪਰਿਵਾਰਕ ਰਿਸ਼ਤਿਆਂ ਕੋਲ ਚਲੀ ਜਾਣੀ ਹੈ। ਇਹ ਹਰ ਮਨੁੱਖ ਦੀ ਹੋਣੀ ਹੈ।
ਪਰ ਜਿਉਂਦੇ ਜੀਅ ਮਨਮੋਹਕ ਮਿਲਣੀਆਂ ਸਾਡੇ ਲਈ ਅਮਿੱਟ ਯਾਦਾਂ ਨੂੰ ਜਨਮ ਦਿੰਦੀਆਂ ਹਨ, ਜੋ ਸਾਨੂੰ ਪੱਤਝੜ ਦੀਆਂ ਧੁੰਦਾਂ, ਸਿਆਲ਼ ਦੀਆਂ ਉਦਾਸ ਰਾਤਾਂ ਵਿੱਚ ਵੀ ਜੀਵਨ ਦਾ ਖੂਬਸੂਰਤ ਸਾਹਸ ਤੇ ਉਤਸ਼ਾਹ ਦਿੰਦੀਆਂ ਹਨ। ਮੁਹੱਬਤ ਵਿੱਚ ਗੜੁੱਚ ਲੋਕਾਂ ਦੇ ਚਿਹਰੇ ਸਿਰਫ਼ ‘ਜੀ ਆਇਆਂ ਨੂੰ’ ਹੀ ਕਹਿਣਾ ਜਾਣਦੇ ਹਨ, ਅਲਵਿਦਾ ਨਹੀਂ। ਸਦਾ ਸਵਾਗਤ ਕਰਦੇ ਰਹਿਣਾ, ਉਸਾਰੂ ਬਿਰਤੀ ਦਾ ਪਹਿਲਾ ਅਸੂਲ ਹੈ।
ਹਰਫੂਲ ਸਿੰਘ ਭੁੱਲਰ
ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly