(ਸਮਾਜ ਵੀਕਲੀ)- ਪ੍ਰਵਾਸ ਸਦੀਆਂ ਤੋਂ ਹੁੰਦਾ ਆਇਆ ਹੈ।ਰੋਜ਼ੀ ਰੋਟੀ ਖਾਤਰ,ਘਰ, ਪਿੰਡ,ਰਾਜ ਜਾਂ ਦੇਸ਼ ਵੀ ਛੱਡਿਆ ਜਾਂਦਾ ਹੈ।ਪਾਪੀ ਪੇਟ ਬਹੁਤ ਕੁੱਝ ਕਰਵਾ ਦਿੰਦਾ ਹੈ।ਪਰ ਹਰ ਚੀਜ਼ ਜੇਕਰ ਜ਼ਾਬਤੇ ਵਿੱਚ ਹੋਏ ਤਾਂ ਸਹੀ ਰਹਿੰਦੀ ਹੈ।ਪਰ ਜਦੋਂ ਬੇਤਰੀਬੀ ਅਤੇ ਬੇਤਹਾਸ਼ਾ ਹੋਣ ਲੱਗੇ ਤਾਂ ਤਬਾਹੀ ਤੇ ਬਰਬਾਦੀ ਹੁੰਦੀ ਹੈ।ਪਾਣੀ ਦੋ ਬੰਨ੍ਹ ਵਿੱਚ ਵੱਡੇ ਤਾਂ ਫਾਇਦੇਮੰਦ ਹੁੰਦਾ ਹੈ,ਬੰਨ੍ਹ ਤੋੜ ਕੇ ਬਾਹਰ ਆ ਜਾਵੇ ਤਾਂ ਹੜ੍ਹ,ਪੂਰੀ ਤਬਾਹੀ। ਇੰਜ ਹੀ ਵਿਦੇਸ਼ ਜਾਣ ਦਾ ਰੁਝਾਨ ਵੀ ਦਹਾਕਿਆਂ ਤੋਂ ਚੱਲ ਰਿਹਾ ਸੀ।ਪਰ ਜਿਵੇਂ ਦਾ ਹੁਣ ਵਿਦੇਸ਼ਾਂ ਨੂੰ ਜਾਣ ਦਾ ਰੁਝਾਨ ਹੈ,ਇਹ ਤਾਂ ਬਹੁਤ ਕੁੱਝ ਸਾਡਾ ਖੋਹ ਰਿਹਾ ਹੈ।
ਕੁੱਝ ਵੀਡੀਓ ਸੋਸ਼ਲ ਮੀਡੀਆ ਤੇ ਵੇਖੀਆਂ ਅਤੇ ਅਸੀਂ ਆਪ ਵੀ ਹਾਲਾਤ ਵੇਖ ਰਹੇ ਹਾਂ ਕਿ ਘਰਾਂ ਨੂੰ ਜਿੰਦਰੇ ਲੱਗੇ ਹੋਏ ਹਨ।ਪਹਿਲਾਂ ਇਹ ਹਾਲਾਤ ਦੁਆਬੇ ਦੇ ਸਨ।ਪਰ ਹੁਣ ਇਹ ਹਾਲਾਤ ਸਾਰੇ ਪੰਜਾਬ ਦੇ ਹਨ। ਸੰਨ 1997 ਵਿੱਚ ਆਦਮਪੁਰ ਏਅਰਫੋਰਰਸ ਸਟੇਸ਼ਨ ਤੇ ਮੇਰੇ ਪਤੀ ਦੀ ਪੋਸਟਿੰਗ ਸੀ।ਸਾਡੇ ਘਰਾਂ ਨਾਲ ਬਣੇ ਸਰਵੈਂਟ ਕਵਾਟਰਾਂ ਵਿੱਚ ਕੰਮ ਕਰਨ ਵਾਲੇ ਨਹੀਂ ਸਨ ਅਤੇ ਨਾ ਹੀ ਕੋਈ ਆਕੇ ਰਹਿਣਾ ਚਾਹੁੰਦਾ ਸੀ।ਵੱਡੀਆਂ ਵੱਡੀਆਂ ਕੋਠੀਆਂ ਬਣੀਆਂ ਹੋਈਆਂ ਹਨ,ਪਰ ਕੋਠੀਆਂ ਵਾਲੇ ਸਾਰੇ ਵਿਦੇਸ਼ ਗਏ ਹੋਏ ਹਨ ਜਾਂ ਬਜ਼ਰਗ ਮਾਪੇ ਰਹਿੰਦੇ ਹਨ।ਖਾਲੀ ਘਰਾਂ ਦੀ ਦੇਖਭਾਲ ਕਰਨ ਅਤੇ ਉੱਥੇ ਰਹਿਣ ਦੇ ਖੁਲ੍ਹੇ ਪੈਸੇ ਮਿਲਦੇ ਸਨ।ਹੁਣ ਇਵੇਂ ਦੀ ਹਾਲਤ ਪੂਰੇ ਪੰਜਾਬ ਦੀ ਹੈ।ਬਜ਼ੁਰਗ ਜਿਹੜੇ ਇੱਥੇ ਹਨ,ਉਨ੍ਹਾਂ ਦੀਆਂ ਗੱਲਾਂ ਸੁਣਕੇ ਬਹੁਤ ਔਖਾ ਲੱਗਦਾ ਹੈ।ਪਿੰਡਾਂ ਵਿੱਚ ਸੱਚੀ ਕਿਸੇ ਕਿਸੇ ਘਰ ਵਿੱਚ ਬੱਚੇ ਹਨ।ਜਦੋਂ ਬਜ਼ੁਰਗ ਇਹ ਕਹਿੰਦੇ ਹਨ ਕਿ ਸਾਡੀਆਂ ਤਾਂ ਅਰਥੀਆਂ ਨੂੰ ਚੁੱਕਣ ਲਈ ਵੀ ਕੋਈ ਨਹੀਂ। ਇਹ ਪੰਜਾਬ ਦਾ ਕੌੜਾ ਸੱਚ ਹੈ।
ਸਾਡੇ ਸਿਸਟਮ ਵਿੱਚ ਇੰਨਾ ਨਿਘਾਰ ਆ ਗਿਆ ਕਿ ਹੁਣ ਇੱਥੇ ਨਾ ਮਾਪੇ ਔਲਾਦ ਨੂੰ ਰੱਖਣਾ ਚਾਹੁੰਦੇ ਹਨ ਅਤੇ ਨਾ ਨੌਜਵਾਨ ਪੀੜ੍ਹੀ ਰਹਿਣਾ ਚਾਹੁੰਦੀ ਹੈ।ਅਸੀਂ ਸਰਕਾਰਾਂ ਚੁਣਨ ਵੇਲੇ ਆਪ ਵੀ ਗਲਤੀਆਂ ਕੀਤੀਆਂ,ਜੋ ਹੁਣ ਅਸੀਂ ਭੁਗਤ ਰਹੇ ਹਾਂ। ਸਿੱਖਿਆ ਦਾ ਪੱਧਰ ਬਹੁਤ ਹੇਠਾਂ ਚਲਾ ਗਿਆ। ਨੌਕਰੀਆਂ ਮਿਲਦੀਆਂ ਨਹੀਂ।ਇਕ ਹੋਰ ਸਮੱਸਿਆ ਵੀ ਹੈ ਕਿ ਇੱਥੇ ਕੀਤੇ ਕੰਮ ਦੀ ਪੂਰੀ ਤਨਖਾਹ ਨਹੀਂ ਮਿਲਦੀ।ਮਿਹਨਤ ਕਰਨ ਤੋਂ ਵਧੇਰੇ ਕਰਕੇ ਪੰਜਾਬੀ ਡਰਦੇ ਨਹੀਂ। ਪਰ ਜ਼ਿਆਦਤੀ ਵੀ ਨਹੀਂ ਸਹਾਰਦੇ।ਖੈਰ,ਨੌਜਵਾਨ ਪੀੜ੍ਹੀ ਦਾ ਬਾਹਰਵੀਂ ਤੋਂ ਬਾਅਦ ਧੜਾ ਧੜ ਵਿਦੇਸ਼ਾਂ ਨੂੰ ਜਾਣਾ ਖਤਰੇ ਦੀ ਘੰਟੀ ਹੈ।ਨੌਜਵਾਨੀ ਵੀ ਜਾ ਰਹੀ ਹੈ ਅਤੇ ਪੈਸਾ ਵੀ ਵਿਦੇਸ਼ਾਂ ਵਿੱਚ ਫੀਸਾਂ ਦੇ ਰੂਪ ਵਿੱਚ ਜਾ ਰਿਹਾ ਹੈ।ਕੋਈ ਵੀ ਵਾਪਸ ਇਸ ਗੰਧਲੇ ਸਿਸਟਮ ਵਿੱਚ ਆਕੇ ਰਹਿਣਾ ਨਹੀਂ ਚਾਹੁੰਦਾ।ਜ਼ਮੀਨ ਅਤੇ ਘਰਾਂ,ਕੋਠੀਆਂ ਤੇ ਹੋ ਰਹੇ ਕਬਜ਼ਿਆਂ ਨੂੰ ਵੇਖਦੇ ਹੋਏ,ਲੋਕਾਂ ਨੇ ਜਾਇਦਾਦਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸਦਾ ਮਤਲਬ ਹੈ ਕਿ ਉਹ ਲੋਕ ਦੁਬਾਰਾ ਪੰਜਾਬ ਵਿੱਚ ਨਹੀਂ ਆਉਣਗੇ।ਬਜ਼ੁਰਗਾਂ ਨੂੰ ਇਕੱਲਿਆਂ ਵੇਖਕੇ ਲੁੱਟਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਕਈ ਵਾਰ ਕਤਲ ਵੀ ਕਰ ਜਾਂਦੇ ਹਨ।ਸਵਾਲ ਤਾਂ ਇਹ ਹੈ ਕਿ ਜੇਕਰ ਇਵੇਂ ਹੀ ਲੋਕ ਵਿਦੇਸ਼ਾਂ ਨੂੰ ਜਾਂਦੇ ਰਹੇ ਅਤੇ ਇਕ ਬਜ਼ੁਰਗਾਂ ਦੀ ਪੀੜ੍ਹੀ ਖਤਮ ਹੋ ਗਈ ਤਾਂ ਪੰਜਾਬ ਦੀ ਹੋਂਦ ਕਿਵੇਂ ਦੀ ਹੋਏਗੀ।ਮੂਲ ਜੜ੍ਹ ਰਿਸ਼ਵਤ ਅਤੇ ਭ੍ਰਿਸ਼ਟਾਚਾਰ ਹੈ।ਹਰ ਸਮੱਸਿਆ ਦੀ ਜਨਨੀ ਰਿਸ਼ਵਤ ਅਤੇ ਭ੍ਰਿਸ਼ਟਾਚਾਰ ਹੈ।
ਵਿਦੇਸ਼ਾਂ ਨੂੰ ਜਾਣ ਵਿੱਚ ਕੋਈ ਬੁਰਾਈ ਨਹੀਂ ਹੈ ਪਰ ਇੰਜ ਪੰਜਾਬ ਖਾਲੀ ਹੋਣ ਵਾਲੀ ਹਾਲਤ ਬਣੇ ਅਤੇ ਉਸਤੋਂ ਅੱਗੇ ਜਾਇਦਾਦਾਂ ਦਾ ਵੇਚਣਾ ਬੇਹੱਦ ਖਤਰਨਾਕ ਹੈ।ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਿਸਟਮ ਦਰੁੱਸਤ ਰੱਖੇ ਅਤੇ ਰਿਸ਼ਵਤਖੋਰਾਂ ਨੂੰ ਨੱਥ ਪਾਏ।ਪਰ ਪਿੱਛਲੇ ਕੁੱਝ ਦਹਾਕਿਆਂ ਤੋਂ ਸਾਰਾ ਕੁੱਝ ਬੇਲੁਗਮ ਹੋ ਗਿਆ ਹੈ।ਜੇਕਰ ਵਿਦੇਸ਼ਾਂ ਵਿੱਚ ਕਮਾਈ ਕਰਕੇ ਇੱਥੇ ਜਾਇਦਾਦ ਖਰੀਦਦੇ ਹਨ,ਵਾਰ ਵਾਰ ਪੰਜਾਬ ਆਉਂਦੇ ਹਨ ਤਾਂ ਆਰਥਿਕਤਾ ਨੂੰ ਮਜ਼ਬੂਤ ਹੀ ਕਰਦੇ ਹਨ।ਵੈਸੇ ਵੀ ਮਾੜੇ ਵੇਲੇ ਬਥੇਰਾ ਪੈਸਾ ਪੰਜਾਬ ਦੀ ਮਦਦ ਲਈ ਭੇਜ ਦਿੰਦੇ ਹਨ।ਪਰ ਜਦੋਂ ਪਿੱਛੇ ਪਰਿਵਾਰ ਹੀ ਨਾ ਰਹੇ,ਜਾਇਦਾਦ ਹੀ ਨਾ ਰਹੀ ਤਾਂ ਪੰਜਾਬ ਵੱਲ ਧਿਆਨ ਘੱਟਣਾ ਵੀ ਸੁਭਾਵਿਕ ਹੈ।ਸਿਆਸਤਦਾਨਾਂ ਨੂੰ ਸਿੱਧੇ ਅਸਿੱਧੇ ਤਰੀਕਿਆਂ ਨਾਲ ਵੀ ਮਦਦ ਕਰਦੇ ਹਨ।ਜੇਕਰ ਇਵੇਂ ਦਾ ਸਹਿਯੋਗ ਚਾਹੀਦਾ ਹੈ ਵਿਦੇਸ਼ਾਂ ਵਿੱਚ ਰਹਿੰਦਿਆਂ ਦਾ ਤਾਂ ਪੰਜਾਬ ਦੇ ਹਾਲਾਤ ਸਹੀ ਕਰਨੇ ਪੈਣਗੇ।ਸਿੱਖਿਆ ਦਾ ਸਤਰ ਮਿਆਰੀ ਕਰਨਾ ਚਾਹੀਦਾ ਹੈ। ਨੌਜਵਾਨਾਂ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ। ਰਿਸ਼ਵਤ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣੀ ਚਾਹੀਦੀ ਹੈ।ਦਫਤਰਾਂ ਵਿੱਚ ਹੋ ਰਹੀ ਖੱਜਲ ਖੁਆਰੀ ਅਤੇ ਲੁੱਟ ਬੰਦ ਹੋਣੀ ਚਾਹੀਦੀ ਹੈ।ਲੋਕਾਂ ਦੇ ਜਾਨ ਮਾਲ ਸੁਰੱਖਿਅਤ ਹੋਣੇ ਚਾਹੀਦੇ ਹਨ।ਸਿਆਸਤਦਾਨਾਂ ਨੂੰ ਇਸ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ। ਜਿਵੇਂ ਦੇ ਹਾਲਾਤ ਇਸ ਵੇਲੇ ਪੰਜਾਬ ਦੇ ਹਨ ਅਤੇ ਨੌਜਵਾਨਾਂ ਦਾ ਰੁਝਾਨ ਵਿਦੇਸ਼ਾਂ ਵੱਲ ਵਧੇਰੇ ਹੈ,ਪੰਜਾਬ ਲਈ ਤੇ ਲੋਕਾਂ ਲਈ ਖਤਰੇ ਦੀ ਘੰਟੀ ਹੈ।
ਪ੍ਰਭਜੋਤ ਕੌਰ ਢਿੱਲੋਂ ਮੁਹਾਲੀ
ਮੋਬਾਈਲ ਨੰਬਰ ਮੋਬਾਈਲ 9815030221
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly