” ਵਿੱਦਿਆ ਦੀ ਦੇਵੀ ਉਰਫ਼ ਸਵਿੱਤਰੀ ਬਾਈ ਫੂਲੇ “

10 ਮਾਰਚ ਸਿੱਖਿਆ ਖੇਤਰ ਵਿੱਚ ਯੋਗਦਾਨ ਪਾਉਣ ਵਾਲੀ ਮਹਿਲਾ ਸਵਿੱਤਰੀ ਬਾਈ ਫੂਲੇ ਜੀ ਦੀ ਬਰਸੀ ਤੇ ਵਿਸ਼ੇਸ਼
(ਸਮਾਜ ਵੀਕਲੀ)  ਭਾਰਤੀ ਇਤਿਹਾਸ ਵਿੱਚ ਬਹੁਤ ਸਾਰੇ ਅਜਿਹੇ ਸੱਚ ਦੱਬੇ ਪਏ ਹਨ, ਜਿਨ੍ਹਾਂ ਨੇ ਦੱਬੇ-ਕੁਚਲੇ ਲੋਕਾਂ ਅਤੇ ਔਰਤਾਂ ਨੂੰ, ਜਿਉਣ ਯੋਗ ਬਣਾਉਣ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ। ਭਾਰਤ ਦੀ ਅੱਸੀ ਫੀਸਦੀ ਆਬਾਦੀ ਅਤੇ ਔਰਤ ਵਰਗ ਨੇ ਸਦੀਆਂ ਤੋਂ ਹੀ ਭੇਦਭਾਵ, ਛੂਆਛਾਤ ਅਤੇ ਗੁਲਾਮੀ ਦਾ ਸੰਤਾਪ ਹੰਢਾਇਆ ਹੈ। ਇਸ ਸੰਤਾਪ ਨੂੰ ਝੱਲਦਿਆਂ ਹੋਇਆਂ ਬਹੁਤ ਸਾਰੀਆਂ ਮਰਦ ਸ਼ਖ਼ਸੀਅਤਾਂ ਅਤੇ ਕੁਝ ਔਰਤਾਂ ਨੇ ਬੜੀ ਦਲੇਰੀ ਨਾਲ ਅਗਾਊਂ ਕਦਮ ਚੁੱਕਦਿਆਂ ਬਰਾਬਰ ਖੜ੍ਹਨ ਦੇ ਯੋਗ ਹੋਣ ਲਈ ਦੇਸ਼ ਨੂੰ ਮੌਕੇ ਪ੍ਰਦਾਨ ਕਰਨ ਦਾ ਪਲੇਟਫਾਰਮ ਦਿੱਤਾ। ਇਨ੍ਹਾਂ ’ਚੋਂ ਹੀ ਇੱਕ ਮਹਾਨ ਔਰਤ ਸਵਿੱਤਰੀ ਬਾਈ ਫੂਲੇ ਸਨ, ਜਿਨ੍ਹਾਂ ਨੂੰ ਭਾਰਤ ਦੇਸ਼ ਦੀ ਪਹਿਲੀ ਅਧਿਆਪਕਾ ਹੋਣ ਦਾ ਖ਼ਿਤਾਬ ਵੀ ਹਾਸਿਲ ਹੈ ਸਵਿੱਤਰੀ ਬਾਈ ਫੂਲੇ ਨੂੰ ਵਿਦਿਆ ਦੀ ਦੇਵੀ ਕਹਿਣਾ ਕੋਈ ਗਲਤ ਨਹੀਂ ਹੋਵੇਗਾ ਕਿਉਂਕਿ ਉਨ੍ਹਾਂ ਨੇ ਸਿੱਖਿਆ ਦਾ ਪ੍ਰਸਾਰ ਅਤੇ ਪ੍ਰਚਾਰ ਉਸ ਸਦੀ ਚ ਕਰਨ ਦੀ ਦਲੇਰੀ ਕੀਤੀ ਜਦੋਂ ਵਰਣ ਵਿਵਸਥਾ ਦੇ ਚਲਦਿਆਂ ਉਚ ਨੀਚ, ਜ਼ਾਤ ਪਾਤ, ਅਤੇ ਲਿੰਗ ਭੇਦ ਭਾਵ ਆਪਣੀ ਪੂਰੀ ਚਰਮ ਸੀਮਾ ਤੇ ਸੀ। ਔਰਤਾਂ ਅਤੇ ਵਰਣ ਵਿਵਸਥਾ ਵਿਚ ਹਾਸ਼ੀਏ ਤੇ ਰੱਖੇ ਗਏ ਲੋਕਾਂ ਨੂੰ ਪੜਨ ਲਿਖਣ ਤਾਂ ਦੂਰ ਦੀ ਗੱਲ ਉਨ੍ਹਾਂ ਨੂੰ ਬੋਲਣ ਅਤੇ ਸੁਣਨ ਦੀ ਅਜਾਦੀ ਤੋਂ ਵੀ ਵਾਂਝਾ ਰੱਖਿਆ ਗਿਆ ਸੀ ਇਹੋ ਜਿਹੇ ਸਮੇਂ ਇਹੋ ਜਿਹੇ ਲੋਕਾਂ ਨੂੰ ਸਿਖਿਅਤ ਕਰਨਾ ਕੋਈ ਆਸਾਨ ਕੰਮ ਨਹੀਂ ਸੀ ਪਰ ਸਵਿੱਤਰੀ ਬਾਈ ਫੂਲੇ ਨੇ ਇਸ ਸਦੀ ਵਿੱਚ ਔਰਤਾ, ਦਲਿਤਾਂ ਅਤੇ ਦਬੇ ਕੁਚਲੇ ਸਮਾਜ ਲਈ ਸਿਖਿਆ ਦੇ ਖੇਤਰ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਇਹ ਉਹ ਦੌਰ ਸੀ ਜਦੋਂ ਔਰਤਾ ਅਤੇ ਦਬੇ ਕੁਚਲੇ ਲੋਕਾਂ ਨੂੰ ਪੜਨ ਲਿਖਣ ਦਾ ਅਧਿਕਾਰ ਨਹੀਂ ਸੀ। ਧਾਰਮਿਕ ਅੰਧਵਿਸ਼ਵਾਸ, ਰੂੜੀਵਾਦੀ, ਛੂਆਛਾਤ, ਦਲਿਤਾਂ ਅਤੇ ਇਸਤਰੀਆਂ ਉੱਤੇ ਮਾਨਸਿਕ ਅਤੇ ਸਰੀਰਕ ਜ਼ੁਲਮ ਆਪਣੀ ਸਿਖਰ ਤੇ ਸਨ। ਬਾਲ-ਵਿਆਹ, ਸਤੀ ਪ੍ਰਥਾ, ਲੜਕੀਆਂ ਨੂੰ ਜੰਮਦੇ ਹੀ ਮਾਰ ਦੇਣਾ, ਵਿਧਵਾ ਇਸਤਰੀ ਦੇ ਨਾਲ ਗੈਰ ਮਨੁੱਖੀ ਸਲੂਕ, ਬੇਮੇਲ ਵਿਆਹ, ਬਹੁ ਪਤਨੀ ਵਿਆਹ ਆਦਿ ਪ੍ਰਥਾਵਾਂ ਜੋਰਾਂ ਤੇ ਸਨ। ਸਮਾਜ ਵਿੱਚ ਜਾਤੀਵਾਦ ਦਾ ਬੋਲਬਾਲਾ ਸੀ। ਅਜਿਹੇ ਸਮੇਂ ਸਾਵਿਤਰੀ ਬਾਈ ਫੁਲੇ ਅਤੇ ਉਨ੍ਹਾਂ ਦੇ ਹਮਸਫਰ ਜੋਤੀਬਾਫੁਲੇ ਦਾ ਇਸ ਦੁਰਾਚਾਰੀ ਸਮਾਜ ਅਤੇ ਉਸਦੇ ਅਤਿਆਚਾਰਾਂ ਦੇ ਖਿਲਾਫ ਖੜੇ ਹੋ ਜਾਣਾ ਵੱਡੀ ਕ੍ਰਾਂਤੀ ਦੇ ਸਮਾਨ ਸੀ। ਉਹ ਸਕੂਲ ਜਾਂਦੀ ਸੀ, ਤਾਂ ਰੂੜੀਵਾਦੀ ਸੋਚ ਦੇ ਲੋਕ ਪੱਥਰ ਮਾਰਦੇ ਸਨ ਉਸ ਉੱਤੇ ਗੰਦਗੀ ਸੁੱਟ ਦਿੰਦੇ ਸਨ। ਅੱਜ ਤੋਂ ਲਗਪਗ 180 ਸਾਲ ਪਹਿਲਾਂ ਜਦੋਂ ਕੁੜੀਆਂ ਲਈ ਸਕੂਲ ਜਾਣਾ ਅਤੇ ਸਕੂਲ ਖੋਲ੍ਹਣਾ ਪਾਪ ਦਾ ਕੰਮ ਮੰਨਿਆ ਜਾਂਦਾ ਸੀ ਉਸ ਸਮੇਂ ਸਵੀਤਰੀ ਬਾਈ ਨੇ ਦੇਸ਼ ਵਿੱਚ ਇੱਕ ਇਕੱਲਾ ਸਕੂਲ ਖੋਲਕੇ ਰੂੜੀਵਾਦੀ ਅਤੇ ਭੇਦਭਾਵ ਵਾਲੀ ਸੋਚ ਨਾਲ ਮੱਥਾ ਲਾਉਣ ਦੀ ਜੁਅਰਤ ਕੀਤੀ ਸੀ। ਇਸ ਮਹਾਨ ਔਰਤ ਦਾ ਜਨਮ 3 ਜਨਵਰੀ 1831 ਨੂੰ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਖੰਦੋਜੀ ਨੇਵਸੇ ਅਤੇ ਮਾਤਾ ਦਾ ਨਾਮ ਲਕਸ਼ਮੀ ਸੀ। ਸਿਰਫ ਨੌ ਸਾਲ ਦੀ ਉਮਰ ਵਿੱਚ ਸਾਵਿਤਰੀ ਬਾਈ ਫੂਲੇ ਦਾ ਵਿਆਹ 1840 ਵਿੱਚ ਤੇਰਾਂ ਸਾਲਾ ਜੋਤੀਬਾ ਫੂਲੇ ਨਾਲ ਹੋ ਗਿਆ ਸੀ। 1 ਜਨਵਰੀ 1848 ਤੋਂ ਲੈਕੇ 15 ਮਾਰਚ 1852 ਦੇ ਦੌਰਾਨ ਸਾਵਿਤਰੀ ਬਾਈ ਫੁਲੇ ਨੇ ਆਪਣੇ ਪਤੀ ਨਾਲ ਮਿਲ ਕੇ ਲਗਾਤਾਰ ਇੱਕ ਦੇ ਬਾਅਦ ਇੱਕ ਬਿਨਾਂ ਕਿਸੇ ਆਰਥਕ ਮਦਦ ਅਤੇ ਸਹਾਰੇ ਦੇ ਕੁੜੀਆਂ ਲਈ 18 ਸਕੂਲ ਖੋਲ ਦਿੱਤੇ ਸਨ। ਆਪਣੀ ਅਧਿਆਪਕਾ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਸਾਵਿਤਰੀ ਬਾਈ ਫੂਲੇ ਨੇ ਪੁਣੇ ਦੇ ਮਹਾਰਵਾੜਾ ਵਿਖੇ ਲੜਕੀਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਸਾਵਿਤਰੀ ਬਾਈ ਅਤੇ ਜੋਤੀਰਾਓ ਫੂਲੇ ਪੁਣੇ ਵਿੱਚ ਲੜਕੀਆਂ ਲਈ ਤਿੰਨ ਵੱਖ-ਵੱਖ ਸਕੂਲ ਚਲਾ ਰਹੇ ਸਨ। ਸੰਯੁਕਤ ਰੂਪ ਤੋਂ, ਤਿੰਨਾਂ ਸਕੂਲਾਂ ਵਿੱਚ ਲਗਭਗ ਡੇਢ ਸੌ ਵਿਦਿਆਰਥੀ ਦਾਖਲ ਹੋਏ ਸਨ। ਪਾਠਕ੍ਰਮ ਦੀ ਤਰ੍ਹਾਂ, ਤਿੰਨਾਂ ਸਕੂਲਾਂ ਦੁਆਰਾ ਨਿਯੁਕਤ ਅਧਿਆਪਨ ਦੇ ਢੰਗ ਸਰਕਾਰੀ ਸਕੂਲਾਂ ਵਿੱਚ ਵਰਤੇ ਜਾਂਦੇ ਢੰਗਾਂ ਨਾਲੋਂ ਵੱਖਰੇ ਸਨ। ਲੇਖਿਕਾ, ਦਿਵਿਆ ਕੰਦੁਕੁਰੀ ਦਾ ਮੰਨਣਾ ਹੈ ਕਿ ਫੂਲੇ ਦੀ ਸਿਖਿਆ ਦੇਣ ਦੇ ਤਰੀਕੇ ਨੂੰ ਸਰਕਾਰੀ ਸਕੂਲਾਂ ਦੁਆਰਾ ਵਰਤੇ ਜਾਣ ਵਾਲੇ ਤਰੀਕਿਆਂ ਨਾਲੋਂ ਉੱਤਮ ਮੰਨਿਆ ਜਾਂਦਾ ਸੀ। ਇਸ ਪ੍ਰਤਿਸ਼ਠਾ ਦੇ ਸਿੱਟੇ ਵਜੋਂ, ਫੂਲੇ ਦੇ ਸਕੂਲਾਂ ਵਿੱਚ ਆਪਣੀ ਸਿੱਖਿਆ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਦੀ ਗਿਣਤੀ ਸਰਕਾਰੀ ਸਕੂਲਾਂ ਵਿੱਚ ਦਾਖਲ ਲੜਕਿਆਂ ਦੀ ਗਿਣਤੀ ਨਾਲੋਂ ਜ਼ਿਆਦਾ ਸੀ। ਬਦਕਿਸਮਤੀ ਨਾਲ, ਸਾਵਿਤਰੀ ਬਾਈ ਅਤੇ ਜੋਤੀਰਾਓ ਫੂਲੇ ਦੀ ਸਫਲਤਾ ਨੂੰ ਰੂੜੀਵਾਦੀ ਅਤੇ ਜਾਤੀਵਾਦੀ ਵਿਚਾਰਾਂ ਵਾਲੇ ਸਥਾਨਕ ਭਾਈਚਾਰੇ ਦੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕੰਦੁਕੁਰੀ ਕਹਿੰਦੀ ਹੈ ਕਿ ਸਾਵਿਤਰੀ ਬਾਈ ਅਕਸਰ ਇੱਕ ਵਾਧੂ ਸਾੜੀ ਲੈਕੇ ਆਪਣੇ ਸਕੂਲ ਜਾਂਦੀ ਸੀ ਕਿਉਂਕਿ ਉਸ ਨੂੰ ਉਸ ਦੇ ਰੂੜੀਵਾਦੀ ਵਿਰੋਧ ਦੁਆਰਾ ਪੱਥਰਾਂ, ਗੋਬਰ ਅਤੇ ਜ਼ੁਬਾਨੀ ਦੁਰਵਿਹਾਰ ਨਾਲ ਕੁੱਟਿਆ ਜਾਂਦਾ ਸੀ। ਫੂਲੇ ਨੂੰ ਉਸ ਵੇਲੇ ਰੂੜੀਵਾਦੀ ਅਤੇ ਪ੍ਰਮੁੱਖ ਜਾਤੀਆਂ ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਹ ਇੱਕ ਦੱਬੀ ਜਾਤੀ ਨਾਲ ਸੰਬੰਧਤ ਸਨ। ਔਰਤਾ ਅਤੇ ਸੂਦਰ ਜਾਤੀਆਂ ਨੂੰ ਹਜ਼ਾਰਾਂ ਸਾਲਾਂ ਤੋਂ ਸਿੱਖਿਆ ਤੋਂ ਵਾਂਝਾ ਰੱਖਿਆ ਗਿਆ ਸੀ। ਇਹ ਹੰਗਾਮਾ ਹਮੇਸ਼ਾਂ ਉੱਚੀਆਂ ਜਾਤੀਆਂ ਦੁਆਰਾ ਉਕਸਾਇਆ ਜਾਂਦਾ ਸੀ। 1849 ਤੱਕ, ਸਾਵਿਤਰੀ ਬਾਈ ਅਤੇ ਜਿਓਤੀ ਰਾਓ ਫੂਲੇ ਆਪਣੇ ਪਿਤਾ ਦੇ ਘਰ ਰਹੇ। ਹਾਲਾਂਕਿ, 1849 ਵਿੱਚ, ਜੋਤੀ ਰਾਓ ਦੇ ਪਿਤਾ ਨੇ ਜੋੜੇ ਨੂੰ ਆਪਣਾ ਘਰ ਛੱਡਣ ਲਈ ਕਿਹਾ ਕਿਉਂਕਿ ਉਨ੍ਹਾਂ ਦੇ ਸਿਖਿਆ ਦੇਣ ਵਾਲੇ ਕੰਮ ਨੂੰ ਵਰਣ ਵਿਵਸਥਾ ਅਨੁਸਾਰ ਇੱਕ ਪਾਪ ਮੰਨਿਆ ਗਿਆ ਸੀ। ਜੋਤੀ ਰਾਓ ਦੇ ਪਿਤਾ ਦੇ ਘਰ ਤੋਂ ਬਾਹਰ ਜਾਣ ਤੋਂ ਬਾਅਦ, ਜੋਤੀ ਰਾਓ ਫੂਲੇ ਆਪਣੇ ਇੱਕ ਦੋਸਤ, ਉਸਮਾਨ ਸ਼ੇਖ ਦੇ ਘਰ ਚਲੇ ਗਏ। ਉੱਥੇ ਹੀ ਸਾਵਿਤਰੀ ਬਾਈ ਨੇ ਛੇਤੀ ਹੀ ਫਾਤਿਮਾ ਬੇਗਮ ਸ਼ੇਖ ਨਾਂ ਦੀ ਕਰੀਬੀ ਦੋਸਤ ਅਤੇ ਸਹਿਯੋਗੀ ਨਾਲ ਮਿਲਕੇ ਆਪਣਾ ਸਿਖਿਆ ਦਾ ਮਿਸ਼ਨ ਸ਼ੁਰੂ ਕਰ ਦਿੱਤਾ ਸੀ। ਸ਼ੇਖ ਬਾਰੇ ਇੱਕ ਪ੍ਰਮੁੱਖ ਵਿਦਵਾਨ ਨਸਰੀਨ ਸਈਅਦ ਦਾ ਕਹਿਣਾ ਹੈ ਕਿ, “ਫਾਤਿਮਾ ਸ਼ੇਖ ਪਹਿਲਾਂ ਹੀ ਪੜ੍ਹਨਾ ਅਤੇ ਲਿਖਣਾ ਜਾਣਦੀ ਸੀ, ਉਸ ਦੇ ਭਰਾ ਉਸਮਾਨ ਜੋਤੀਬਾ ਦੇ ਦੋਸਤ ਸਨ, ਨੇ ਫਾਤਿਮਾ ਨੂੰ ਅਧਿਆਪਕ ਸਿਖਲਾਈ ਕੋਰਸ ਕਰਨ ਲਈ ਉਤਸ਼ਾਹਿਤ ਕੀਤਾ ਸੀ। ਫਾਤਿਮਾ ਸ਼ੇਖ ਭਾਰਤ ਦੀ ਪਹਿਲੀ ਮੁਸਲਿਮ ਮਹਿਲਾ ਅਧਿਆਪਕ ਵਜੋਂ ਵੀ ਜਾਣੀ ਜਾਂਦੀ ਹੈ ਸਾਵਿਤਰੀ ਬਾਈ ਨੇ 1849 ਵਿੱਚ ਸ਼ੇਖ ਦੇ ਘਰ ਇੱਕ ਸਕੂਲ ਵੀ ਖੋਲ੍ਹਿਆ। ਇਥੇ ਹੀ ਇਨ੍ਹਾਂ ਦੋਨਾਂ ਮਹਿਲਾਵਾਂ ਨੇ ਦੇਸ਼ ਦੀ ਜ਼ਾਤੀ ਵਿਵਸਥਾ ਅਤੇ ਰੂੜੀਵਾਦੀ ਸੋਚ ਦੁਆਰਾ ਸਿਖਿਆ ਤੋਂ ਵਾਂਝੇ ਕੀਤੇ, ਔਰਤ ਅਤੇ ਦਲਿਤ ਵਰਗ ਨੂੰ ਸਿੱਖਿਆ ਦੇਣ ਦੀ ਦਲੇਰੀ ਕੀਤੀ।1850 ਦੇ ਦਹਾਕੇ ਵਿੱਚ, ਸਾਵਿਤਰੀ ਬਾਈ ਅਤੇ ਜੋਤੀ ਰਾਓ ਫੂਲੇ ਨੇ ਦੋ ਵਿਦਿਅਕ ਟਰੱਸਟਾਂ ਦੀ ਸਥਾਪਨਾ ਕੀਤੀ ਜਿਸ ਵਿੱਚ ਬਹੁਤ ਸਾਰੇ ਸਕੂਲਾਂ ਨੂੰ ਸ਼ਾਮਿਲ ਕੀਤਾ ਗਿਆ। ਆਪਣੇ ਪਤੀ ਨਾਲ ਮਿਲ ਕੇ, ਉਸਨੇ ਵੱਖ -ਵੱਖ ਜਾਤਾਂ ਦੇ ਬੱਚਿਆਂ ਅਤੇ ਔਰਤਾ ਨੂੰ ਪੜ੍ਹਾਇਆ ਅਤੇ ਕੁੱਲ 18 ਸਕੂਲ ਖੋਲ੍ਹੇ ,ਇਸ ਜੋੜੀ ਨੇ , “ਬਾਲ-ਹੱਤਿਆ ਰੋਕੂ ਘਰ” ਨਾਂ ਦਾ ਇੱਕ ਕੇਅਰ ਸੈਂਟਰ ਵੀ ਖੋਲ੍ਹਿਆ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਬਚਾਉਣ ਵਿੱਚ ਸਹਾਇਤਾ ਕੀਤੀ । ਮਾਰਚ 1897 ਵਿਚ ਸਵੀਤਰੀ ਬਾਈ ਫੂਲੇ ਪਲੇਗ ਗ੍ਰਸਤ ਹੋ ਗਈ ਅਤੇ 10 ਮਾਰਚ 1897 ਨੂੰ ਰਾਤ 9:00 ਵਜੇ ਉਨ੍ਹਾਂ ਦੀ ਮੌਤ ਹੋ ਗਈ । ਅੱਜ ਭਾਵੇਂ ਅਸੀਂ ਹਰ ਇੱਕ ਨੂੰ ਸਿੱਖਿਆ ਦੇਣ ਦੀ ਗੱਲ ਤਾਂ ਕਰ ਰਹੇ ਹਾਂ ਪਰ ਅਜ਼ਾਦੀ ਤੋਂ ਬਾਅਦ ਵੀ ਸਰਕਾਰਾ ਸਿਖਿਆ ਦੇ ਖੇਤਰ ਵਿਚ ਇਸ ਜੋੜੇ ਦੇ ਸੁਪਨੇ ਪੂਰੇ ਕਰਨ ਵਿੱਚ ਨਾਕਾਮ ਰਹੀਆ ਹਨ। ਅੱਜ ਬੇਸ਼ੱਕ ਦੇਸ਼ ਅਜ਼ਾਦ ਹੋਇਆ 78 ਸਾਲ ਬੀਤ ਚੁੱਕੇ ਹਨ ਪਰ ਗਰੀਬ ਬੱਚਿਆਂ ਨੂੰ ਅਸੀਂ ਇਹੋ ਜਿਹੀ ਮਿਆਰੀ ਸਿੱਖਿਆ ਦੇਣ ਵਿੱਚ ਸਫਲ ਨਹੀਂ ਹੋਏ ਜਿਸ ਨੂੰ ਗ੍ਰਹਿਣ ਕਰਨ ਤੋਂ ਬਾਅਦ ਉਹ ਰੁਜ਼ਗਾਰ ਲੈਣ ਦੇ ਕਾਬਿਲ ਹੋ ਸਕਣ। ਦੇਸ਼ ਵਿੱਚ ਅੱਜ ਵੀ ਉਚ ਸਿੱਖਿਆ ਗਰੀਬ ਅਤੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ । ਅੱਜ ਅਸੀਂ ਬੇਸ਼ੱਕ ਸਾਖਰਤਾ ਦੀ ਗੱਲ ਕਰਦੇ ਹਾਂ ਅਤੇ ਸਰਕਾਰਾ ਆਪਣੇ ਹਿਸਾਬ ਨਾਲ ਅੰਕੜੇ ਪੇਸ਼ ਕਰਕੇ ਸੁਰਖ਼ਰੂ ਹੋ ਜਾਂਦੀਆਂ ਹਨ ਪਰ ਅਸਲੀਅਤ ਇਹ ਹੈ ਕਿ ਅੱਜ ਵੀ ਬਹੁਤ ਸਾਰੇ ਪਛੜੇ ਦਿਹਾਤੀ ਖੇਤਰਾਂ ਅਤੇ ਝੁੱਗੀ ਝੌਂਪੜੀਆਂ ਵਿਚ ਰਹਿਣ ਵਾਲੇ ਬੱਚੇ ਕਿਸੇ ਹੋਰ ਸਵੀਤਰੀ ਬਾਈ ਫੂਲੇ ਦੀ ਉਡੀਕ ਕਰ ਰਹੇ ਹਨ। ਉਮੀਦ ਕਰਦੇ ਹਾਂ ਸਰਕਾਰਾ ਸਵੀਤਰੀ ਬਾਈ ਫੁਲੇ ਜੀ ਦੇ “ਮਿਸ਼ਨ ਸਿੱਖਿਆ” ਦੇ ਤਹਿਤ ਹਰ ਆਮ ਨਾਗਰਿਕ,ਔਰਤ ਅਤੇ ਗਰੀਬ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਉਪਰਾਲੇ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨਗੀਆਂ।
ਕੁਲਦੀਪ ਸਿੰਘ ਸਾਹਿਲ 
9417990040
ਸਿਰਨਾਵਾਂ:- # 16, ਏ ਫੋਕਲ ਪੁਆਇੰਟ ਰਾਜਪੁਰਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਲੋਹਟਬੱਦੀ ਵੱਲੋਂ ਲਿਖੀ ਕਿਤਾਬ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ ਤਰੁਣਪਰੀਤ ਸਿੰਘ ਨੂੰ ਭੇਂਟ ਕੀਤੀ ਗਈ।
Next articleਕੌਮਾਂਤਰੀ ਇਸਤਰੀ ਵਰ੍ਹੇ ਲਈ ਭੈਣਾਂ ਨੂੰ ਵਧਾਈ ਦੋਸਤੋ