*‘ਲਵ-ਜਿਹਾਦ ਵਿਰੋਧੀ ਕਨੂੰਨ’ : ਰਾਸ਼ਟਰੀ ਸਵੈ ਸੇਵਕ ਸੰਘ ਦਾ ਫਿਰਕੂ ਏਜੰਡਾ*

(ਸਮਾਜ ਵੀਕਲੀ)

2014 ਦੀਆਂ ਚੋਣਾਂ ਤੋਂ ਇੱਕ ਸਾਲ ਪਹਿਲਾਂ ਤੋਂ ਭਾਰਤ ਵਿੱਚ ‘ਲਵ ਜਿਹਾਦ’ ਸ਼ਬਦ ਦੀ ਵਰਤੋਂ ਵੱਡੇ ਪੱਧਰ ’ਤੇ ਹੋਣ ਲੱਗੀ ਹੈ। ‘ਲਵ ਜਿਹਾਦ’ ਨੂੰ ਇੱਕ ਖਤਰਨਾਕ ਵਰਤਾਰਾ ਬਣਾ ਕੇ ਪੇਸ਼ ਕਰਨ ਵਾਲ਼ਿਆਂ ’ਚ ਭਾਜਪਾ ਸਰਕਾਰ, ਕੱਟੜ ਹਿੰਦੂ ਜਥੇਬੰਦੀਆਂ ਜਿਵੇਂ ਕਿ ਬਜਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ, ਹਿੰਦੂ ਯੁਵਾ ਮੋਰਚਾ ਆਦਿ ਦੀ ਖਾਸ ਭੂਮਿਕਾ ਹੈ। ‘ਲਵ-ਜਿਹਾਦ’ ਇੱਕ ਸਿਆਸੀ ਵਿਚਾਰ ਦੇ ਰੂਪ ਵਿੱਚ ਸਭ ਤੋਂ ਪਹਿਲਾਂ ਕਰਨਾਟਕਾ ਦੇ ਇਲਾਕੇ ਦੱਖਣ ਕੰਨੜਾ ਵਿੱਚ ਸ਼ੁਰੂ ਹੋਇਆ। ਜਿਸਨੂੰ ਇਸ ਇਲਾਕੇ ਵਿੱਚ ਸਰਗਰਮ ਕੱਟੜ ਹਿੰਦੂਤਵੀ ਜਥੇਬੰਦੀ ‘ਹਿੰਦੂ ਜਨ-ਜਾਗਿਰਤੀ ਸਮਿਤੀ’ ਦੁਆਰਾ ਪ੍ਰਚਾਰਿਆ ਗਿਆ ਸੀ। ਇਸ ਤੋਂ ਬਾਅਦ ਇਸ ਫਿਰਕੂ ਵਿਚਾਰ ਨੂੰ ਸੰਘ-ਭਾਜਪਾ ਦੁਆਰਾ ਅਪਣਾ ਲਿਆ ਗਿਆ। ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸੱਕਤਰ ਅਰੁਣ ਸਿੰਘ ਨੇ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ “ਲਵ-ਜਿਹਾਦ ਇੱਕ ਗੰਭੀਰ ਸਮੱਸਿਆ ਹੈ।

ਬਹੁਤ ਸਾਰੀਆਂ ਮਾਵਾਂ ਅਤੇ ਭੈਣਾਂ ਨੇ ਇਸ ਦੇ ਮਾੜੇ ਨਤੀਜੇ ਭੁਗਤਣੇ ਹਨ, ਇਹ ਸੂਬਿਆਂ ਦਾ ਮਾਮਲਾ ਹੈ ਅਤੇ ਸੂਬਾ ਸਰਕਾਰਾਂ ਨੂੰ ਇਸ ਵਿਰੁੱਧ ਕਨੂੰਨ ਬਣਾਉਣਾ ਚਾਹੀਦਾ ਹੈ”। ਜਿੱਥੇ-ਜਿੱਥੇ ਭਾਜਪਾ ਸਰਕਾਰ ਹੈ ਉੱਥੇ-ਉੱਥੇ ਅਜਿਹੇ ਕਨੂੰਨ ਬਣਾਏ ਜਾ ਰਹੇ ਹਨ, ਜੋ ‘ਲਵ ਜਿਹਾਦ’ ਵਰਗੀ ਸਮੱਸਿਆ ਦਾ ਨਿਬੇੜਾ ਕਰਨਗੇ, ਜਿਵੇਂ ਕਿ ਯੋਗੀ ਅਦਿੱਤਿਆਨਾਥ ਨੇ ਉੱਤਰ ਪ੍ਰਦੇਸ਼ ਵਿੱਚ 28 ਨਵੰਬਰ 2020 ਵਿੱਚ “ਗੈਰ-ਕਨੂੰਨੀ ਧਰਮ ਬਦਲੀ ਰੋਕੂ ਕਨੂੰਨ” ਪਾਸ ਕੀਤਾ ਹੈ, ਗੁਜਰਾਤ, ਉੱਤਰਾਖੰਡ, ਮੱਧ ਪ੍ਰਦੇਸ਼ ਵਿੱਚ ਪਹਿਲਾਂ ਹੀ ਇਹ ਬਾਰੇ ਕਨੂੰਨ ਲਾਗੂ ਕਰ ਦਿੱਤੇ ਗਏ ਹਨ।

ਇਹ ਕਨੂੰਨ ਕੀ ਹੈ, ਇਸ ਤਰ੍ਹਾਂ ਦੇ ਕਨੂੰਨ ਲੈ ਕੇ ਆਉਣ ਪਿੱਛੇ ਭਾਜਪਾ, ਹਿੰਦੂ ਕੱਟੜ ਜਥੇਬੰਦੀਆਂ ਦਾ ਕੀ ਇਰਾਦਾ ਹੈ ਆਦਿ ਸਵਾਲਾਂ ਦੇ ਜਵਾਬ ਜਾਨਣ ਦੀ ਕੋਸ਼ਿਸ਼ ਕਰਾਂਗੇ-

1) “ਗੈਰ-ਕਨੂੰਨੀ ਧਰਮ ਬਦਲੀ ਰੋਕੂ ਕਨੂੰਨ 2020” ਕੀ ਹੈ?

ਇਸ ਕਨੂੰਨ ਦਾ ਸਿੱਧਾ-ਸਿੱਧਾ ਅਰਥ ਤਾਂ ਇਹ ਹੈ ਕਿ ਕੋਈ ਵੀ ਹਿੰਦੂ ਕੁੜੀ ਆਪਣੀ ਮਰਜ਼ੀ ਨਾਲ਼ ਕਿਸੇ ਮੁਸਲਿਮ ਮੁੰਡੇ ਨਾਲ਼ ਵਿਆਹ ਨਹੀਂ ਕਰਵਾ ਸਕਦੀ। ਕਨੂੰਨੀ ਸ਼ਬਦਵਾਲੀ ਵਿੱਚ ਇਸ ’ਚ ਕਿਤੇ ਵੀ ‘ਲਵ-ਜਿਹਾਦ’ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ ਹੈ, ਇਸ ਦੇ ਤਹਿਤ ਅੰਤਰ ਧਰਮ ਵਿਆਹ ਕਰਵਾਉਣ ਵਾਲ਼ੇ ਜੋੜਿਆਂ ’ਚ ‘ਜ਼ਬਰੀ-ਧਰਮ ਪਰਿਵਰਤਨ’ ਵਿਰੁੱਧ ਪੁਲਸ ’ਚ ਸ਼ਿਕਾਇਤ ਦਰਜ਼ ਕਰਾਉਣ ਦਾ ਹੱਕ ਸਿਰਫ਼ ਕੁੜੀ ਦੇ ਪਰਿਵਾਰ ਨੂੰ ਦਿੱਤਾ ਗਿਆ ਹੈ ਨਾ ਕਿ ਖੁਦ ਕੁੜੀ ਨੂੰ! ਇਸ ਕਨੂੰਨ ਤਹਿਤ ਧੋਖੇ ਨਾਲ਼, ਲਾਲਚ ਨਾਲ਼ ਜਾਂ ਜ਼ਬਰੀ ਧਰਮ ਪਰਿਵਰਤਨ ਕਰਾਏ ਜਾਣ ’ਤੇ 10 ਸਾਲ ਦੀ ਜੇਲ੍ਹ ਅਤੇ 50 ਹਜ਼ਾਰ ਦੇ ਜੁਰਮਾਨੇ ਦੀ ਸਜ਼ਾ ਦੀ ਧਾਰਾ ਸ਼ਾਮਲ ਹੈ। ਇਸ ਕਨੂੰਨ ਤਹਿਤ ਮੁੰਡੇ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਉਸਨੇ ਕੁੜੀ ਦੀ ‘ਜ਼ਬਰੀ ਧਰਮ ਬਦਲੀ’ ਨਹੀਂ ਕੀਤੀ ਹੈ। ਇਸ ਦੀ ਇੱਕ ਧਾਰਾ ’ਚ ਇਹ ਸਾਫ-ਸਾਫ ਕਿਹਾ ਗਿਆ ਹੈ ਕਿ ਜੇਕਰ “ਕੋਈ ਵਿਆਹ ਕਰਵਾਕੇ ਵਾਪਸ ਮੂਲ ਧਰਮ ਨੂੰ ਅਪਣਾਉਂਦਾ ਹੈ” ਤਾਂ ਇਸ ਨੂੰ ਜ਼ਬਰੀ ਧਰਮ ਬਦਲੀ ਨਹੀਂ ਮੰਨਿਆ ਜਾਵੇਗਾ। ਇਸ ਵਿੱਚ ਮੂਲ ਧਰਮ ਨੂੰ ਪਰਿਭਾਸ਼ਤ ਨਹੀਂ ਕੀਤਾ ਗਿਆ ਹੈ ਪਰ ਜਿਵੇਂ ਕਿ ਜੱਗ-ਜਾਹਰ ਹੈ ਕਿ ਸੰਘ-ਭਾਜਪਾ ਦੁਆਰਾ ਹਿੰਦੂ ਧਰਮ ਨੂੰ “ਮੂਲ” ਧਰਮ ਮੰਨਿਆ ਜਾਂਦਾ ਹੈ।

ਇਸ ਦਾ ਮਤਲਬ ਕਿ ਜੇਕਰ ਕੋਈ ਹਿੰਦੂ ਮੁੰਡਾ ਕਿਸੇ ਗੈਰ-ਹਿੰਦੂ ਕੁੜੀ ਨਾਲ਼ ਵਿਆਹ ਕਰਵਾਉਂਦਾ ਹੈ ਤੇ ਉਹ ਕੁੜੀ ਹਿੰਦੂ ਧਰਮ ਅਪਣਾ ਲੈਂਦੀ ਹੈ ਤਾਂ ਇਸ ਨੂੰ ਅਪਰਾਧ ਨਹੀਂ ਮੰਨਿਆ ਜਾਵੇਗਾ, ਪਰ ਜੇਕਰ ਇਸਦੇ ਉਲਟਾ ਹੁੰਦਾ ਹੈ ਮਤਲਬ ਜੇਕਰ ਕੋਈ ਹਿੰਦੂ ਕੁੜੀ ਵਿਆਹ ਕਰਵਾਕੇ ਆਪਣਾ ਧਰਮ ਬਦਲਣਾ ਚਾਹੇ ਤਾਂ ਇਸ ਨੂੰ ਅਪਰਾਧ ਮੰਨਿਆ ਜਾਵੇਗਾ। ਇਸ ਕਨੂੰਨ ਦੇ ਬਣਨ ਤੋਂ ਬਾਅਦ ਉੱਤਰ ਪ੍ਰਦੇਸ਼ ਪੁਲਿਸ ਦੁਆਰਾ ਜੋ ਮਾਮਲੇ ਦਰਜ ਕੀਤੇ ਗਏ, ਉਹਨਾਂ ਸਾਰੇ ਮਾਮਲਿਆਂ ’ਚ ਕੁੜੀ ਨੂੰ ਆਪਣੇ ਪਤੀ ਤੋਂ ਅੱਲਗ ਕਰ ਦਿੱਤਾ ਗਿਆ, ਜ਼ਬਰਦਸਤੀ ਨਾਰੀ ਨਿਕੇਤਨ ਜਾਂ ਕੁੜੀ ਦੇ ਮਾਂ-ਪਿਓ ਕੋਲ਼ ਭੇਜਦਿੱਤਾ ਜਾਂਦਾ ਹੈ। ਕੁੜੀ ਦੇ ਚੀਕ-ਚੀਕ ਕੇ ਕਹਿਣ ’ਤੇ ਵੀ ਕਿ ਉਸ ਨੇ ਆਪਣੀ ਮਰਜ਼ੀ ਨਾਲ਼ ਵਿਆਹ ਕਰਵਾਇਆ ਸੀ, ਮੁੰਡੇ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਇਸ ਕਨੂੰਨ ਬਨਣ ’ਤੇ ਉੱਤਰ ਪ੍ਰਦੇਸ਼ ਦੀ ਅਗਵਾਈ ਕਰਨ ਵਾਲ਼ੇ ਯੋਗੀ ਅਦਿੱਤਿਆਨਾਥ ਨੇ ਮੁਸਲਿਮ ਭਾਈਚਾਰੇ ਨੂੰ ਧਮਕੀ ਦਿੰਦੇ ਕਿਹਾ ਸੀ, “ਜਿਹੜੇ ਆਦਮੀ ਆਪਣੇ ਨਾਮ ਛੁਪਾਉਣ ਅਤੇ ਧੀਆਂ-ਭੈਣਾਂ ਦੀ ਇੱਜ਼ਤ ਨਾਲ਼ ਖੇਡਣ ਵਾਲ਼ੇ ਹਨ, ਉਨ੍ਹਾਂ ਨੂੰ ਆਪਣੀ ਅੰਤਮ ਯਾਤਰਾ ਦੀ ਤਿਆਰੀ ਕਰਨੀ ਚਾਹੀਦੀ ਹੈ”।

2) ਇਸ ਕਨੂੰਨ ਨੂੰ ਲੈ ਕੇ ਆਉਣ ਪਿੱਛੇ ਸੰਘ ਦੇ ਅਸਲ ਮਨਸੂਬੇ ਕੀ ਹਨ?

ਰਾਸ਼ਟਰੀ ਸਵੈ ਸੇਵਕ ਸੰਘ 1925 ਤੋਂ ਹੀ ਹਿਟਲਰ, ਮੁਸੋਲੀਨੀ ਦੀ ਵਿਚਾਰਧਾਰਾ ਨੂੰ ਭਾਰਤ ਵਿੱਚ ਲਾਗੂ ਕਰ ਰਹੀ ਹੈ, ਇਹ ਇੱਕ ਪਿਛਾਖੜੀ ਫਾਸਿਸਟ ਲੋਕ ਲਹਿਰ ਹੈ, ਇਹ ਆਰਥਿਕ ਸੰਕਟ ’ਚ ਫਸੇ ਸਰਮਾਏਦਾਰੀ ਢਾਂਚੇ ’ਚ ਉੱਭਰ ਕੇ ਸਾਹਮਣੇ ਆਉਂਦੀ ਹੈ, ਇਹ ਲੋਕਾਂ ’ਚ ਇੱਕ ਕਾਲਪਨਿਕ ਦੁਸ਼ਮਣ ਖੜ੍ਹਾ ਕਰਦੇ ਹਨ ਤਾਂ ਜੋ ਪੂਰੇ ਪ੍ਰਬੰਧ ਖਿਲਾਫ਼ ਪੈਦਾ ਹੋਣ ਵਾਲ਼ੇ ਲੋਕਾਂ ਦੇ ਗੁੱਸੇ ਨੂੰ ਇਸ ਦੁਸ਼ਮਣ ਵੱਲ ਸੇਧਤ ਕੀਤਾ ਜਾ ਸਕੇ। ਭਾਰਤ ’ਚ ਕਾਲਪਨਿਕ ਦੁਸ਼ਮਣ ਦੇਸ਼ ਦੀ ਸਭ ਤੋਂ ਵੱਡੀ ਘੱਟਗਿਣਤੀ ਮੁਸਲਮਾਨ ਭਾਈਚਾਰੇ ਨੂੰ ਬਣਾਇਆ ਹੋਇਆ ਹੈ, ਇਸ ਦੇ ਨਾਲ਼ ਹੀ ਹੋਰ ਧਰਮਿਕ ਘੱਟ ਗਿਣਤੀਆਂ, ਦਲਿਤਾਂ ਅਤੇ ਔਰਤ ਵਿਰੋਧੀ ਮਾਨਸਿਕਤਾ ਦਾ ਧੜੱਲੇ ਨਾਲ਼ ਪ੍ਰਚਾਰ ਕਰਦੇ ਹਨ, ਫਿਰਕੂ ਫਾਸੀਵਾਦੀ “ਹਿੰਦ, ਹਿੰਦੂ, ਹਿੰਦੀ” ਦਾ ਨਾਹਰਾ ਦਿੰਦੇ ਹਨ, ਮੁਸਲਿਮ ਭਾਈਚਾਰੇ ਖਿਲਾਫ਼ ਨਫ਼ਰਤ ਫੈਲਾਉਣੀ, ਹਿੰਦੂ ਸਭ ਤੋਂ ਉੱਤਮ ਹਨ, ਹਿੰਦੂ ਜੇ ਕਿਸੇ ਹੋਰ ਧਰਮ ਦੇ ਨਾਲ਼ ਵਿਆਹ ਕਰਨਗੇ ਤਾਂ ਨਸਲ ਸ਼ੁੱਧ ਨਹੀਂ ਰਹੇਗੀ ਆਦਿ ਵਿਚਾਰ ਲੋਕਾਂ ਦੇ ਦਿਮਾਗਾਂ ’ਚ ਤੂੜੇ ਜਾਂਦੇ ਹਨ, ਮਨੁ-ਸਮਿਰਤੀ ’ਤੇ ਅਧਾਰਤ ਔਰਤ ਵਿਰੋਧੀ ਮਾਨਸਿਕਤਾ ਵੀ ਸੰਘ ਦੀ ਵਿਚਾਰਧਾਰਾ ਦਾ ਹਿੱਸਾ ਹੈ ਜਿਸ ’ਚ ਔਰਤ ਦੀ ਇੱਕ ਅਜ਼ਾਦ ਨਾਗਰਿਕ ਵਜੋਂ ਕੋਈ ਹੈਸੀਅਤ ਨਹੀਂ ਹੈ।

ਇਹ ਕਨੂੰਨ ਮੁਸਲਿਮ ਭਾਈਚਾਰੇ ਖਿਲਾਫ਼ ਸੇਧਤ ਹੈ, ਦੂਜਾ ਔਰਤ ਵਿਰੋਧੀ ਹੈ। ਇਹ ਕਨੂੰਨ ਔਰਤਾਂ ਨੂੰ ਆਪਣੀ ਮਰਜ਼ੀ ਨਾਲ਼ ਆਪਣਾ ਜੀਵਨ ਸਾਥੀ ਚੁਣਨ ਲਈ ਰੋਕਦਾ ਹੈ। ਇਸ ਕਨੂੰਨ ਦੇ ਰਾਹੀਂ ਸੰਘ ਫਿਰਕੂ ਏਜੰਡੇ ਨੂੰ ਲਾਗੂ ਕਰਦਾ ਹੋਇਆ ਸਾਡੇ ਸਮਾਜ ਵਿੱਚ ਔਰਤ ਵਿਰੋਧੀ ਜਗੀਰੂ ਸੋਚ ਨੂੰ ਪ੍ਰਫੁੱਲਤ ਕਰ ਰਿਹਾ ਹੈ। ਫਾਸੀਵਾਦੀ ਸ਼ਰੇ੍ਹਆਮ ਸਟੇਜਾਂ ਤੋਂ ਔਰਤਾਂ ਨੂੰ ਘਰ ਦੇ ਕੰਮ-ਕਾਜ ਕਰਨ, ਮਰਦ ਦੀ ਸੇਵਾ ਕਰਨ ਬੱਚੇ ਜੰਮਣ ਤੇ ਪਾਲਣ ਤੱਕ ਸੀਮਤ ਰਹਿਣ ਦੀਆਂ ਨਸੀਹਤਾਂ ਦਿੰਦੇ ਹਨ ਤੇ ਜਿਹੜੀ ਔਰਤ ਅਜਿਹਾ ਨਹੀਂ ਕਰਦੀ ਉਸਨੂੰ ਤਲਾਕ ਦੇ ਕੇ ਘਰੋਂ ਕੱਢਣ ਦੀਆਂ ਸਲਾਹਾਂ ਮਰਦਾਂ ਨੂੰ ਦਿੰਦੇ ਹਨ।

3) ਰ.ਸ.ਸ. ਦੇ ਏਜੰਡੇ ਨੂੰ ਲਾਗੂ ਕਿਵੇਂ ਕੀਤਾ ਜਾਂਦਾ ਹੈ?

ਸਰਗਰਮ ਕਾਡਰਾਂ ਦਾ ਇੱਕ ਅਜਿਹਾ ਤਾਣਾ-ਬਾਣਾ ਤਿਆਰ ਕਰਨਾ ਜੋ ਹਰ ਗਲ਼ੀ, ਮੁਹੱਲੇ, ਸਕੂਲ, ਕਾਲਜ, ਯੂਨੀਵਰਸਿਟੀ, ਜਨਤਕ ਬਗੀਚੇ, ਰੈਸਟੋਰੈਂਟ, ਥਾਣੇ, ਕਚਹਿਰੀਆਂ, ਅਦਾਲਤਾਂ ਆਦਿ ਥਾਵਾਂ ’ਤੇ ਮੌਜੂਦ ਹੋਣ, ਜੋ ਅਜਿਹੇ ਕੁੜੀਆਂ ਮੁੰਡਿਆਂ ’ਤੇ ਨਿਗ੍ਹਾ ਰੱਖਣ ਜੋ ਜੋੜਿਆਂ ’ਚ ਹੁੰਦੇ ਹਨ, ਮੋਟਰ ਸਾਈਕਲ ਦੇ ਨੰਬਰ ਨੋਟ ਕਰਨੇ, ਟ੍ਰਾਂਸਪੋਰਟ ਦਫ਼ਤਰ ਤੋਂ ਮੋਟਰਸਾਈਕਲ ਦੇ ਮਾਲਕ ਦਾ ਪਤਾ ਕਰਨਾ ਕਿ ਉਹ ਮੁਸਲਿਮ ਹੈ ਜਾਂ ਹਿੰਦੂ, ਉਹਨਾ ਦੇ ਘਰ ਪਰਿਵਾਰ ਦਾ ਪਤਾ ਲੱਭਣਾ ਅਤੇ ਇਹ ਜਾਣਕਾਰੀ ਵਟਸਐਪ ਗਰੁੱਪਾਂ ਰਾਹੀਂ ਅੱਗੇ ਪਹੁੰਚਾਉਣਾ, ਫਿਰ ਅਜਿਹੇ ਜੋੜਿਆਂ ਨੂੰ ਨਿਸ਼ਾਨਾ ਬਣਾਉਣ ਲਈ ਯੋਜਨਾ ਬਣਾਉਣੀ, ਮੁਸਲਿਮ ਮੁੰਡੇ ਨੂੰ ਕੁੱਟਣਾ, ਪੁਲਿਸ ਨੂੰ ਮੁੰਡੇ ਅਤੇ ਉਸਦੇ ਪਰਿਵਾਰ ਖਿਲਾਫ਼ ਦਰਖ਼ਾਸਤ ਦੇਣੀ, ਕੁੜੀ ਦੇ ਘਰਦਿਆਂ ਨਾਲ਼ ਸਬੰਧ ਬਣਾ ਕੇ ਕੁੜੀ ਦੀ ਮਰਜ਼ੀ ਦੇ ਵਿਰੁੱਧ ਆਪਣੇ ਕਿਸੇ ਗਰੁੱਪ ਦੇ ਹਿੰਦੂ ਮੁੰਡੇ ਨਾਲ਼ ਵਿਆਹ ਕਰਵਾਉਣਾ, ਇਹ ਸਭ ਕੰਮ ਰਾਸ਼ਟਰੀ ਸਵੈ ਸੇਵਕ ਸੰਘ ਦੀ ਵਿਚਾਰਧਾਰਾ ਨੂੰ ਪ੍ਰਣਾਈਆਂ ‘ਬਜਰੰਗ ਦਲ’, ‘ਵਿਸ਼ਵ ਹਿੰਦੂ ਪ੍ਰੀਸ਼ਦ’, ‘ਹਿੰਦੂ ਯੁਵਾ ਮੋਰਚਾ’, ‘ਹਿੰਦੂ ਜਾਗਰਣ ਮੰਚ’, ‘ਦ ਰਾਸ਼ਟਰੀ ਯੁਵਾ ਵਹਿਨੀ’ ਵਰਗੀਆਂ ਜਥੇਬੰਦੀਆਂ ਕਰਦੀਆਂ ਹਨ। ਮੁਰਾਦਾਬਾਦ ਤੇ ਹਿਰਦੋਈ ਦੇ ਇਲਾਕੇ ਵਿੱਚ ਬਜਰੰਗ ਦਲ ਦੇ 2800, ਵਿਸ਼ਵ ਹਿੰਦੂ ਪ੍ਰੀਸ਼ਦ ਦੇ 2000 ਅਤੇ ਹਿੰਦੂ ਯੁਵਾ ਮੋਰਚਾ ਦੇ 3000 ਸਰਗਰਮ ਕਾਡਰ ਇਸੇ ਕੰਮ ਲਈ ਹਨ, ਇਹਨਾਂ ਦਾ ਤਾਣਾ-ਬਾਣਾ ਵਕੀਲਾਂ, ਪੁਲਿਸ, ਤਹਿਸੀਲਦਾਰਾਂ ’ਚ ਪੂਰੀ ਤਰ੍ਹਾਂ ਫੈਲਿਆ ਹੋਇਆ ਹੈ, ਅਦਾਲਤ ਵਿੱਚ ਜੇ ਕੋਈ ਵੀ ਵਿਆਹ ਲਈ ਅਜਿਹਾ ਮਾਮਲਾ ਆਉਂਦਾ ਹੈ ਜਿੱਥੇ ਕੁੜੀ ਹਿੰਦੂ ਹੈ, ਮੁੰਡਾ ਮੁਸਲਿਮ ਹੈ ਤਾਂ ਝੱਟ ਇਹਨਾਂ ਤੱਕ ਖ਼ਬਰ ਪਹੁੰਚ ਜਾਂਦੀ ਹੈ, ਓਦੋਂ ਹੀ ਵਿਆਹ ਨੂੰ ਰੁਕਵਾ ਦਿੱਤਾ ਜਾਂਦਾ ਹੈ!

ਬਿਜਨੌਰ ਤੋਂ ਹਿੰਦੂ ਜਾਗਰਣ ਮੰਚ ਦੇ ਆਗੂ ਜਿਤੇਂਦਰ ਬੈਂਸ ਦਾ ਬਿਆਨ ਹੈ ਕਿ “ਇਹ ਕਨੂੰਨ ਇੱਕ ਵਰਦਾਨ ਹੈ। ਲਵ-ਜਿਹਾਦ ਨੂੰ ਰੋਕਣਾ ਸਾਡਾ ਮੁੱਖ ਕੰਮ ਹੈ। ਅਸੀਂ ਇਸ ਕਨੂੰਨ ਲਈ ਸੰਘਰਸ਼ ਕੀਤਾ ਹੈ, ਮੁਜ਼ਾਹਰੇ ਕੀਤੇ ਹਨ, ਧਰਨੇ ’ਤੇ ਬੈਠੇ ਹਾਂ। ਇਸ ਕਨੂੰਨ ਤੋਂ ਬਾਅਦ, ਸਾਡਾ ਕੰਮ ਬਹੁਤ ਸੌਖਾ ਅਤੇ ਤੇਜ ਹੋ ਗਿਆ ਹੈ, ਅਸੀਂ ਤਾਕਤਵਰ ਮਹਿਸੂਸ ਕਰਦੇ ਹਾਂ। ਪੁਲਿਸ ਵੀ ਹੁਣ ਤੇਜੀ ਨਾਲ਼ ਜਵਾਬ ਦੇ ਰਹੀ ਹੈ ਅਤੇ ਸਾਡੀਆਂ ਸ਼ਿਕਾਇਤਾਂ ’ਤੇ ਤੇਜੀ ਨਾਲ਼ ਕਾਰਵਾਈ ਕਰ ਰਹੀ ਹੈ ਕਿਉਂਕਿ ਹੁਣ ਇਹ ਮੁੱਖ ਮੰਤਰੀ ਦੇ ਦਫ਼ਤਰ ਦਾ ਸਿੱਧਾ ਹੁਕਮ ਹੈ।”

ਬਜਰੰਗ ਦਲ ਦੀ ਹਰਦੋਈ ਇਕਾਈ ਦਾ ਜ਼ਿਲ੍ਹਾ ਕੋਆਰਡੀਨੇਟਰ ਪਵਨ ਰਸਤੋਗੀ ਦਾ ਇਸ ਕਨੂੰਨ ਸਬੰਧੀ ਇਹ ਬਿਆਨ ਸੀ ਕਿ “ਇਹ ਤਾਂ ਬੱਸ ਸ਼ੁਰੂਆਤ ਹੈ। ਇਸ ਕਨੂੰਨ ਨੇ ਸਾਨੂੰ ਆਪਣੀ ਸੇਵਾ ਨੂੰ ਪੂਰਾ ਕਰਨ ਲਈ ਸਿਰਫ਼ ਇੱਕ ਅਜ਼ਾਦ ਹੱਥ ਨਹੀਂ ਦਿੱਤਾ, ਸਗੋਂ ਸਾਡੇ ਕਾਡਰਾਂ ’ਚ ਜੋਸ਼ ਭਰਿਆ ਹੈ, ਇਹ ਕਨੂੰਨ ਲਾਗੂ ਹੋਣ ਤੋਂ ਬਾਅਦ ਅਸੀਂ ਆਪਣੀਆਂ ਟੋਲੀਆਂ ਨੂੰ ਇਕਜੁੱਟ ਕੀਤਾ ਹੈ ਅਤੇ ਆਪਣਾ ਅਧਾਰ ਵਧਾ ਦਿੱਤਾ ਹੈ। ਅਸੀਂ ਇਹ ਪੱਕਾ ਕਰਾਂਗੇ ਕਿ ਕੋਈ ਵੀ ਹਿੰਦੂ ਧੀ ਮੁਸਲਮਾਨ ਪਰਿਵਾਰ ਵਿੱਚ ਨਹੀਂ ਜਾਵੇਗੀ।”

ਜਿਤੇਂਦਰ ਬੈਂਸ ਨੇ ਐਲਾਨੀਆਂ ਕਿਹਾ ਕਿ ਸਾਡਾ ਮੁੱਖ ਮਕਸਦ “ਹਿੰਦੂ ਔਰਤਾਂ ਨੂੰ ਮੁਸਲਮਾਨ ਆਦਮੀਆਂ ਤੋਂ ਬਚਾਉਣਾ ਹੈ, ਅਸੀਂ ਅਦਾਲਤਾਂ ਵਿੱਚ ਲੋਕਾਂ ਦਾ ਇੱਕ ਜਾਲ਼ ਵਿਕਸਤ ਕੀਤਾ ਹੈ ਜਿਸ ਵਿੱਚ ਤਹਿਸੀਲਦਾਰ, ਕੋਰਟ ਮਾਸਟਰ, ਰਜਿਸਟਰਾਰ ਦਫ਼ਤਰ ਦਾ ਅਮਲਾ ਅਤੇ ਸਬ-ਡਵੀਜਨਲ ਮੈਜਿਸਟਰੇਟ ਦਫ਼ਤਰ ਸ਼ਾਮਲ ਹਨ, ਜੋ ਸਾਨੂੰ ਕਿਸੇ ਹਿੰਦੂ-ਮੁਸਲਿਮ ਜੋੜੇ ਨੂੰ ਲੱਭਣ ਦੀ ਹਾਲਤ ਵਿੱਚ ਸੂਚਿਤ ਕਰਦੇ ਹਨ, ਉਹ ਸਾਰੇ ਹਿੰਦੂ ਆਦਮੀ ਹਨ ਜੋ ਸਾਡੇ ਸਮੂਹਾਂ ਨਾਲ਼ ਜੁੜੇ ਹੋਏ ਹਨ। ਟੀਚਾ ਇਹ ਹੈ ਕਿ ਸਾਡੀਆਂ ਔਰਤਾਂ ਨੂੰ ਉਨ੍ਹਾਂ ਦੇ ਧਰਮ ਵੱਲ ਨਾ ਜਾਣ ਦਿੱਤਾ ਜਾਵੇ।”

‘ਰਾਸ਼ਟਰੀ ਯੁਵਾ ਵਹਿਨੀ’ ਦੇ ਮੁਖੀ ਸ਼ਰਮਾ ਨੇ ਦੋਸ਼ ਲਾਇਆ ਕਿ ਭਾਰਤ ਵਿੱਚ ਮੁਸਲਿਮ ਭਾਈਚਾਰੇ ਨੂੰ ਹਿੰਦੂ ਕੁੜੀਆਂ ਨਾਲ਼ ਵਿਆਹ ਕਰਾਉਣ, ਉਨ੍ਹਾਂ ਦੇ ਧਰਮ ਬਦਲਣ ਅਤੇ ਬੱਚੇ ਪੈਦਾ ਕਰਨ ਲਈ “ਵਿਦੇਸ਼ੀ ਫੰਡ” ਮਿਲ਼ਦਾ ਹੈ।

4) ‘ਲਵ ਜਿਹਾਦ’ ਦੇ ਵਰਤਾਰੇ ਦਾ ਕੱਚ-ਸੱਚ

ਇੱਕ ‘ਕੌਮੀ ਜਾਂਚ ਏਜੰਸੀ’ ਦੁਆਰਾ ਸਾਲ 2018 ਵਿੱਚ ਕੀਤੀ ਗਈ ਜਾਂਚ ਵਿੱਚ ਕੇਰਲਾ ਰਾਜ ਵਿੱਚ ਹੋਏ 11 ਅੰਤਰ-ਧਰਮ ਵਿਆਹਾਂ ਦੀ ਪੜਤਾਲ ਕੀਤੀ ਗਈ ਅਤੇ ਜ਼ਬਰਦਸਤੀ ਦਾ ਕੋਈ ਸਬੂਤ ਨਹੀਂ ਮਿਲ਼ਿਆ।

ਪਿੱਛੇ ਜਿਹੇ ਹੀ, ਉੱਤਰੀ ਭਾਰਤ ਦੇ ਸ਼ਹਿਰ ਕਾਨਪੁਰ ਵਿੱਚ ਪੁਲਿਸ ਨੇ ਅਜਿਹੇ ਸਬੰਧਾਂ ਦੀ ਪੜਤਾਲ ਕਰਨ ਲਈ ਅਗਸਤ ਵਿੱਚ ਇੱਕ ਵਿਸ਼ੇਸ਼ ਜਾਂਚ ਟੋਲੀ ਬਣਾਈ ਸੀ। ਕਾਨਪੁਰ ਦੇ ਇੱਕ ਉੱਚ ਪੁਲਿਸ ਅਧਿਕਾਰੀ ਮੋਹਿਤ ਅਗਰਵਾਲ ਨੇ ਕਿਹਾ ਕਿ ਉਸਨੇ ਆਪਸੀ ਸਬੰਧਾਂ ਦੇ 14 ਮਾਮਲਿਆਂ ਦੀ ਜਾਂਚ ਕੀਤੀ ਜਿੱਥੇ ਕਿਸੇ ਔਰਤਾਂ ਜਾਂ ਉਸਦੇ ਪਰਿਵਾਰਕ ਮੈਂਬਰਾਂ ਦੁਆਰਾ ਕੁੱਝ ਗਲਤ ਕੰਮਾਂ ਦਾ ਦੋਸ਼ ਲਗਾਇਆ ਗਿਆ ਸੀ ਅਤੇ ਜਾਂਚ ਤੋਂ ਬਾਅਦ ਉਸਨੂੰ ਸਾਜਿਸ਼ ਰਚਣ ਦਾ ਕੋਈ ਸਬੂਤ ਨਹੀਂ ਮਿਲ਼ਿਆ ਸੀ।

‘ਭਾਰਤ ਦੇ ਮਨੁੱਖੀ ਸ੍ਰੋਤ ਵਿਕਾਸ ਮੰਤਰਾਲਾ’ ਦੇ 2005 ਦੇ ਅੰਕੜਿਆਂ ਨੂੰ ਅਧਾਰ ਬਣਾ ਕੇ ‘ਮੈਰੀਲੈਂਡ ਯੂਨੀਵਰਸਿਟੀ’ ਅਤੇ ‘ਨੈਸ਼ਨਲ ਕੌਂਸਲ ਆਫ ਅਪਲਾਈਡ ਇਕਨਾਮਿਕ ਰਿਸਰਚ’ ਦੁਆਰਾ ਸਾਲ 2013 ਵਿੱਚ ਅਧਿਐਨ ਕੀਤਾ ਗਿਆ ਸੀ, ਜਿਸ ਵਿੱਚ ਇਹ ਸਾਹਮਣੇ ਆਇਆ ਕਿ 15-49 ਉਮਰ ਵਰਗ ਵਿੱਚ ਸਿਰਫ਼ 2.21 ਫੀਸਦ ਔਰਤਾਂ ਨੇ ਆਪਣੇ ਧਰਮ ਤੋਂ ਬਾਹਰ ਵਿਆਹ ਕਰਵਾਇਆ ਹੈ। ਹਿੰਦੂਆਂ ਵਿੱਚ ਸਿਰਫ਼ 1.5 ਫੀਸਦ ਔਰਤਾਂ ਨੇ ਆਪਣੇ ਧਰਮ ਤੋਂ ਬਾਹਰ ਵਿਆਹ ਕਰਵਾਏ। ਇਹ ਅੰਕੜੇ ਸੱਚਾਈ ਬਿਆਨ ਕਰ ਰਹੇ ਹਨ, ਕਿਵੇਂ ਸੰਘੀ ਲਾਣਾ ਰਾਈ ਦੀ ਚੁਟਕੀ ਨੂੰ ਪਹਾੜ ਬਣਾ ਕੇ ਵਿਖਾ ਰਿਹਾ ਹੈ। ਦੂਜਾ ਜੇ ਬਾਲਗ ਮੁੰਡਾ ਕੁੜੀ ਆਪਣੀ ਮਰਜ਼ੀ ਨਾਲ਼ ਜੀਵਨ ਸਾਥੀ ਦੀ ਚੋਣ ਕਰਦੇ ਵੀ ਹਨ ਤਾਂ ਇਹ ਇੱਕ ਅਗਾਂਹਵਧੂ ਕਦਮ ਹੈ, ਸੰਘੀ ਲਾਣੇ ਨੂੰ ਪਿਛਾਖੜੀ ਸੋਚ ਸਦਕਾ ਇਹ ਅਗਾਂਹਵਧੂ ਕਦਮ ਹਜ਼ਮ ਨਹੀਂ ਹੁੰਦਾ।

5) ਅੰਤਰ-ਧਰਮ ਵਿਆਹ ਕਰਾਉਣ ਵਾਲ਼ੇ ਕੁੱਝ ਲੋਕਾਂ ਦਾ ਭਾਜਪਾ ਰਾਜ ਵਿੱਚ ਨਿੱਜੀ ਤਜ਼ਰਬਾ:

2008 ਵਿੱਚ ਇਕਬਾਲ ਅਤੇ ਰੇਨੂੰ ਨੇ ਵਿਆਹ ਕੀਤਾ ਸੀ। ਜਦੋਂ ਉਹਨਾਂ ਨੇ ਵਿਆਹ ਕੀਤਾ ਤਾਂ ਦੋਵਾਂ ਦੇ ਪਰਿਵਾਰ ਅਸਹਿਮਤ ਸਨ। ਰੇਨੂੰ ਇੱਕ ‘ਉੱਚ ਜਾਤੀ’ ਹਿੰਦੂ ਪਰਿਵਾਰ ਨਾਲ਼ ਸਬੰਧ ਰੱਖਦੀ ਹੈ, ਪੇਸ਼ੇ ਦੇ ਤੌਰ ’ਤੇ ਇਕਬਾਲ ਰੰਗਮੰਚ ਨਾਲ਼ ਸਬੰਧ ਰੱਖਦਾ ਹੈ। ਜਦੋਂ ਰੇਨੂੰ ਅਤੇ ਇਕਬਾਲ ਉੱਤਰ ਪ੍ਰਦੇਸ਼ ਦੇ ਅਮਰੋਹਾ ਵਿੱਚ ਇੱਕ ਦਸਤਾਵੇਜੀ ਫ਼ਿਲਮ ਨੂੰ ਫ਼ਿਲਮਾਂ ਰਹੇ ਸੀ ਤਾਂ ਇੱਕ ਪੁਲਿਸ ਮੁਲਾਜ਼ਮ ਨੇ ਪੁੱਛ-ਪੜਤਾਲ ਕੀਤੀ, ਉਹਨਾਂ ਨੂੰ ਦਸਤਾਵੇਜ ਦਖਾਉਣ ਲਈ ਕਿਹਾ ਜਿਸ ਵਿੱਚ ਉਨ੍ਹਾਂ ਨੂੰ ਫ਼ਿਲਮਾਉਣ ਦੀ ਆਗਿਆ ਦਿੱਤੀ ਗਈ ਸੀ, ਜਦੋਂ ਪੁਲਿਸ ਮੁਲਾਜ਼ਮ ਨੇ ਉਨ੍ਹਾਂ ਦੇ ਨਾਮ ਪੁੱਛੇ, ਤਾਂ ਰੇਨੂੰ ਨੇ ਦੱਸਿਆ ਕਿ ਉਸਦੀ “ਪਹਿਲੀ ਪ੍ਰਤੀਕਿ੍ਰਆ ਯੋਗੀ ਅਦਿੱਤਿਆਨਾਥ ਦੇ ਰਾਜ ਵਿੱਚ ਕਿਸੇ ਵੀ ਹਿੰਦੂ-ਮੁਸਲਿਮ ਹਫੜਾ-ਦਫੜੀ ਤੋਂ ਬਚਣ ਲਈ ਮੁਸਲਮਾਨ ਦੇ ਨਾਮ ਬਾਰੇ ਸੋਚਣਾ ਸੀ। ਇਸ ਤਰ੍ਹਾਂ ਅਸੀਂ ਬਹੁਤ ਡਰਦੇ ਹਾਂ।” ਇਕਬਾਲ ਨੇ ਕਿਹਾ ਕਿ “‘ਲਵ ਜਿਹਾਦ’ ਸ਼ਬਦ ਦੀ ਵਰਤੋਂ ਰ.ਸ.ਸ. ਅਤੇ ਅਜਿਹੀ ਸੋਚ ਵਾਲ਼ੀਆਂ ਜਥੇਬੰਦੀਆਂ ਨੇ ਮੁਸਲਮਾਨਾਂ ਨੂੰ ਡਰਾਉਣ ਲਈ ਨਹੀਂ, ਸਗੋਂ ਹਿੰਦੂਆਂ ਨੂੰ ਡਰ ਨਾਲ਼ ਕਾਬੂ ਕਰਨ ਲਈ ਕੀਤੀ ਹੈ।”

ਇੱਕ ਹੋਰ ਮਾਮਲਾ ਸ਼ਵੇਤਾ ਅਤੇ ਏਜਾਜ ਦਾ ਹੈ ਉਹਨਾਂ ਦਾ ਵਿਆਹ ਸਾਲ 2012 ’ਚ ਹੋਇਆ। ਸ਼ਵੇਤਾ ਦਾ ਬ੍ਰਾਹਮਣ ਪਰਿਵਾਰ ਮੁਸਲਮਾਨ ਜਵਾਈ ਦੇ ਵਿਚਾਰ ’ਤੇ ਸਹਿਮਤ ਨਹੀਂ ਸੀ। ਸ਼ਵੇਤਾ ਨੇ ਕਿਹਾ ਕਿ “ਪਹਿਲਾਂ, ਲੋਕ ਆਪਣੇ ਬੱਚਿਆਂ ਨੂੰ ਆਪਣੀ ਇੱਜ਼ਤ ਦੀ ਰਾਖੀ ਲਈ ਅੰਤਰ-ਧਰਮ ਵਿਆਹ ਤੋਂ ਰੋਕਦੇ ਸੀ, ਅੱਜ ਇਹ ਸ਼ੁੱਧ ਸਮਾਜਿਕ ਦਬਾਅ ਹੈ।” ਪਿਛਲੇ ਕੁੱਝ ਸਾਲਾਂ ਵਿੱਚ, ਸ਼ਵੇਤਾ ਨੇ ਆਪਣੇ ਹਿੰਦੂ ਗੁਆਂਢੀਆਂ ਦੀ ਮੁਸਲਿਮ ਸਹੁਰਿਆਂ ਦੀ ਜ਼ਿੰਦਗੀ ਬਾਰੇ ਵਧਦੀ ਰੁਚੀ ਵੇਖੀ ਹੈ। ਸ਼ਵੇਤਾ ਦੱਸਦੀ ਹੈ ਕਿ “ਉਹ (ਗੁਆਂਢੀ) ਮੈਨੂੰ ਪੁੱਛਦੇ ਹਨ, ਉਹ ਤੁਸੀਂ ਬ੍ਰਾਹਮਣ ਹੋ! ਕੀ ਉਹ ਤੁਹਾਨੂੰ ਪੂਜਾ ਕਰਨ ਦਿੰਦੇ ਹਨ? ਇਸ ਤਰ੍ਹਾਂ ਦੀ ਚੀਜ ਪਿਛਲੇ ਦੋ ਤਿੰਨ ਸਾਲਾਂ ਤੋਂ ਹੀ ਸ਼ੁਰੂ ਹੋਈ ਹੈ।”

ਇੱਕ ਹੋਰ ਮਾਮਲਾ ਸਰਫ਼ਰਾਜ ਅਤੇ ਅਨਾਮਿਕਾ ਦਾ ਹੈ, ਜਿਨ੍ਹਾਂ ਨੇ ਸਾਲ 2019 ਵਿੱਚ ਵਿਆਹ ਕੀਤਾ, ਇਹਨਾਂ ਦੋਨਾਂ ਦੇ ਮਾਤਾ-ਪਿਤਾ ਵਿਆਹ ਲਈ ਸਹਿਮਤ ਸਨ। ਪਰ ਵਿਆਹ ਵਾਲ਼ੇ ਦਿਨ ਬਜਰੰਗ ਦਲ ਦੇ ਆਦਮੀ ਅਨਾਮਿਕਾ ਦੇ ਪਿਤਾ ਨੂੰ ਧਮਕੀ ਦੇਣ ਲਈ ਆਏ ਤੇ ਕਿਹਾ ਕਿ ਉਹ ਇੱਕ ਮੁਸਲਮਾਨ ਨੂੰ ਆਪਣੀ ਧੀ ਦੇ ਕੇ ‘ਹਿੰਦੂ ਸਮਾਜ ਦਾ ਅਪਮਾਨ’ ਕਰ ਰਿਹਾ ਹੈ। ਪਰ ਅਨਾਮਿਕਾ ਦੇ ਪਿਤਾ ਨੇ ਪੁਲਿਸ ਨੂੰ ਬੁਲਾਇਆ ਅਤੇ ਵਿਆਹ ਸੁਚਾਰੂ ਢੰਗ ਨਾਲ਼ ਹੋਇਆ। ਫਿਰ ਵੀ, ਵਿਆਹ ਤੋਂ ਬਾਅਦ ਦੇ ਮਹੀਨਿਆਂ ਤੱਕ ਸਰਫ਼ਰਾਜ ਨੂੰ ਅਨਾਮਿਕਾ ਨਾਲ਼ ਵਿਆਹ ਕਰਾਉਣ ਕਾਰਨ ਧਮਕੀਆਂ ਭਰੇ ਫੋਨ ਆਉਂਦੇ ਰਹੇ।

ਅੱਜ ਦੇ ਭਾਰਤ ਵਿੱਚ ਦਹਿਸ਼ਤ ਦਾ ਮਹੌਲ ਤਿਆਰ ਕਰਨ ਵਾਲ਼ੇ ਭਾਜਪਾ ਤੇ ਸੰਘੀ ਗੁੰਡੇ ਹਨ। ਇਹ ਕੁੱਝ ਉਦਹਾਰਨਾਂ ਦਿਖਾਉਂਦੀਆਂ ਹਨ ਕਿ ਕਿਵੇਂ ਮੁਸਲਿਮ ਭਾਈਚਾਰੇ ਤੇ ਅਗਾਂਹਵਧੂ ਲੋਕਾਂ ਲਈ ਲੰਬੇ ਸਮੇਂ ਤੋਂ ਡਰ ਦਾ ਵਾਤਾਵਰਣ ਤਿਆਰ ਕੀਤਾ ਜਾਂਦਾ ਰਿਹਾ ਹੈ। ਕੋਈ ਜ਼ਮਾਨੇ ਦਾ ਦੀਦਾਵਰ ਹੀ ਇਹ ਭੇਤ ਬੁਝ ਸਕਦਾ ਏ।

ਵਿਆਹ ‘ਚ ਦਖ਼ਲ ਦਿੰਦੇ ਨੇ ਆਰ ਐੱਸ ਐੱਸ ਦੇ ਛੜੇ!
ਭਾਰਤ ਵਿੱਚ ਪਹਿਲਾਂ ਹੀ ਅੰਤਰ-ਜਾਤੀ, ਅੰਤਰ-ਧਰਮ ਵਿਆਹ ਗਿਣਤੀ ਦੇ ਹੀ ਹੁੰਦੇ ਹਨ, ਹੁਣ ਤੱਕ ਜਿਹੜੇ ਮਾਮਲੇ ਸਾਹਮਣੇ ਆਏ ਹਨ, ਉਸ ਵਿੱਚ ਕੁੜੀ ਮੁੰਡੇ ਨੇ ਆਪਸੀ ਸਹਿਮਤੀ ਨਾਲ਼ ਵਿਆਹ ਕਰਵਾਇਆ ਹੈ। ਕਿਸੇ ਵੀ ਤਰ੍ਹਾਂ ਮੁਸਲਿਮ ਮੁੰਡੇ ਦੁਆਰਾ ਪਹਿਚਾਣ ਨੂੰ ਲਕੋ ਕੇ, ਕੁੜੀ ਨਾਲ਼ ਜ਼ਬਰਦਸਤੀ ਕਰਕੇ ਨਹੀਂ ਕੀਤਾ ਗਿਆ, ਸੰਘ ਦੁਆਰਾ ਪ੍ਰਚਾਰੇ ਜਾਂਦੇ ਕੂੜੇ, “ਵਿਦੇਸ਼ੀ ਫੰਡ ਮਿਲ਼ਣਾ’, “ਹਿੰਦੂਆਂ ਦੀ ਗਿਣਤੀ ਘਟਾਉਣ ਦੀ ਸਾਜਿਸ਼” ਆਦਿ ਦਾ ਕੋਈ ਅਧਾਰ ਹੀ ਨਹੀਂ ਹੈ। ਜਦਕਿ ਆਰ ਐੱਸ ਐੱਸ ਦੇ ਅਨੇਕਾਂ ਛੜੇ ਆਗੂ ਖ਼ੁਦ ਤਾਂ ਸ਼ਾਦੀਸ਼ੁਦਾ ਨਹੀਂ ਹੁੰਦੇ ਪਰ ਇਨ੍ਹਾਂ ਦਾ ਹੁਨਰ ਦੇਖੋ ਕਿ ਜ਼ਮਾਨੇ ਨੂੰ ਮੱਤਾਂ ਦਿੰਦੇ ਨੇ।

ਆਰ ਐੱਸ ਐੱਸ ਦੀਆਂ ਕਰਤੂਤਾਂ
ਸੰਘ ਚੱਲਦਾ ਹੀ ਝੂਠਾ ਦੇ ਸਹਾਰੇ ਹੈ, ਪਿਆਰ, ਧਰਮ ਜਿੱਥੇ ਨਿੱਜੀ ਮਸਲਾ ਹੈ ਉੱਥੇ ਸੰਘ ਇਸ ਨੂੰ ਸਮਾਜਿਕ ਬਣਾ ਕੇ ਪੇਸ਼ ਕਰਦਾ ਹੈ, ਲੋਕਾਂ ਦੇ ਬੁਨਿਆਦੀ ਮਸਲੇ ਸਿੱਖਿਆ, ਰੁਜ਼ਗਾਰ, ਸਿਹਤ ਸਹੂਲਤਾਂ ਦੀ ਥਾਂ ‘ਝੂਠਾ ਲਵ ਜਿਹਾਦ’, ‘ਗਊ ਰੱਖਿਆ’, ‘ਘਰ ਵਾਪਸੀ’ ਆਦਿ ਨੂੰ ਮੁੱਖ ਬਣਾ ਕੇ ਪੇਸ਼ ਕਰਦਾ ਹੈ। ਸੰਘੀ “ਕਤੀੜ” ਜਮਹੂਰੀਅਤ ਦੇ ਉਲਟ ਤਾਨਾਸ਼ਾਹੀ ਨੂੰ ਲਾਗੂ ਕਰਦੀ ਹੈ, ਅੱਜ ਲੋਕਾਂ ਨੂੰ ਅਸਲ ਦੁਸ਼ਮਣ ਧਨਾਢਾਂ, ਲੋਟੂ ਜਮਾਤ ਖਿਲਾਫ਼ ਲਾਮਬੰਦ ਕਰਨ ਦੀ ਅਹਿਮ ਲੋੜ੍ਹ ਹੈ ਅਤੇ ਫਾਸੀਵਾਦੀਆਂ ਦੇ ਝੂਠਾਂ ਨੂੰ ਜੱਗ-ਜ਼ਾਹਰ ਕਰ ਕੇ, ਜ਼ਮੀਨੀ ਤੌਰ ’ਤੇ ਸਿਆਸੀ, ਵਿਚਾਰਧਾਰਕ ਟੱਕਰ ਦੇਣ ਦੀ ਲੋੜ ਹੈ।

ਰਵਿੰਦਰ ਲਲਕਾਰ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਓ ਪਿਤਾ ਦਾ ਦਿਲੋਂ ਸਤਿਕਾਰ ਕਰੀਏ
Next articleਤਕਦੀਰ ਮੇਰੀ