(ਸਮਾਜ ਵੀਕਲੀ) ਗਾਹੇ ਵਗਾਹੇ ਹਰ ਕੰਮ ਵਿਚ ਕੋਈ ਨਾ ਕੋਈ ਸਲਾਹ ਕਾਰ ਜ਼ਰੂਰੀ ਹੁੰਦਾ ਹੈ। ਵੈਸੇ ਵੀ ਕਹਾਵਤ ਹੈ ਜੇਕਰ ਸੁੱਚਜਾ ਸਲਾਹਕਾਰ ਨਾ ਮਿਲੇ ਤਾਂ ਬੰਦਾ ਕੰਧ ਤੋਂ ਪੁੱਛ ਲਵੇ। ਪਰ ਮੈਨੂੰ ਕੰਧ ਨੂੰ ਪੁੱਛਣ ਦੀ ਕਦੋ ਨੋਬਤ ਨਹੀਂ ਆਈ ਪਰਮਾਤਮਾ ਦੀ ਫੁਲ ਕਿਰਪਾ ਹੈ ਮੇਰੇ ਤੇ ਹਮੇਸ਼ਾ ਸਲਾਹਕਾਰਾਂ ਦੀ ਬਰਸਾਤ ਹੁੰਦੀ ਆਈ ਹੈ। ਮੇਰੇ ਸਲਾਹਕਾਰ ਬਰਸਾਤੀ ਡੱਡੂਆਂ ਵਾਂਗੂੰ ਸਦਾ ਗੜੇ ਗੜੇ ਕਰਦੇ ਨਜ਼ਰ ਆਉਂਦੇ ਹਨ। ਇਨ੍ਹਾਂ ਵਿਚੋਂ ਕਈ ਇਸ ਤਰ੍ਹਾਂ ਵੀ ਹਨ ਤੂੰ ਕੌਣ ਮੈਂ ਖਾਹ ਮੁਖਾਹ। ਹੈਰਾਨੀ ਦੀ ਕੋਈ ਗੱਲ ਨਹੀਂ ਮੈ ਪਹਿਲਾਂ ਹੀ ਦੱਸ ਚੁਕਿਆ ਹਾਂ ਕਿ ਮੇਰੇ ਤੇ ਸਲਾਹਕਾਰਾਂ ਦੀ ਫੁਲ ਕਿਰਪਾ ਹੈ। ਮੈਨੂੰ ਮੇਰਾ ਇਕ ਸੱਜਣ ਕਹਿਣ ਲੱਗਾ ਅਜਕਲ ਇੱਟ ਚੁਕਿਆ ਸਲਾਹਕਾਰ ਮਿਲ ਜਾਂਦਾ ਮੈਂ ਕਿਹਾ ਮੇਰੇ ਵੱਲ ਇਟ ਚੁੱਕਣ ਦੀ ਜ਼ਰੂਰਤ ਨਹੀਂ ਇਟ ਉਪਰ ਦਸ ਦਸ ਸਲਾਹਕਾਰ ਬੈਠੇ ਮਿਲ ਜਾਂਦੇ ਹਨ। ਮੈਂ ਪਰਮਾਤਮਾ ਦੀ ਕਿਰਪਾ ਨਾਲ ਘਰ ਦੀ ਨੀਂਹ ਰੱਖ ਰਿਹਾ ਹਾਂ ਅੱਜ ਸਵੇਰੇ ਤੋਂ ਸਲਾਹਕਾਰਾਂ ਦਾ ਜਮਾਵੜਾ ਲਗਿਆ ਹੋਇਆ ਹੈ। ਇਟ ਕਿਹੜੇ ਭੱਠੇ ਤੋਂ ਆਦੀ ? ਇਟ ਅਬਲ ਹੈ ਜਾਂ ਦੋਮ ਕਿਤੇ ਵਿਚ ਤਿੜਕ ਤਾਂ ਨਹੀਂ। ਇਟ ਨਾਲੋਂ ਸੀਮੈਂਟ ਦੇ ਬ੍ਲਾਗ ਵਧੀਆ ਸੀ ਉਹ ਵਰਤਣੇ ਸਨ। ਨੀਂਹ ਦੀ ਡੂੰਘਾਈ ਕਿਨੀਂ ਰੱਖੀ ਚੌੜਾਈ ਕਿੰਨੀ ਹੈ। ਇਸ ਤੇ ਵੀ ਅਲੱਗ – ਅਲੱਗ ਸਲਾਹਕਾਰਾਂ ਦੀ ਅਲੱਗ – ਅਲੱਗ ਰਾਇ ਜਾਰੀ ਹੈ। ਗਟਕਾ ਕਿਨਾ ਪਾਇਆ ਮਿਸਤਰੀ ਕਿਹੜਾ ? ਠੇਕੇਦਾਰ ਨਾਲ ਪੂਰੀ ਗਲ ਕਰ ਲੀ ਆ ਪੈਰਾ ਫਟ , ਫਰਸ਼ , ਪਾਉੜੀ, ਮੋਂਟੀ ਡਿਜ਼ਾਇਨ ਲਿਖਾਂ ਪੜੀ ਕਰ ਲੈਣੀ ਸੀ ਠੇਕੇਦਾਰ ਮੁਕਰਣ ਲਗਿਆ ਮਿੰਟ ਲਾਉਂਦਾ ਚਾਰ ਬੰਦਿਆਂ ਸਾਮਣੇ ਗੱਲ ਕਰਨੀ ਸੀ । ਸੱਚ ਸੀਮੈਟ ਕਿਹੜੀ ਕੰਪਨੀ ਦਾ ਵੈਸੇ ਫਲਾਣੀ ਕੰਪਨੀ ਦਾ ਵਧੀਆ, ਸ਼ਰੀਆ ਕਿਹੜਾ ਵਰਤ ਰਹੇ ਹੋ। ਕੰਮ ਵਿਧ ਮਟੀਰੀਅਲ ਹੈ ਜਾਂ ਸਕੇਅਰ ਫੁੱਟ ਦੇ ਹਿਸਾਬ ਨਾਲ, ਦਿਹਾੜੀ ਤੇ ਕਰਵਾ ਲੈਣਾ ਸੀ ਵਧੀਆ ਰਹਿਣਾ ਸੀ ਠੇਕੇ ਤੇ ਫਾਹੇ ਹੀ ਵੱਢਦੇ ਆ । ਵੈਸੇ ਠੇਕਾ ਵਧੀਆ ਦਿਹਾੜੀਦਾਰ ਪੱਲੇ ਕੁਝ ਨਹੀਂ ਪਾਉਂਦੇ ਕਦੇ ਚਾਹ , ਕਦੇ ਰੋਟੀ ਆਉਂਦੇ ਮਗਰੋਂ ਜਾਣ ਦੀ ਤਿਆਰੀ ਪਹਿਲਾਂ ਹੁੰਦੀ ਆ , ਬੰਦਾ ਨਾਲ ਬੱਝ ਜਾਂਦਾ। ਖੈਰ ਉਪਰ ਰਹਿ ਕੇ ਕੰਮ ਕਰਵਾਇਆ ਜੇ ਮਕਾਨ ਵਾਰ ਵਾਰ ਨੀ ਬਣਦੇ। ਸੱਚ ਯਾਦ ਆਇਆ ਪਲੰਬਰ ਨੇ ਸਮਾਨ ਕਿਹੜੀ ਕੰਪਨੀ ਦਾ ਲਿਖਵਾਇਆ ਏ , ਧਿਆਨ ਰਖਿਆ ਜੇ ਇਹ ਦੁਕਾਨਾਂ ਵਾਲਿਆਂ ਨਾਲ ਰਲ ਕੇ ਘਾਲਾ ਮਾਲਾ ਕਰਨ ਨੂੰ ਮਿੰਟ ਲਾਉਂਦੇ ਆ। ਵੈਸੇ ਫਲਾਣੀ ਕੰਪਨੀ ਦਾ ਸਾਵਰ, ਟੂਟੀਆਂ, ਪਾਇਪ ਬਹੁਤ ਵਧੀਆ ਨੇ ਅਗੇ ਥੋਡੀ ਮਰਜੀ। ਵੀਰ ਬਿਜਲੀ ਫਿਟਿੰਗ ਵਧੀਆ ਬਿਜਲੀ ਵਾਲੇ ਕੋਲੋਂ ਕਰਵਾਇਆ ਜੇ ਸਵਿੱਚ ਤਾਰਾ ਲੋਡ ਦੇ ਹਿਸਾਬ ਨਾਲ ਪਹਿਲਾਂ ਹੀ ਪਵਾ ਲਿਆ ਜੇ।ਸਮਰਸੀਬ ਦਾ ਬੋਰ ਡੂੰਘਾ ਕਰਵਾ ਲੈਣਾ ਸੀ ਉਪਰ ਦੀ ਤੱਗੀ ਦਾ ਟੀ ਡੀ ਐਸ ਪਾਣੀ ਪੀਣ ਲਾਇਕ ਨਹੀਂ ਜੇ। ਸੱਚ ਮੁੱਚ ਹਰ ਪਾਸਿਓਂ ਸਲਾਹਾਂ ਦੀ ਹਨੇਰੀ ਝੁੱਲੀ ਹੋਈ ਹੈ। ਮੈਨੂੰ ਸਮਝ ਨਹੀਂ ਆ ਰਹੀ ਮੈਂ ਠੇਕੇਦਾਰ ਦੀ ਮੰਨਾਂ, ਪਲੰਬਰ ਦੀ ਮੰਨਾਂ, ਮਿਸਤਰੀ ਦੀ ਮੰਨਾਂ , ਬਿਜਲੀ ਵਾਲੇ ਦੀ ਮੰਨਾਂ ਮੈਨੂੰ ਸਮਝ ਨਹੀਂ ਆ ਰਹੀ, ਮੇਰਾ ਸਿਰ ਚਕਰਾਂ ਰਿਹਾ ਹੈ। ਇਨੇ ਨੂੰ ਇਕ ਹੋਰ ਸਲਾਹਕਾਰ ਨੇ ਸਲਾਹ ਦਿੱਤੀ ਸੁਣੋ ਸਭ ਕੀ ਕਰੋ ਮਨ ਕੀ । ਤੇ ਨਾਲ ਹੀ ਸਲਾਹਕਾਰ ਨੇ ਮਸ਼ਵਰਾ ਦਿੰਦੇ ਕਿਹਾ ਪੱਧਰ ਲਗਾ ਰਹੇ ਹੋ ਜਾਂ ਟਾਇਲ ਤੇ ਫਿਰ ਉਸ ਨੇ ਰਾਜਸਥਾਨ ਤੋਂ ਇਲਾਵਾ ਦਸ ਜਗ੍ਹਾ ਹੋਰ ਗਣਾਂ ਦਿਤੀਆਂ ਜਿਥੋਂ ਪੱਥਰ ਜਾਂ ਟਾਇਲ ਮਿਲਦਾ ਸੀ। ਤੇ ਨਾਲ ਹੀ ਸਲਾਹਕਾਰ ਵਲੋਂ ਸਲਾਹ ਦਿੱਤੀ ਕਿ ਪੰਜਾਬੀ ਕਾਰੀਗਰ ਕੋਲੋਂ ਟਾਇਲ ਜਾ ਪੱਥਰ ਨਾ ਲਵਾਂ ਲਵੀਂ ਇਸ ਕੰਮ ਨੂੰ ਪ੍ਰਵਾਸੀ ਤਸੱਲੀ ਬਖਸ਼ ਕਰਦੇ ਹਨ। ਮੇਰਾ ਦਿਮਾਗ ਅਜੇ ਪਹਿਲੇ ਸਲਾਹਕਾਰ ਵੱਲੋਂ ਦਿਤੀਆਂ ਸਲਾਹਾਂ ਵਿਚ ਹੀ ਗੋਤੇ ਖਾ ਰਿਹਾ ਸੀ ਕਿ। ਇਕ ਸਲਾਹਕਾਰ ਹੋਰ ਬੋਲਿਆ ਵੀਰ ਚੁਗਾਠਾਂ, ਪੱਲੇ ਕਿਹੜੀ ਲੱਕੜ ਦੇ ਲਗਾ ਰਹੇ ਹੋ ਤੇ ਨਾਲ ਹੀ ਉਸ ਨੇ ਅਲੱਗ ਅਲੱਗ ਲੱਕੜ ਦੇ ਨਫ਼ੇ ਨੁਕਸਾਨ ਦੱਸ ਕੇ ਮੇਰੇ ਦਿਮਾਗ ਦੀ ਹੋਰ ਕਸਰਤ ਕਰਵਾ ਦਿੱਤੀ ਇਨੇ ਨੂੰ ਲਾਗੇ ਖੜਾ ਦੂਜਾ ਸਲਾਹਕਾਰ ਬੋਲਿਆ ਚੁਗਾਠਾਂ ਸੀ ਮੈਂਟ ਦੀਆਂ ਵਧੀਆਂ ਰਹਿੰਦੀਆਂ ਦੂਜਾ ਬੋਲਿਆ ਨਹੀਂ ਨਹੀ ਅਜ ਕਲ ਸਟੀਲ ਦੀਆਂ ਚੁਗਾਠਾਂ ਚਲਦੀਆਂ ਨੇ। ਖੈਰ ਇਨ੍ਹਾਂ ਸਲਾਹਕਾਰਾਂ ਦੀਆਂ ਆਏ ਦਿਨ ਦਿਤੀਆਂ ਸਲਾਹਾਂ ਸਦਕਾ ਅੱਜ ਮਕਾਨ ਬਣ ਕੇ ਤਿਆਰ ਬਰ ਤਿਆਰ ਹੈ ਪਰ ਸਚ ਜਾਣਿਓ ਉਨ੍ਹਾਂ ਜ਼ੋਰ ਮੇਰਾ ਜਾ ਮੇਰੇ ਮਿਸਤਰੀਆਂ ਦਾ ਨਹੀ ਲਗਿਆ ਜਿਨ੍ਹਾਂ ਇਨ੍ਹਾਂ ਸਲਾਹਕਾਰਾਂ ਦਾ ਲੱਗਿਆ ਹੈ। ਘਰ ਬਣਨ ਤੋਂ ਬਾਅਦ ਵਧਾਈਆਂ ਦੇਣ ਅਤੇ ਬਣੇਂ ਘਰ ਵਿੱਚ ਨੁਕਸ ਕੱਢਣ ਤੱਕ ਬਣਦੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਮੈਂ ਆਪਣੇ ਸਲਾਹਕਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਪਰ ਮੇਰੀ ਧਰਮ ਪਤਨੀ ਇਨ੍ਹਾਂ ਸਲਾਹਕਾਰਾਂ ਦੀਆਂ ਸਲਾਹਾਂ ਤੋਂ ਪ੍ਰੇਸ਼ਾਨ ਹੈ ਉਸ ਦਾ ਕਹਿਣਾ ਹੈ ਧੰਨ ਹੋ ਤੁਸੀਂ ਤੇ ਧੰਨ ਨੇ ਤੁਹਾਡੇ ਸਲਾਹਕਾਰ। ਅੱਜ ਕੁਝ ਸਲਾਹਕਾਰਾਂ ਇਹ ਵੀ ਸਲਾਹ ਦੇ ਗਏ ਹਨ ਕਿ ਨਵੀਂ ਕਾਰ ਲੈਸ ਲਵੋ ਉਨ੍ਹਾਂ ਵਿਚੋਂ ਬਹੁਤਿਆਂ ਦਾ ਕਹਿਣਾ ਹੈ ਪੈਸੇ ਮਕਾਨ ਜਾਂ ਕਾਰ ਤੇ ਨਹੀ ਬਿਜਨੈਸ ਵਿਚ ਲਾਉਣੇ ਚਾਹੀਦੇ ਹਨ। ਕੁਝ ਦਾ ਕਹਿਣਾ ਹੈ ਕਿ ਲੋਨ ਲੈ ਲੈਣਾ ਚਾਹੀਦਾ ਹੈ। ਕੁਝ ਦਾ ਕਹਿਣਾ ਹੈ ਕਿ ਕਾਰ ਸੈਕਿੰਡ ਹੈਂਡ ਲੈ ਲਵੋ ਪਰ ਮੇਰੀ ਧਰਮ ਪਤਨੀ ਦਾ ਕਹਿਣਾ ਹੈ ਕਿ ਰੱਬ ਬਚਾਵੇ ਅਜਿਹੇ ਸਲਾਹਕਾਰਾਂ ਤੋਂ। ਪਰ ਮੇਰਾ ਮੰਨਣਾ ਹੈ ਸਲਾਹਕਾਰ ਜ਼ਰੂਰੀ ਹਨ ਮੰਨਣ ਜਾਂ ਨਾ ਮੰਨਣਾ ਇਹ ਸਾਡੇ ਤੇ ਨਿਰਭਰ ਕਰਦਾ ਹੈ।
ਲੇਖਕ ਪੱਤਰਕਾਰ ਹਰਜਿੰਦਰ ਸਿੰਘ ਚੰਦੀ ਮਹਿਤਪੁਰ
9814601638
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



