(ਸਮਾਜ ਵੀਕਲੀ) ਸਕੂਲ ਵਿੱਚ ਵਧੀਆ ਅਨੁਸਾਸ਼ਨ ਬਣਾ ਕੇ ਰੱਖਣਾ ਸਿੱਖਿਆ ਖੇਤਰ ਦਾ ਇੱਕ ਮਹੱਤਵਪੂਰਨ ਕੰਮ ਹੈ, ਜਿਹੜਾ ਵਿਦਿਆਰਥੀਆਂ ਦੀ ਪੜ੍ਹਾਈ ਭਾਵ ਕੁੱਝ ਸਿੱਖਣ ਅਤੇ ਸਮੱਝਣ ਲਈ ਸਹੀ ਵਾਤਾਵਰਣ ਬਣਾਉਣ ਵਿੱਚ ਪੂਰਾ ਲਾਭਦਾਇਕ ਹੁੰਦਾ ਹੈ। ਇਸ ਕੰਮ ਵਿੱਚ ਸਕੂਲ ਮੁਖੀ ਅਤੇ ਅਧਿਆਪਕਾਂ ਦੀ ਇੱਕ ਚੰਗੀ ਟੀਮ ਵਜੋਂ ਬਹੁਤ ਹੀ ਅਹਿਮ ਭੂਮਿਕਾ ਹੁੰਦੀ ਹੈ। ਸਕੂਲ ਵਿੱਚ ਅਨੁਸ਼ਾਸਨ ਲਈ ਸਹੀ ਮਿਆਰ ਤੈਅ ਕਰਨ ਦੀ ਜਿੰਮੇਵਾਰੀ ਮੁਖੀ ਦੀ ਹੁੰਦੀ ਹੈ। ਉਸਨੂੰ ਬਿਲਕੁੱਲ ਸਪੱਸ਼ਟ ਤੇ ਨਿਆਪੂਰਨ ਨਿਯਮ ਬਣਾਉਣੇ ਚਾਹੀਦੇ ਹਨ, ਜਿਹੜੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਤੱਕ ਪਹੁੰਚਾਉਣੇ ਯਕੀਨੀ ਬਣਾਏ ਜਾਣ। ਸਕੂਲ ਮੁਖੀ ਨੂੰ ਆਪਣੇ ਚੰਗੇ ਵਿਹਾਰ ਜਿਵੇਂ ਕਿ ਸਮੇਂ ਦੀ ਪਾਬੰਦੀ ਰੱਖਣੀ, ਸਨਮਾਨਜਨਕ ਅਤੇ ਪੇਸ਼ਾਵਰ ਹੋਣਾ ਆਦਿ ਗੁਣਾ ਨਾਲ ਅਧਿਆਪਕਾਂ ਸਾਹਮਣੇ ਪ੍ਰੇਰਿਤ ਮਿਸਾਲ ਬਣਨਾ ਚਾਹੀਦਾ ਹੈ। ਸਕੂਲ ਵਿੱਚ ਵੱਖ-ਵੱਖ ਜਮਾਤਾਂ ਦਾ ਅਨੁਸ਼ਾਸਨ ਸੰਭਾਲਣ ਲਈ ਅਧਿਆਪਕਾਂ ਨੂੰ ਲੋੜੀਂਦੀ ਸਿਖਲਾਈ ਦੇ ਕੇ, ਉਹਨਾਂ ਨਾਲ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ। ਇਸਤੋਂ ਇਲਾਵਾ ਸਕੂਲ ਵਿੱਚ ਅੱਧੀ ਛੁੱਟੀ ਦੇ ਸਮੇਂ ਦੌਰਾਨ ਵੀ ਡਿਊਟੀ ਹਾਊਸ ਦੇ ਅਧਿਆਪਕਾਂ ਮੈਬਰਾਂ ਵੱਲੋਂ, ਨਿਯਮਤ ਤੌਰ ਤੇ ਵਿਦਿਆਰਥੀਆਂ ਦੀ ਵਿਹਾਰਕ ਨਿਗਰਾਨੀ ਕਰਨੀ ਚਾਹੀਦੀ ਹੈ। ਅਨੁਸਾਸਨ ਸਬੰਧੀ ਰਿਪੋਰਟਾਂ ਦੀ ਸਮੀਖਿਆ ਕਰਨ ਉਪਰੰਤ ਲੋੜ ਅਨੁਸਾਰ ਅਧਿਆਪਕਾਂ ਦੇ ਸਹਿਯੋਗ ਨਾਲ ਨੀਤੀਆਂ ਵਿੱਚ ਸੋਧ ਕਰਨੀ ਚਾਹੀਦੀ ਹੈ। ਵਿਦਿਆਰਥੀਆਂ ਦੀ ਵਿਹਾਰਕ ਜਾਣਕਾਰੀ ਮਾਪਿਆਂ ਨਾਲ ਸਾਂਝੀ ਕਰਦੇ ਹੋਏ, ਉਹਨਾਂ ਨੂੰ ਅਨੁਸ਼ਾਸਨ ਦੀ ਪ੍ਰਕਿਰਿਆ ਵਿੱਚ ਸ਼ਾਮਿਲ ਕਰਨਾ ਚਾਹਦਾ ਹੈ। ਅਧਿਆਪਕਾਂ ਵੱਲੋਂ ਆਪਣੇ ਜਮਾਤਾਂ ਦੇ ਕਮਰਿਆਂ ਵਿੱਚ ਪੂਰਾ ਅਨੁਸ਼ਾਸਨ ਰੱਖਣ ਹਿੱਤ, ਵਿਦਿਆਰਥੀਆਂ ਲਈ ਸਪੱਸ਼ਟ ਨਿਯਮ ਤੇ ਉਮੀਦਾਂ ਤੈਅ ਕਰਨੀਆਂ ਚਾਹੀਦੀਆਂ ਹਨ ਅਤੇ ਉਹਨਾਂ ਨੂੰ ਸੰਭਾਵਿਤ ਨਤੀਜੇ ਵੀ ਦੱਸਣੇ ਚਾਹੀਦੇ ਹਨ। ਅਧਿਆਪਕਾਂ ਨੂੰ ਵਿਦਿਆਰਥੀਆਂ ਨਾਲ ਸਕਾਰਤਮਕ ਸਬੰਧ ਬਣਾਉਣੇ ਚਾਹੀਦੇ ਹਨ ਅਤੇ ਉਹਨਾਂ ਵਿੱਚ ਵਿਕਾਸਸ਼ੀਲ ਸੋਚ ਨੂੰ ਉਤਸਹਿਤ ਕਰਨਾ ਚਾਹੀਦਾ ਹੈ। ਅਧਿਆਪਕਾਂ ਵੱਲੋਂ ਜਮਾਤ ਵਿੱਚ ਚੰਗਾ ਵਿਹਾਰ ਕਰਨ ਵਿਦਿਆਰਥੀਆਂ ਦੀ ਪ੍ਰਸੰਸਾ ਕਰਨੀ ਚਾਹੀਦੀ ਹੈ ਅਤੇ ਗਲਤ ਵਿਹਾਰ ਕਰਨ ਵਾਲੇ ਵਿਦਿਆਰਥੀਆਂ ਵਿਰੁੱਧ ਉਚਿਤ ਕਾਰਵਾਈ ਕਰਨੀ ਚਾਹੀਦੀ ਹੈ। ਸਕੂਲ ਮੁਖੀ ਅਤੇ ਅਧਿਆਪਕ ਚੰਗਾ ਅਨੁਸਾਸਨ ਬਣਾ ਕੇ ਰੱਖਣ ਲਈ ਲੋੜ ਅਨੁਸਾਰ ਹੋਰ ਬਹੁਤ ਸਾਰੇ ਤਰੀਕੇ ਵੀ ਵਰਤ ਸਕਦੇ ਹਨ। ਸਵੇਰ ਦੀ ਸਭਾ ਵਿੱਚ ਚੰਗੇ ਵਹਾਰ ਵਾਲੇ ਵਿਦਿਆਰਥੀਆਂ ਨੂੰ ਸਤਿਕਾਰ ਵਜੋਂ ਸਟਿਕਰ ਜਾਂ ਇਨਾਮ ਦਿੱਤਾ ਜਾ ਸਕਦਾ ਹੈ। ਸਕੂਲ ਮੁਖੀ ਅਤੇ ਡਿਊਟੀ ਹਾਊਸ ਦੇ ਅਧਿਆਪਕ ਵੱਲੋਂ ਵਿਦਿਆਰਥੀਆਂ ਨੂੰ ਅਨੁਸ਼ਾਸਨ, ਆਤਮਚੇਤਨਾ ਆਤਮ ਨਿਯੰਤਰ ਅਤੇ ਹਮਦਰਦੀ ਆਦਿ ਗੁਣਾ ਦੇ ਧਾਰਨੀ ਬਣਾਉਣ ਸਬੰਧੀ ਪ੍ਰੇਰਿਤ ਕਰਨਾ ਚਾਹੀਦਾ ਹੈ। ਅੰਤ ਵਿੱਚ ਉਪਰੋਕਤ ਚਰਚਾ ਦੇ ਨਤੀਜੇ ਵਜੋਂ ਅਸੀ ਕਹਿ ਸਕਦੇ ਹਾਂ ਕਿ ਸਕੂਲ ਵਿੱਚ ਅਨੁਸ਼ਾਸਨ ਬਣਾ ਕੇ ਰੱਖਣਾ ਇੱਕ ਲਾਜਮੀ ਸਿਖਿਆ ਕਾਰਜ ਹੈ।, ਜਿਹੜਾ ਪਾਠਕ੍ਰਮ ਅਤੇ ਸਮਾਜਿਕ ਭਾਵਨਾਤਮਕ ਵਿਕਾਸ ਲਈ ਬਹੁਤ ਹੀ ਜਰੂਰੀ ਹੈ। ਸਕੂਲ ਮੁਖੀ ਸਪੱਸਟ ਨਿਯਮ ਤੈਅ ਕਰਕੇ, ਖੁਦ ਮਿਸਾਲ ਬਣ ਕੇ, ਅਧਿਆਪਕਾਂ ਦੇ ਸਹਿਯੋਗ ਨਾਲ ਵਧੀਆ ਅਨੁਸ਼ਾਸਨ ਬਣਾ ਕੇ ਰੱਖ ਸਕਦਾ ਹੈ। ਅਧਿਆਪਕਾਂ ਨੂੰ ਵੀ ਵਿਦਿਆਰਥੀਆਂ ਲਈ ਉਚਿਤ ਉਮੀਦਾਂ ਰੱਖ ਕੇ ਅਤੇ ਸਕਾਰਤਮਕ ਵਾਤਾਵਰਣ ਬਣਾ ਕੇ ਇਸ ਪ੍ਰਕਿਰਿਆ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਤਰ੍ਹਾ ਪੂਰੀ ਟੀਮ ਮਿਲ ਕੇ ਸਕੂਲ ਵਿੱਚ ਇੱਕ ਸਹਿਯੋਗੀ ਅਤੇ ਵਿਦਿਆਰਥੀਆਂ ਦੇ ਕੁੱਝ ਸਿੱਖਣ ਦਾ ਮਾਹੌਲ ਬਣਾਉਣ ਵਿੱਚ ਪੂਰੀ ਤਰ੍ਹਾਂ ਸਫਲ ਹੁੰਦੀ ਹੈ।
ਬਲਵਿੰਦਰ ਕੌਰ ਸਕੂਲ ਮੁਖੀ (ਲੈਕਚਰਾਰ ਅਰਥਸ਼ਾਸਤਰ) ਸ.ਸ.ਸ. ਪੱਕਾ ਕਲਾਂ (ਬਠਿੰਡਾ)
ਮੋਬਾ. ਨੰ :- 81467-00303


