(ਸਮਾਜ ਵੀਕਲੀ)
ਮੇਰੇ ਸਕੂਲ ਦੀਆਂ ਬੱਚੀਆਂ ਵੱਲੋਂ ‘ਅਧਿਆਪਕ ਦਿਵਸ’ ਤੇ ਮੈਨੂੰ ਦਿੱਤੇ ਅਸਾਧਾਰਨ ਤੋਹਫਿਆਂ ਦਾ ਜ਼ਿਕਰ ਕਰਦਿਆਂ।
ਮੇਰੀ ਸੋਚ ਅਨੁਸਾਰ ਇੱਕ ਅਧਿਆਪਕ ਨੂੰ ਅਤੇ ਇੱਕ ਲਿਖਾਰੀ ਨੂੰ ਤੋਹਫ਼ੇ ਵਜੋਂ ਮਿਲੀ ਸਭ ਤੋਂ ਕੀਮਤੀ ਵਸਤੂ ‘ਕਲਮ’ ਹੁੰਦੀ ਹੈ। ਜਿਸ ਨਾਲ ਉਸਨੇ ਦੇਸ਼ ਦੇ ਬੀਜ ਰੂਪੀ ਭਵਿੱਖ ਨੂੰ ਕਲਮ ਦੀ ਸਿਆਹੀ ਨਾਲ ਸਿੰਚ ਕੇ ਇੱਕ ਫਲਦਾਰ ਰੁੱਖ ਬਣਾਉਣਾ ਹੁੰਦਾ ਹੈ। ਜਿਸ ਨਾਲ ਇੱਕ ਲਿਖਾਰੀ ਨੇ ਆਮ ਲੋਕਾਂ ਦੀ ਗੱਲ ਲਿਖਣੀ ਹੁੰਦੀ ਹੈ। ਸੱਤਾ ਦੇ ਜ਼ਬਰ ਖ਼ਿਲਾਫ਼ ‘ਕਲਮ’ ਨੂੰ ਹਥਿਆਰ ਵਾਂਗੂੰ ਵਰਤਣਾ ਹੁੰਦਾ ਹੈ। ਅੱਜ ਅਧਿਆਪਕ ਦਿਵਸ ਤੇ ਮੈਨੂੰ ਇਸ (ਕਲਮ) ਅਣਮੁੱਲੀ ਸੁਗਾਤ ਦਾ ਮਾਣ ਮੇਰੇ ਬਹੁਤ ਪਿਆਰੇ ਅਤੇ ਹੋਣਹਾਰ ਵਿਦਿਆਰਥੀਆਂ ਵੱਲੋਂ ਮਿਲਿਆ ਹੈ। ਸਰਕਾਰੀ ਸਕੂਲਾਂ ਵਿੱਚ ਜਿਆਦਾਤਰ ਗਰੀਬ ਤਬਕੇ ਦੇ ਲੋਕਾਂ ਦੇ ਬੱਚੇ ਹੀ ਪੜ੍ਹਦੇ ਹਨ। ਮੇਰੇ ਸਕੂਲ ਵਿੱਚ ਵੀ ਨੱਬੇ ਪ੍ਰਤੀਸ਼ਤ ਵਿਦਿਆਰਥੀ ਇਸੇ ਤਬਕੇ ਵਿੱਚੋਂ ਆਉਂਦੇ ਹਨ।
ਕਿਸੇ ਬੱਚੇ ਦਾ ਪਿਤਾ ਨਹੀਂ ਹੈ। ਪਿਤਾ ਜੇ ਹੈ ਤਾਂ ਉਹ ਨਸ਼ਿਆਂ ਦੀ ਦਲਦਲ ਵਿੱਚ ਫ਼ਸਿਆ ਹੋਇਆ ਹੈ। ਕਿਸੇ ਬੱਚੇ ਦੀ ਮਾਂ ਨਹੀਂ ਹੈ। ਕਿਸੇ ਬੱਚੇ ਦੇ ਮਾਂ-ਬਾਪ ਦੋਵੇਂ ਹੀ ਨਹੀਂ ਹਨ। ਜਿਸ ਪਿੰਡ ਦੇ ਸਰਕਾਰੀ ਸਕੂਲ ਵਿੱਚ ਮੈਂ ਪੜ੍ਹਾਉਂਦਾ ਹਾਂ ਕੁੱਝ ਸਮੇਂ ਪਹਿਲਾਂ ਉਸ ਪਿੰਡ ਵਿੱਚ ਹੀ ਮੇਰੀ ਬੀ.ਐਲ.ਓ ਦੀ ਡਿਊਟੀ ਲੱਗ ਗਈ। ਵੋਟਾਂ ਬਣਾਉਣ ਦੇ ਸਿਲਸਿਲੇ ਵਿੱਚ ਜਦੋਂ ਮੈਂ ਪੂਰੇ ਪਿੰਡ ਦਾ ਚੱਕਰ ਲਗਾਇਆ ਤਾਂ ਮੈਂ ਵੇਖ ਕੇ ਬਹੁਤ ਹੈਰਾਨ ਹੋਇਆ ਕਿ ਗਰੀਬ ਤਬਕੇ ਦੇ ਲੋਕਾਂ ਦੇ ਹਾਲਾਤ ਬਹੁਤ ਜ਼ਿਆਦਾ ਤਰਸਯੋਗ ਸਨ। ਖ਼ਾਸ ਲੋਕਾਂ ਅਨੁਸਾਰ ਦੇਸ਼ ਭਾਵੇਂ ਤਰੱਕੀਆਂ ਦੇ ਰਾਹਾਂ ਤੇ ਤੁਰ ਰਿਹਾ ਹੈ ਪਰ ਉਹਨਾਂ ਦਾ ਇਹ ਵਿਚਾਰ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹੈ। ਮੈਂ ਵੇਖ ਕੇ ਹੈਰਾਨ ਸੀ ਕਿ ਇੱਕੋ ਕਮਰੇ ਦਾ ਕੱਚਾ ਘਰ ਜਿੱਥੇ ਬਿਜਲੀ ਦਾ ਪ੍ਰਬੰਧ ਵੀ ਪੂਰਾ ਨਹੀਂ ਹੈ।
ਉੱਥੇ ਇਹਨਾਂ ਬੱਚਿਆਂ ਨੂੰ ਪੜ੍ਹਨ ਦਾ ਮਾਹੌਲ ਕਿਵੇਂ ਮਿਲ ਸਕਦਾ ਹੈ। ਕਿਵੇਂ ਸਕੂਲ ਤੋਂ ਬਾਦ ਮਾਤਾ-ਪਿਤਾ ਨਾਲ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਤੋਂ ਬਾਅਦ ਇਹ ਬੱਚੇ ਰਾਤ ਨੂੰ ਨਾ-ਮਾਤਰ ਚਾਨਣੇ ਵਿੱਚ ਸਕੂਲ ਦਾ ਕੰਮ ਪੂਰਾ ਕਰਦੇ ਹੋਣੇ। ਅਸੀਂ ਇਹਨਾਂ ਨੂੰ ਨਹ੍ਹਾ ਕੇ ਆਉਣ ਲਈ ਕਹਿ ਦਿੰਦੇ ਹਾਂ। ਇਸ ਕਰਕੇ ਕਈ ਵਾਰ ਸਜ਼ਾ ਵੀ ਦੇ ਦਿੰਦੇ ਹਾਂ ਪਰ ਜਦ ਮੈਂ ਵੇਖਿਆ ਕਿ ਇਹਨਾਂ ਦੇ ਬਹੁਤੇ ਘਰਾਂ ਵਿੱਚ ਤਾਂ ਨਹਾਉਣ ਲਈ ਗੁਸਲਖਾਨਾ ਹੀ ਨਹੀਂ ਫਿਰ ਇਹ ਸਰਦੀਆਂ ਦੀ ਠਾਰ ਦੇਣ ਵਾਲੀ ਸਵੇਰ ਨੂੰ ਕਿਵੇਂ ਨਹਾਉਂਣ ਦੀ ਸੋਚ ਸਕਦੇ ਹਨ। ਪਰ ਮੇਰਾ ਸਲਾਮ ਹੈ ਇਹਨਾਂ ਬੱਚਿਆਂ ਨੂੰ ਜਿਹੜੇ ਇਹਨਾਂ ਕਠਨਾਈਆਂ ਨੂੰ ਨਜ਼ਰ ਅੰਦਾਜ਼ ਕਰਕੇ ਇੱਕ ਦਮ ਸਾਫ਼ ਸੁਥਰੇ ਬਣ ਕੇ ਸਮੇਂ ਸਿਰ ਸਕੂਲ ਆਉਂਦੇ ਹਨ ਅਤੇ ਇਹਨਾਂ ਦੇ ਜੋ ਹਾਲਾਤ ਵੇਖ ਕੇ ਮੇਰੀ ਰੂਹ ਕੰਬ ਗਈ ਸੀ ਉਸ ਦਾ ਦਰਦ ਇਹ ਆਪਣੇ ਚਿਹਰੇ ਤੇ ਆਉਂਣ ਤੱਕ ਨਹੀਂ ਦਿੰਦੇ।
ਬਹੁਤੀਆਂ ਵਿਦਿਆਰਥਣਾਂ ਤਾਂ ਐਨੀਆਂ ਜ਼ਿਆਦਾ ਹੁਸ਼ਿਆਰ ਹਨ ਕਿ ਮੈਨੂੰ ਹੈਰਾਨੀ ਹੁੰਦੀ ਹੈ ਕਿ ਇਹਨਾਂ ਹਾਲਾਤਾਂ ਵਿੱਚੋਂ ਉੱਠ ਕੇ ਆਉਂਦੀਆਂ ਇਹ ਮੇਰੀਆਂ ਪਿਆਰੀਆਂ ਧੀ ਰਾਣੀਆਂ ਐਨੀਆਂ ਸਮਝਦਾਰ ਕਿਵੇਂ ਹੋ ਸਕਦੀਆਂ ਹਨ। ਇਹਨਾਂ ਦੀਆਂ ਭੋਲੀਆਂ ਮਾਸੂਮ ਸ਼ਕਲਾਂ ਵੇਖ ਕੇ ਅਤੇ ਇਹਨਾਂ ਦੇ ਹਾਲਾਤਾਂ ਬਾਰੇ ਸੋਚ ਕੇ ਦਿਲ ਅੰਦਰੋ-ਅੰਦਰੀ ਰੋਣ ਲੱਗ ਜਾਂਦਾ ਹੈ। ਅਤੇ ਇਹ ਡਰ ਵੀ ਲੱਗਦਾ ਹੈ ਕੀ ਇਹਨਾਂ ਵਿੱਚੋਂ ਬਹੁਤੀਆਂ ਹੁਨਰਮੰਦ ਬੱਚੀਆਂ ਨੂੰ ਇਹਨਾਂ ਦੇ ਮਾਂ-ਪਿਓ ਗਰੀਬੀ ਕਰਕੇ ਅੱਗੇ ਪੜ੍ਹਾ ਨਹੀਂ ਸਕਣਗੇ ਅਤੇ ਛੋਟੀ ਉਮਰੇ ਹੀ ਵਿਆਹ ਦੇਣਗੇ। ਮਰ ਜਾਵੇਗਾ ਇਹਨਾਂ ਦਾ ਹੁਨਰ ਉਹਨਾਂ ਸੱਤ ਫੇਰਿਆਂ ਦੇ ਨਾਲ। ਬਹੁਤ ਕੁਝ ਟੁੱਟਦਾ ਜਿਹਾ ਮਹਿਸੂਸ ਕਰਦਾ ਹਾਂ ਮੈਂ ਆਪਣੇ ਆਪ ਵਿੱਚੋਂ ਜਦੋਂ ਇਹ ਖਿਆਲ ਮੇਰੇ ਮਨ ਵਿੱਚ ਆ ਜਵਾਲਾਮੁਖੀ ਵਾਂਗੂੰ ਵਿਸਫ਼ੋਟ ਕਰਦੇ ਹਨ। ਇਸ ਵਰਤਾਰੇ ਦੀ ਪਿੱਠ-ਭੁਮੀ ਪਿੱਛੇ ਕੰਮ ਕਰਦੇ ਕਾਰਨਾਂ ਵਿਚੋਂ ਇੱਕ ਕਾਰਨ ਗਰੀਬੀ ਅਤੇ ਅਨਪੜ੍ਹਤਾ ਵੀ ਹੈ।
ਅੱਜ ਜਦੋਂ ਇਹਨਾਂ ਬੱਚੀਆਂ ਨੇ ਮੈਨੂੰ ਨੀਲੇ ਅਤੇ ਲਾਲ ਰੰਗ ਦੇ ਦੋ ਪੈਨ ਨੀਲੇ ਚਮਕੀਲੇ ਲਿਫਾਫਿਆਂ ਵਿੱਚ ਪੈਕ ਕਰਕੇ ‘ਹੈਪੀ ਟੀਚਰਜ਼ ਡੇ’ ਕਹਿਕੇ ਦਿੱਤੇ ਤਾਂ ਸੱਚ ਜਾਣਿਓ ਮੇਰੀ ਜ਼ੁਬਾਨ ਵਿੱਚ ਉਹਨਾਂ ਦਾ ਇਸ ਗੱਲ ਲਈ ਸ਼ੁਕਰੀਆ ਕਹਿਣ ਲਈ ਸ਼ਬਦ ਹੀ ਨਹੀਂ ਸਨ। ਖੁਸ਼ੀ ਵੀ ਹੋਈ ਤੇ ਦਿਮਾਗ ਉਸ ਪਾਸੇ ਵੱਲ ਨੂੰ ਤੁਰ ਪਿਆ ਕਿ ਕਿਵੇਂ ਇਹਨਾਂ ਮਾਸੂਮ ਜਹੀਆਂ ਪਿਆਰੀਆਂ ਬੱਚੀਆਂ ਨੇ ਏਨੇ ਪੈਸਿਆਂ ਦਾ ਇੰਤਜ਼ਾਮ ਕੀਤਾ ਹੋਣਾ। ਜਿਹਨਾਂ ਦੇ ਘਰ ਦਾ ਗੁਜ਼ਾਰਾ ਮਸਾ ਚਲਦਾ ਹੈ। ਮੇਰੇ ਖਿਆਲ ਨਾਲ ਲੱਗਭਗ ਪੰਜਾਹ ਰੁਪਏ ਕੀਮਤ ਤਾਂ ਹੋਵੇਗੀ ਇਹਨਾਂ ਕਲਮਾਂ ਦੀ। ਫਿਰ ਕਿਵੇਂ ਇਹਨਾਂ ਨੇ ਉਸ ਰੰਗੀਨ ਕਵਰ ਦਾ ਇੰਤਜ਼ਾਮ ਕੀਤਾ ਹੋਣਾ।
ਅੱਤ ਗਰੀਬੀ ਵਿੱਚੋਂ ਆਉਂਦੀਆਂ ਇਹਨਾਂ ਬੱਚੀਆਂ ਵੱਲੋਂ ਕੀਤਾ ਇਹ ਉੱਦਮ ਮੈਨੂੰ ਅਸਾਧਾਰਨ ਲੱਗਿਆ ਪਰ ਕਿਵੇਂ ਵੀ ਇਹਨਾਂ ਬੱਚੀਆਂ ਨੇ ਅੱਜ ਜੋ ਮੈਨੂੰ ਖੁਸ਼ੀ ਦਿੱਤੀ ਹੈ ਉਹ ਜੇਕਰ ਮੈਂ ਸ਼ਬਦਾਂ ਵਿੱਚ ਬਿਆਨ ਕਰਨਾ ਚਾਹਾਂਗਾ ਤਾਂ ਸ਼ਬਦ ਵੀ ਇਸ ਨਾਲ ਇਨਸਾਫ਼ ਨਹੀਂ ਕਰ ਪਾਉਣਗੇ। ਮੇਰੇ ਸਕੂਲ ਦੇ ਗਰੀਬ ਘਰਾਂ ਵਿੱਚੋਂ ਆਉਂਦੇ ਇਹਨਾਂ ਬੱਚਿਆਂ ਵੱਲੋਂ ਦਿੱਤਾ ਇਹ ਤੋਹਫ਼ਾ ਮੇਰੇ ਲਈ ਖ਼ਾਸ ਥਾਂ ਰੱਖਦਾ ਹੈ। ਅੰਤ ਮੈਂ ਪ੍ਰਮਾਤਮਾ ਅੱਗੇ ਇਹੋ ਪ੍ਰਾਥਨਾ ਕਰਦਾ ਹਾਂ ਕਿ ਇਹਨਾਂ ਮਿਹਨਤੀ ਅਤੇ ਕਿਸਮਤ ਨਾਲ ਲੜਨ ਵਾਲੇ ਬੱਚਿਆਂ ਨੂੰ ਹਮੇਸ਼ਾ ਰਸਤਾ ਵਿਖਾਉਂਦਾ ਰਹੇ। ਕਿਉਂਕਿ ਸਹੀ ਰਸਤਿਆਂ ਤੇ ਤੁਰ ਕੇ ਮੰਜ਼ਿਲਾਂ ਤੱਕ ਪਹੁੰਚਣ ਦਾ ਹੁਨਰ ਇਹਨਾਂ ਨੂੰ ਇਹਨਾਂ ਦੇ ਹਾਲਾਤ ਚੰਗੀ ਤਰ੍ਹਾਂ ਸਿਖਾ ਦਿੰਦੇ ਹਨ।
ਚਰਨਜੀਤ ਸਿੰਘ ਰਾਜੌਰ
8427929558
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly