(ਸਮਾਜ ਵੀਕਲੀ)
ਭੁੱਖ ਤੋਂ ਆਜਜ਼ ਆ ਕੇ ਜਿਸਨੇ ਰੋਟੀ ਖੋਹੀ ਹੋਵੇ
ਤੇਰੇ ਭਾਣੇ ਉਹ ਵੀ ਭਾਵੇਂ ਦੇਸ਼-ਧਰੋਹੀ ਹੋਵੇ
ਤੂੰ ਹੱਥ ਛੱਡਿਆ, ਮੇਰੇ ਅੰਦਰ ਜੰਗਲ ਚੀਕ ਪਿਆ ਹੈ
ਜਿੱਦਾਂ ਇਸ ਤੋਂ ਅੱਗੇ ਬਸ ਰੋਹੀ ਹੀ ਰੋਹੀ ਹੋਵੇ
ਲਭਦਾਂ, ਕੋਈ ਗੀਤ ਮਿਲੇ ਅਣ-ਲਿਖਿਆ ਮੇਰੀ ਖ਼ਾਤਰ
ਜਾਂ ਫਿਰ ਕੋਈ ਬੂੰਦ ਮੇਰੇ ਨਾਂ ਦੀ ਅਣਛੋਹੀ ਹੋਵੇ
ਪੋਟੇ ਛੂੰਹਦੇ ਸਾਰ ਹੀ ਅੰਤਿਮ ਕਣ ਤਕ ਲਰਜ਼ ਗਿਆ ਏਂ
ਹੋ ਸਕਦੈ ਉਸਨੇ ਉੱਪਰਲੀ ਤਹਿ ਹੀ ਟੋਹੀ ਹੋਵੇ
ਹਰ ਅਣਜਾਣੀ ਦਸਤਕ ‘ਤੇ ਬੂਹਾ ਖੋਲ੍ਹਦਿਆਂ ਸੋਚਾਂ
ਕਿੰਨਾ ਚੰਗਾ ਹੋਵੇ ਜੇ ਇਸ ਵਾਰੀ ‘ਓਹੀ’ ਹੋਵੇ
ਪੈਰ ਨੂੰ ਲੱਗੀ ਖੇਤ ਦੀ ਮਿੱਟੀ ਤੋਂ ਕਾਣਤ ਮੰਨਦੀ ਹੈ
ਫਰਸ਼ ਮੇਰੇ ਦਫਤਰ ਦੀ ਕਿਉਂ ਏਡੀ ਨਿਰਮੋਹੀ ਹੋਵੇ
ਸੁਖਦੇਵ ਸਿੰਘ
ਸੰਪਰਕ: 0091-6283011456
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly