ਮੋਦੀ ਕੇਦਾਰਨਾਥ ਨਤਮਸਤਕ, ਕਈ ਪ੍ਰਾਜੈਕਟਾਂ ਦਾ ਉਦਘਾਟਨ

 

  • ਪ੍ਰਧਾਨ ਮੰਤਰੀ ਮੁਤਾਬਕ ਰੁਜ਼ਗਾਰ ਦੇ ਨਵੇਂ ਮੌਕੇ ਪਹਾੜਾਂ ਤੋਂ ਪਰਵਾਸ ਰੋਕਣਗੇ

ਦੇਹਰਾਦੂਨ/ਕੇਦਾਰਨਾਥ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੇਦਾਰਨਾਥ ਵਿਚ ਕਿਹਾ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਆਉਣ ਵਾਲਾ ਦਹਾਕਾ ਉੱਤਰਾਖੰਡ ਦੇ ਵਿਕਾਸ ਦਾ ਹੋਵੇਗਾ ਤੇ ਇਸ ਦੇ ਨਾਲ ਹੀ ਪਹਾੜਾਂ ਤੋਂ ਲੋਕਾਂ ਦਾ ਪਰਵਾਸ ਵੀ ਰੁਕੇਗਾ। ਮੋਦੀ ਨੇ ਕੇਦਾਰਨਾਥ ਵਿਚ ਵਿਚ ਅੱਜ ਆਦੀ ਸ਼ੰਕਰਾਚਾਰੀਆ ਦੀ ਮੁੜ ਉਸਾਰੀ ਗਈ ਸਮਾਧੀ ਦਾ ਉਦਘਾਟਨ ਕਰਨ ਤੋਂ ਬਾਅਦ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਸ਼ਵਾਸ ਨਾਲ ਜੁੜੇ ਇਨ੍ਹਾਂ ਕੇਂਦਰਾਂ ਦਾ ਮੁੜ ਵਿਕਾਸ ਦਿਖਾਉਂਦਾ ਹੈ ਕਿ ਮੁਲਕ ਆਪਣੇ ਪੁਰਾਤਨ ਸੰਤਾਂ ਤੇ ਦਾਰਸ਼ਨਿਕਾਂ ਉਤੇ ਕਿੰਨਾ ਮਾਣ ਕਰਦਾ ਹੈ। ਉਨ੍ਹਾਂ ਆਪਣੇ ਭਾਸ਼ਣ ਵਿਚ ਆਦਿ ਗੁਰੂ ਸ਼ੰਕਰਾਚਾਰੀਆ ਤੇ ਸਵਾਮੀ ਵਿਵੇਕਾਨੰਦ ਦਾ ਹਵਾਲਾ ਦਿੱਤਾ।

ਇਸ ਮੌਕੇ ਪੁਜਾਰੀ ਤੇ ਸ਼ਰਧਾਲੂ ਹਾਜ਼ਰ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਯੁੱਧਿਆ ਵਿਚ ਸ਼ਾਨਦਾਰ ਰਾਮ ਮੰਦਰ ਦੀ ਉਸਾਰੀ ਹੋ ਰਹੀ ਹੈ ਤਾਂ ਕਿ ਸਦੀਆਂ ਬਾਅਦ ਇਸ ਦੀ ਸ਼ਾਨ ਨੂੰ ਬਹਾਲ ਕੀਤਾ ਜਾ ਸਕੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਸ਼ੀ ਵਿਚ ਵਿਸ਼ਵਨਾਥ ਧਾਮ ਪ੍ਰਾਜੈਕਟ ਉਤੇ ਵੀ ਕੰਮ ਚੱਲ ਰਿਹਾ ਹੈ ਤੇ ਇਹ ਮੁਕੰਮਲ ਹੋਣ ਨੇੜੇ ਹੈ। ਪ੍ਰਧਾਨ ਮੰਤਰੀ ਨੇ ਇਸ ਮੌਕੇ ਉੱਤਰਾਖੰਡ ਵਿਚ 400 ਕਰੋੜ ਰੁਪਏ ਤੋਂ ਵੱਧ ਦੇ ਮੁੜ ਉਸਾਰੀ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਤੇ ਉਦਘਾਟਨ ਵੀ ਕੀਤੇ। ਜ਼ਿਕਰਯੋਗ ਹੈ ਕਿ ਉੱਤਰਾਖੰਡ ਵਿਚ ਕੁਝ ਹੀ ਮਹੀਨਿਆਂ ਬਾਅਦ ਚੋਣਾਂ ਹਨ। ਉਸਾਰੀ ਅਧੀਨ ਚਾਰਧਾਮ ਸੜਕ ਪ੍ਰਾਜੈਕਟ, ਰਿਸ਼ੀਕੇਸ਼-ਕਰਣਪ੍ਰਯਾਗ ਰੇਲ ਲਿੰਕ ਪ੍ਰਾਜੈਕਟ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਰਫ਼ਤਾਰ ਨਾਲ ਸੂਬੇ ’ਚ ਵਿਕਾਸ ਕਾਰਜ ਹੋ ਰਹੇ ਹਨ, ਅਗਲੇ ਦਸ ਸਾਲਾਂ ਵਿਚ ਪਿਛਲੇ 100 ਸਾਲਾਂ ਨਾਲੋਂ ਵੀ ਵੱਧ ਸ਼ਰਧਾਲੂ ਉੱਤਰਾਖੰਡ ਆਉਣਗੇ।

ਇਸ ਤੋਂ ਪਹਿਲਾਂ ਮੋਦੀ ਨੇ ਆਪਣੇ ਕੇਦਾਰਨਾਥ ਦੌਰੇ ਦੀ ਸ਼ੁਰੂਆਤ ਪੂਜਾ ਕਰ ਕੇ ਕੀਤੀ। ਮੋਦੀ ਨੇ ਕਿਹਾ ਕਿ 2013 ਵਿਚ ਬੱਦਲ ਫਟਣ ਕਾਰਨ ਆਏ ਹੜ੍ਹਾਂ ਨੇ ਕੇਦਾਰਨਾਥ ਦਾ ਬਹੁਤ ਨੁਕਸਾਨ ਕੀਤਾ ਸੀ ਪਰ ਅਸੰਭਣ ਜਾਪਣ ਦੇ ਬਾਵਜੂਦ ਚੀਜ਼ਾਂ ਮੁੜ ਉਸਾਰੀਆਂ ਗਈਆਂ ਹਨ। ਇਸ ਮੌਕੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਹਾਜ਼ਰ ਸਨ। ਪ੍ਰਧਾਨ ਮੰਤਰੀ ਨੇ ਇਸ ਮੌਕੇ ਦੱਸਿਆ ਕਿ ਇਕ ‘ਬੁੱਧਿਸਟ ਸਰਕਟ’ ਵੀ ਉਸਾਰਿਆ ਜਾ ਰਿਹਾ ਹੈ। ਬੁੱਧ ਧਰਮ ਨਾਲ ਜੁੜੀਆਂ ਇਤਿਹਾਸਕ ਥਾਵਾਂ ਨੂੰ ਸਾਰਨਾਥ ਤੇ ਕੁਸ਼ੀਨਗਰ (ਯੂਪੀ) ਤੋਂ ਲੈ ਕੇ ਬਿਹਾਰ ਦੇ ਬੋਧ ਗਯਾ ਤੱਕ ਜੋੜਿਆ ਜਾਵੇਗਾ। ਇਸ ਤੋਂ ਇਲਾਵਾ ਭਗਵਾਨ ਰਾਮ ਨਾਲ ਜੁੜੀਆਂ ਇਤਿਹਾਸਕ ਥਾਵਾਂ ਨੂੰ ਇਸੇ ਤਰ੍ਹਾਂ ਜੋੜਿਆ ਜਾਵੇਗਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਮਿਲੇ; ਨਵਜੋਤ ਸਿੱਧੂ ਨੇ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਕੀਤੀ ਅਰਦਾਸ
Next articleਜੰਮੂ ਕਸ਼ਮੀਰ ਵਿੱਚ ਦਹਿਸ਼ਤਗਰਦਾਂ ਦੀ ਤਲਾਸ਼ੀ ਮੁਹਿੰਮ ਖਾਬਲਾ ਵਣ ਖੇਤਰ ਤਕ ਵਧੀ