ਗ਼ਜ਼ਲ

ਸਲੀਮ ਨਜਮੀ

(ਸਮਾਜ ਵੀਕਲੀ)

ਨੀਲੇ, ਪੀਲ਼ੇ, ਸਾਵੇ ,ਚਿੱਟੇ , ਰੱਤੇ ਰੰਗ ਦੇ ਸੱਜਣਾਂ
ਸਾਂਭੀ ਫਿਰਨਾਂ ਅੱਜ ਵੀ ਟੋਟੇ ਤੇਰੀ ਵੰਗ ਦੇ ਸੱਜਣਾਂ

ਲੇਖਾਂ ਨਾਲ਼ ਨਾ ਸ਼ਿਕਵਾ ਕਰੀਏ ਤੇ ਫ਼ਿਰ ਦੱਸ ਕੀ ਕਰੀਏ
ਦਿਲ ਕਮਲੇ ਨੂੰ ਲੱਭੇ ਈ ਨਹੀਂ ਸੱਜਣ ਢੰਗ ਦੇ ਸੱਜਣਾਂ

ਮੈਂ ਤੱਕਿਆ ਏ ਉਹ ਵੀ ਸੌ-ਸੌ ਗੱਲਾਂ ਕਰਦੇ ਫਿਰਦੇ
ਜਿਹਨਾਂ ਘਰ ਨਹੀਂ ਹੁੰਦੇ ਇਥੇ ਦਾਣੇ ਡੰਗ ਦੇ ਸੱਜਣਾਂ

ਮੇਰੇ ਅੱਖਰ, ਮੇਰੇ ਮਿਸਰੇ ਹੀਰ ਸਲੇਟੀ ਵਰਗੇ
ਮੇਰੇ ਸ਼ੇਅਰਾਂ ਵਿੱਚ ਨੇ ਬਹੁਤੇ ਮੰਜ਼ਰ ਝੰਗ ਦੇ ਸੱਜਣਾਂ

ਬਹੁਤੇ ਅੱਜ ਕੱਲ੍ਹ ਮਤਲਬ ਤੀਕ ਯਰਾਨੇ ਰੱਖਣ ਵਾਲੇ
ਜੱਗ ਤੇ ਟਾਵੇਂ ਟਾਵੇਂ ਬੇਲੀ ਭੁੱਖ ਤੇ ਨੰਗ ਦੇ ਸੱਜਣਾਂ

ਹਰ ਇਕ ਕੰਮ ਵਿਚ ਐਵੇਂ ਈ ਨੇਂ ਟੰਗ ਅੜਾਈ ਰੱਖਦੇ
ਜਿਹੜੇ ਜਿਹੜੇ ਆਦੀ ਹੁੰਦੇ ਰੰਗ ਵਿਚ ਭੰਗ ਦੇ ਸੱਜਣਾਂ

ਓਥੇ ਨਜਮੀ ਸੁੱਖ ਕਿਸੇ ਦਾ ਕੀਹ ਕਿਸੇ ਨੂੰ ਪੁੱਛਣਾ
ਜਿੱਥੇ ਬਹੁਤੇ ਲੋਕੀਂ ਹੋਵਣ ਜ਼ੇਹਨ ਈ ਤੰਗ ਦੇ ਸੱਜਣਾ।

ਸਲੀਮ ਨਜਮੀ

(ਲਹਿੰਦਾ ਪੰਜਾਬ)

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਹਤ ਜਾਂ ਖ਼ੁਰਾਕ
Next article‘ਪੁਆਧ ਖੇਤਰ ਕੀਆਂ ਮੁਸ਼ਕਲਾਂ ਅਰ ਉਹਨਾਂ ਨੂੰ ਹੱਲ ਕਰਨੇ ਕੇ ਅਪਰਾਲ਼ੇ’