(ਸਮਾਜ ਵੀਕਲੀ)
ਸਮੁੰਦਰ ਹੈ ਮਗਰ ਫਿਰ ਵੀ ਦੋ ਬੂੰਦਾਂ ਵੀ ਨਹੀਂ ਦੇਂਦਾ।
ਮਹਾਂ ਕੰਜੂਸ ਹੈ ਉਹ ਤਾਂ ਦੁਆਵਾਂ ਵੀ ਨਹੀਂ ਦੇਂਦਾ।
ਉਹ ਸਾਨੂੰ ਯੁੱਧ ਲੜਨੇ ਦੀ ਸਿਖਾਉਂਦਾ ਹੈ ਕਲਾ ਐਪਰ,
ਲੜਨ ਨੂੰ ਆਖਦੈ ਸਾਨੂੰ ਕਟਾਰਾਂ ਵੀ ਨਹੀਂ ਦੇਂਦਾ।
ਉਹ ਸਾਡੇ ਬੱਚਿਆਂ ਹੱਥੀਂ ਫੜਾਉਣੇ ਟੋਕਰੇ ਚਾਹੁੰਦੈ,
ਸਕੂਲਾਂ ਵਿਚ ਇਸੇ ਕਰ ਕੇ ਕਿਤਾਬਾਂ ਵੀ ਨਹੀਂ ਦੇਂਦਾ।
ਬਿਠਾਇਆ ਰਾਜ ਗੱਦੀ ਤੇ ਇਹ ਕੇਹਾ ਸਰਬਰਾ ਲੋਕਾਂ,
ਕਿ ਲੋਕੀਂ ਅੰਬ ਚਾਹੁੰਦੇ ਨੇ ਉਹ ਕਿੱਕਰਾਂ ਵੀ ਨਹੀਂ ਦੇਂਦਾ।
ਹਨੇਰਾ ਖਾ ਰਿਹਾ ਜੁਗਨੂੰ, ਸਿਤਾਰੇ ਚੰਨ ਸੂਰਜ ਵੀ,
ਇਹ ਧੁੱਪਾਂ ਦਾ ਵੀ ਕਾਤਿਲ ਹੈ ਤੇ ਛਾਵਾਂ ਵੀ ਨਹੀਂ ਦੇਂਦਾ।
ਜੇ ਉਸ ਦੀ ਮਿਹਰ ਹੋ ਜਾਵੇ ਘੜੀ ਵਿੱਚ ਹੀ ਗ਼ਜ਼ਲ ਹੋਵੇ,
ਰਜ਼ਾ ਉਸ ਦੀ ਜੇ ਨਾ ਹੋਵੇ ਦੋ ਸਤਰਾਂ ਵੀ ਨਹੀਂ ਦੇਂਦਾ।
ਹਨੇਰਾ ਰਾਜ ਗੱਦੀ ਤੇ ਜਦੋਂ ਦਾ ਹੋ ਗਿਆ ਕਾਬਿਜ,
ਇਹ ਚਾਨਣ ਭਾਲ਼ਦੇ ਲੋਕਾਂ ਨੂੰ ਕਿਰਨਾਂ ਵੀ ਨਹੀਂ ਦੇਂਦਾ।
ਜਦੋਂ ਉਹ ਮੌਜ਼ ਵਿੱਚ ਹੁੰਦੈ ਖਵਾਉਂਦਾ ਬਰਫ਼ੀਆਂ ਰਾਣੇ,
ਨਹੀਂ ਤਾਂ ਮਰਜ਼ੀ ਦਾ ਮਾਲਿਕ ਉਹ ਮਿਰਚਾਂ ਵੀ ਨਹੀਂ ਦੇਂਦਾ।
ਸੋਫ਼ੀ ਪਿੰਡ,ਜਲੰਧਰ -24
ਸੰਪਰਕ 79862-07849