(ਸਮਾਜ ਵੀਕਲੀ)
ਜਦ ਵੀ ਕੋਈ ਬੁਤ ਨੂੰ ਸੀਸ ਨਿਵਾਂਦਾ ਹੈ
ਮੈਨੂੰ ਵੀ ਰੱਬ ਆਪਣਾ ਚੇਤੇ ਆਂਦਾ ਹੈ
ਕਹਿੰਦੇ ਡਾਲ ਝੁਕੀ ਨੂੰ ਫਲ ਲੱਗਦੇ ,ਐਪਰ
ਭਾਰ ਫਲਾਂ ਦਾ ਵੀ ਤਾਂ ਡਾਲ ਝੁਕਾਂਦਾ ਹੈ
ਉਮਰ ਕੁੜੀ ਦਾ ਹਾਲ ਵੇਖਿਆ ਖ਼ੂਬ ਅਸਾਂ
ਛੋਟੀ ਗੁੱਤ ਤੇ ਲੰਮਾ ਰੀਝ ਪਰਾਂਦਾ ਹੈ
ਉਸ ਖ਼ਾਤਰ ਹੈ ਮੁਸ਼ਕਿਲ ਮੰਜ਼ਿਲ ਤਕ ਪੁੱਜਣਾ
ਵੇਖ ਸਫ਼ਰ ਦਾ ਪੈਂਡਾ ਜੋ ਘਬਰਾਂਦਾ ਹੈ
ਆਇਆ ਕਠਿਨ ਸਮਾਂ ਤਾਂ ਆਪਾਂ ਵੇਖਾਂਗੇ
ਕਿਹੜਾ ਕਿਹੜਾ ਮਿੱਤਰ ਸਾਥ ਨਿਭਾਂਦਾ ਹੈ
ਜਗ ਦੇ ਖੇਡ ਤਮਾਸ਼ੇ ਅੰਦਰ ਬੰਦੇ ਨੂੰ
ਪੇਟ ਮਦਾਰੀ ਵਾਂਗੂ ਰੋਜ਼ ਨਚਾਂਦਾ ਹੈ
ਬੰਦਾ ਹੀ ਬੰਦੇ ਦਾ ਦਾਰੂ ਹੈ ਫਿਰ ਕਿਉਂ
ਬੰਦਾ ਹੀ ਬੰਦੇ ਨੂੰ ਮਾਰ ਮੁਕਾਂਦਾ ਹੈ
ਅਨੁਪਿੰਦਰ ਸਿੰਘ ਅਨੂਪ
ਪਾਣੀਪਤ
੯੮੧੩੬੪੬੬੦੮
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly