ਗ਼ਜ਼ਲ

ਜਗਜੀਤ ਕੌਰ ਢਿੱਲਵਾਂ

(ਸਮਾਜ ਵੀਕਲੀ)

ਕਲਮ ਆਪਣੀ ਚਲਾਈ ਸੀ,ਜਦੋਂ ਰਵਿਦਾਸ ਬਾਬੇ ਨੇ।
ਪਲਾਂ ਵਿੱਚ ਆਮ ਲੋਕਾਂ,ਨੂੰ ਬਣਾਇਆ ਖ਼ਾਸ ਬਾਬੇ ਨੇ।

ਵਧਾਇਆ ਮਾਣ ਕਿਰਤੀ ਦਾ,ਕਮਾਈ ਹੱਕ ਦੀ ਕਰਕੇ।
ਨਾ ਜੰਗਲ ਵਲ ਗਏ, ਨਾਹੀ ਲਿਆ ਸੰਨਿਆਸ ਬਾਬੇ ਨੇ।

ਖ਼ਰੀ ਹਰ ਤਰਕ ‘ਤੇ ਪੂਰੀ, ਉਚਾਰੀ ਆਪ ਨੇ ਬਾਣੀ।
ਜਲੰਦੇ ਜਗਤ, ‘ਚੋਂ ਦੁੱਖਾਂ ਦਾ ਕੀਤਾ ਨਾਸ ਬਾਬੇ ਨੇ।

ਚੜ੍ਹੀ ਜੋ ਗ਼ਰਦ ਜਾਤਾਂ ਦੀ, ਉਤਾਰੀ ਗਿਆਨ ਜਲ ਸਦਕਾ,
ਕਿਹਾ ਸਭ ਖ਼ੂਨ ਹੈ ਇੱਕੋ, ਤੇ ਇਕੋ ਮਾਸ ਬਾਬੇ ਨੇ।

ਅਜੇ ਵੀ ਠੱਗ ਬਨਾਰਸ ਦੇ,ਬਥੇਰੇ ਹੈਨ ਦੁਨੀਆਂ ਵਿਚ,
ਮਿਟਾਈ ਸੀ ਕਦੇ ਜਿੰਨ੍ਹਾਂ ਦੀ ਜੱਗ ‘ਚੋਂ ਰਾਸ ਬਾਬੇ ਨੇ।

ਦਿਸੇ ਕਾਸ਼ੀ ਦੇ ਜੱਗ ਵਾਂਗੂੰ,ਚੁਫ਼ੇਰੇ ਹੀ ਭਗਤ ਬੈਠਾ।
ਇਵੇਂ ਲਗਦੈ ਜਿਵੇਂ ਹਰ ਦਿਲ ‘ਚ ਕੀਤੈ ਵਾਸ ਬਾਬੇ ਨੇ।

ਬੜੀ ਜਲਦੀ ਬਣੇ ‘ਜਗਜੀਤ’,ਉਸਦੀ ਲੋੜ ਹੈ ਹੁਣ ਤਾਂ।
ਕਿ ਜਿਸ ਬੇਗ਼ਮਪੁਰੇ ਦੀ ਸੀ, ਲਗਾਈ ਆਸ ਬਾਬੇ ਨੇ।

ਜਗਜੀਤ ਕੌਰ ਢਿੱਲਵਾਂ

 

Previous articleਕਵਿਤਾ
Next articleਅਜੋਕੀ ਸੋਚ