(ਸਮਾਜ ਵੀਕਲੀ)
ਕੀ ਸੀ! ਕੀ, ਬਣ ਗਈ ਏ, ਮੇਰੀ ਇਹ, ਜ਼ਿੰਦਗਾਨੀ।
ਯਾਦਾਂ ਦੀ ਇਕ ਕਡ਼ੀ ਏ ਮੇਰੀ ਇਹ ਜ਼ਿੰਦਗਾਨੀ।
ਲਡ਼ ਲਡ਼ ਕੇ ਨਾਲ਼ ਇਸ ਦੇ ਕੀਤਾ ਖਡ਼ਾ ਸੀ ਇਸ ਨੂੰ,
ਦੁੱਖਾਂ ਦੀ ਇਕ ਲਡ਼ੀ ਏ ਮੇਰੀ ਇਹ ਜ਼ਿੰਦਗਾਨੀ।
ਵਗਦੀ ਝਨਾਬ ਵਾਂਗਰ ਜੋ ਮਾਰਦੀ ਸੀ ਠਾਠਾਂ,
ਅਜਕਲ ਖਡ਼ੀ ਨਦੀ ਏ ਮੇਰੀ ਇਹ ਜ਼ਿੰਦਗਾਨੀ।
ਅਟਕੀ ਜਿਵੇਂ ਕੋਈ ਗਿਰਿਆ ਪੱਥਰ ਪਹਾੜ ਉੱਤੋਂ,
ਸ਼ਾਲਾ! ਮਸਾਂ ਬਚੀ ਏ ਮੇਰੀ ਇਹ ਜ਼ਿੰਦਗਾਨੀ।
ਭਜਦੀ ਸੀ ਵਾਂਗ ਹਿਰਨਾਂ ਪੌਂਦੀ ਸੀ ਪੈਲਾਂ ਨਿਸ ਦਿਨ,
ਹੰਝੂ ਵਹਾ ਰਹੀ ਏ ਮੇਰੀ ਇਹ ਜ਼ਿੰਦਗਾਨੀ।
•ਕੂੰਜਾਂਵਲੀ ਤੋਂ ਲੈ ਕੇ •ਰਮਜ਼ਾਂਵਲੀ ਦੇ ਤੀਕਰ,
ਪੂਰਨ ਗ਼ਜ਼ਲ-ਮਈ ਏ ਮੇਰੀ ਇਹ ਜ਼ਿੰਦਗਾਨੀ।
ਮੋਈ ਰਵਾਨੀ ਇਸ ‘ਚੋਂ ਵੀ ਲਾਪਤਾ ਏ ਫ਼ੁਰਤੀ,
ਦਲਦਲ ਦੇ ਵਿਚ ਫਸੀ ਏ ਮੇਰੀ ਇਹ ਜ਼ਿੰਦਗਾਨੀ।
ਬਲਦੀ ਰਹੀ ਹੈ ਨਿਸ ਦਿਨ ਹੋਰਾਂ ਦੇ ਵਾਸਤੇ ਹੀ,
ਦੀਪਕ ਤਰਾਂ ਬਲ਼ੀ ਏ ਮੇਰੀ ਇਹ ਜ਼ਿੰਦਗਾਨੀ।
ਮਖ਼ਮਲ ਦੀ ਸੇਜ ਲੋੋਚੇ ਮੰਜੀ ਅਲਾਣੀ ਇਹ ਨਾ,
ਦੁੱਖਾਂ ‘ਚ ਨਿਤ ਪਲ਼ੀ ਏ ਮੇਰੀ ਇਹ ਜ਼ਿੰਦਗਾਨੀ।
ਮੋੜਾਂ ਤਾਂ ਇਹ ਨਾ ਮੁੜਦੀ ਮਨ-ਮਾਨੀਆਂ ਕਰੇ ਇਹ,
ਕਰਦੀ ਬੜੀ ਅੜੀ ਏ ਮੇਰੀ ਇਹ ਜ਼ਿੰਦਗਾਨੀ।
ਹੈ ਵਿਚ ਵਿਚਾਲੇ ਇਸਦਾ ਅਜਕਲ ਨਿਵਾਸ ਹੋਇਐ,
ਤੁਰਦੀ ਨਾ ਇਹ ਖੜੀ ਏ ਮੇਰੀ ਇਹ ਜ਼ਿੰਦਗਾਨੀ।
ਬੈਠੀ ਚਿਰਾਂ ਤੋਂ ਰੁਸ ਕੇ ਮੰਨਣ ‘ਚ ਇਹ ਨਾ ਆਵੇ,
ਖ਼ੁਦ ਨਾਲ਼ ਜਿਉਂ ਲੜੀ ਏ ਮੇਰੀ ਇਹ ਜ਼ਿੰਦਗਾਨੀ।
•ਕੋਰੋਨਿਆਂ ਨੇ ਇਸ ਨੂੰ ਦਿੱਤਾ ਹੈ ਕਰ ਨਿਕੰਮਾ,
ਦੁੱਖ ਦੀ ਅਜਬ ਘੜੀ ਏ ਮੇਰੀ ਇਹ ਜ਼ਿੰਦਗਾਨੀ।
ਪਰਮਾਤਮਾ! ਮਿਰੇ ਕਰ ਕਿਰਪਾ ‘ਅਜੀਬ’ ਉੱਤੇ,
ਚੱਲੇ ਜੋ ਅਜ ਰੁਕੀ ਏ ਮੇਰੀ ਇਹ ਜ਼ਿੰਦਗਾਨੀ।
•ਕੂੰਜਾਂਵਲੀ •ਰਮਜ਼ਾਂਵਲੀ: ਲੇਖਕ ਦੇ ਗ਼ਜ਼ਲ-ਸੰਗ੍ਰਿਹ
•ਕੋਰੋਨਿਆਂ: ਜਾਨ ਲੇਵਾ ਫ਼ਲੂ-ਵਾਇਰਿਸਿਜ਼
ਗੁਰਸ਼ਰਨ ਸਿੰਘ ਅਜੀਬ (ਲੰਡਨ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly